ਸੂਰਜ ਦੀ ਕਿਰਨ ਨਿਕਲਣ ਤੋਂ ਪਹਿਲਾਂ ਸੜਕਾਂ ’ਤੇ ਦੌੜੇ 5000 ਲੋਕ
ਅੰਮ੍ਰਿਤਸਰ, 24 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਵਲੋਂ ਸ਼ਹਿਰ ਵਾਸੀਆਂ `ਚ ਸਮਾਰਟ ਰਹਿਣ-ਸਹਿਣ, ਸਾਫ-ਸੁਥਰਾ ਵਾਤਾਵਰਣ ਅਤੇ ਤੰਦਰੁਸਤ ਜੀਵਨ ਦੀ ਜੋਤ ਜਗਾਉਣ ਦੇ ਮਕਸਦ ਨਾਲ ਕਰਵਾਈ ਗਈ ਐਲ.ਆਈ.ਸੀ ਅੰਮ੍ਰਿਤਸਰ ਮਿੰਨੀ ਮੈਰਾਥਨ ਦੇ ਮਰਦ ਵਰਗ ਵਿੱਚ ਪਹਿਲਾ ਸਥਾਨ ਵਿਸ਼ਨੂੰ ਵੀਰ ਸਿੰਘ ਕਪੂਰਥਲਾ, ਦੂਜਾ ਸਥਾਨ ਜਤਿੰਦਰ ਸਿੰਘ ਤੇ ਤੀਸਰਾ ਸਥਾਨ ਧਰੁਪਧ ਕੁਮਾਰ ਨੇ ਪ੍ਰਾਪਤ ਕੀਤਾ। ਮਹਿਲਾ ਵਰਗ ਵਿਚ ਪਹਿਲਾ ਸਥਾਨ ਸੀਮਾ ਦੇਵੀ, ਦੂਸਰਾ ਸਥਾਨ ਜੋਤੀ ਅਤੇ ਤੀਸਰਾ ਸਥਾਨ ਅਮਨਦੀਪ ਕੌਰ ਨੇ ਜਿੱਤਿਆ।ਦੋਵਾਂ ਵਰਗਾਂ ਦੇ ਜੇਤੂਆਂ ਨੂੰ ਕ੍ਰਮਵਾਰ 11000, 5100 ਅਤੇ 3100 ਰੁਪਏ ਇਨਾਮ ਵਜੋਂ ਦਿੱਤੇ ਗਏ।ਸਵੇਰੇ ਦੁਸਿਹਰਾ ਗਰਾਊਂਡ ਵਿਚ ਮੈਰਾਥਨ ਦੀ ਸ਼ੁਰੂਆਤ ਮੌਕੇ ਕਰੀਬ ਸਾਢੇ 6.00 ਵਜੇ ਲੋਕਾਂ ਦਾ ਵੱਡਾ ਇਕੱਠ ਮੈਰਾਥਨ ਦੌੜ ਵਿਚ ਭਾਗ ਲੈਣ ਲਈ ਪੁੱਜਾ, ਜਿਸ ਵਿਚ ਸਮਾਜ ਦੇ ਹਰੇਕ ਵਰਗ ਦੇ ਲੋਕ ਸ਼ਾਮਿਲ ਸਨ ਅਤੇ ਐਥਲੀਟ ਤਾਂ ਪੰਜਾਬ ਭਰ ਵਿਚੋਂ ਪੁੱਜੇ ਹੋਏ ਸਨ।ਮੈਰਾਥਨ ਦੇ ਨੋਡਲ ਅਧਿਕਾਰੀ ਰਾਜੀਵ ਸੇਖੜੀ ਨੇ ਦੱਸਿਆ ਕਿ ਕਰੀਬ 5000 ਲੋਕਾਂ ਨੇ ਇਸ ਦੌੜ ਵਿਚ ਹਿੱਸਾ ਲਿਆ।
ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਦਾ ਸੱਦਾ ਦਿੰਦੇ ਕਿਹਾ ਕਿ ਜੇਕਰ ਅਸੀਂ ਆਪਣੇ ਘਰ, ਦਫਤਰਾਂ ਤੇ ਦੁਕਾਨਾਂ ਦਾ ਆਲਾ-ਦੁਆਲਾ ਖ਼ੁਦ ਸਾਫ ਨਹੀਂ ਰੱਖ ਸਕਦੇ ਤਾਂ ਸਰਕਾਰ ਤੋਂ ਆਸ ਰੱਖਣੀ ਵਿਅਰਥ ਹੈ।ਉਨਾਂ ਕਿਹਾ ਕਿ ਜੇਕਰ ਅਸੀਂ ਆਪਣਾ ਸ਼ਹਿਰ ਸਾਫ-ਸੁਥਰਾ ਰੱਖਣਾ ਹੈ ਤਾਂ ਸਾਨੂੰ ਸਾਰਿਆਂ ਨੂੰ ਸਫਾਈ ਦੇ ਪੱਖ ਤੋਂ ਸੁਚੇਤ ਹੋਣ ਦੀ ਵੱਡੀ ਲੋੜ ਹੈ।ਕੂੜਾ ਸੜਕਾਂ ’ਤੇ ਨਾ ਸੁੱਟ ਕੇ ਲੱਗੇ ਹੋਏ ਡਸਬਿਨ ਵਿਚ ਪਾ ਕੇ ਸਭ ਵੱਡੀ ਮਦਦ ਕਰ ਸਕਦੇ ਹਨ।ਵਿਧਾਇਕ ਸੁਨੀਲ ਦੱਤੀ ਨੇ ਸਮਾਰਟ ਸਿਟੀ ਵੱਲੋਂ ਕੀਤੇ ਇਸ ਉਦਮ ਦੀ ਸਰਾਹਨਾ ਕਰਦੇ ਕਿਹਾ ਕਿ ਲੋਕਾਂ ਵਿਚ ਸਾਫ-ਸੁਥਰਾ ਵਾਤਾਵਰਣ ਤੇ ਤੰਦਰੁਸਤ ਜੀਵਨ ਨੂੰ ਜਾਗਰੂਕ ਕਰਨ ਲਈ ਇਹ ਬਹੁਤ ਚੰਗਾ ਕੰਮ ਹੈ।ਉਨਾਂ ਇਸ ਲਈ ਸਮਾਰਟ ਸਿਟੀ ਦੇ ਅਧਿਕਾਰੀਆਂ ਤੇ ਜਿਲ੍ਹਾ ਪ੍ਰਸ਼ਾਸਨ ਦੀ ਤਾਰੀਫ ਕਰਦੇ ਕਿਹਾ ਕਿ ਲੋਕਾਂ ਵੱਲੋਂ ਇਸ ਨੂੰ ਮਿਲਿਆ ਹੁੰਗਾਰਾ ਦੱਸਦਾ ਹੈ ਕਿ ਉਹ ਆਪਣਾ ਸੱਦਾ ਲੋਕਾਂ ਤੱਕ ਪਹੁੰਚਾਉਣ ਵਿਚ ਕਾਮਯਾਬ ਹੋਏ ਹਾਂ।
ਮੈਰਾਥਨ ਵਿਚ ਵਿਸ਼ੇਸ਼ ਲੋੜਾਂ ਲਈ ਚਲਾਏ ਜਾ ਰਹੇ ‘ਪਹਿਲ’ ਸਕੂਲ ਦੇ ਬੱਚਿਆਂ ਨੇ ਵੀ ਭਾਗ ਲਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਮਾਰਟ ਸਿਟੀ ਦੇ ਸੀ.ਈ.ਓ ਸ੍ਰੀਮਤੀ ਕੋਮਲ ਮਿੱਤਲ, ਮੈਰਾਥਨ ਦੇ ਬਰਾਂਡ ਅੰਬੈਸਡਰ ਸੇਵਾ ਮੁਕਤ ਬ੍ਰਿਗੇਡੀਅਰ ਹਰਚਰਨ ਸਿੰਘ, ਜੀਵਨ ਬੀਮਾ ਨਿਗਮ ਦੇ ਸੀਨੀਅਰ ਡਵੀਜਨਲ ਮੈਨੇਜਰ ਹਰਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਰਵਾਲ, ਐਸ.ਡੀ.ਐਮ ਸ੍ਰੀਮਤੀ ਪਲਵੀ ਚੌਧਰੀ, ਸ਼ਿਵਰਾਜ ਸਿੰਘ ਬੱਲ ਤੇ ਵਿਕਾਸ ਹੀਰਾ, ਨਿਤੀਸ਼ ਸਿੰਗਲਾ ਜੁਇੰਟ ਕਮਿਸ਼ਨਰ, ਸੌਰਵ ਅਰੋੜਾ ਐਸ.ਡੀ.ਐਮ ਧਾਰ ਕਲਾਂ, ਏ.ਡੀ.ਸੀ.ਪੀ ਸ਼ਿਵਤਾਜ ਸਿੰਘ, ਐਸ.ਪੀ ਤਰਨਤਾਰਨ ਗੌਰਵ ਤੂਰਾ, ਡਿਪਟੀ ਜਿਲ੍ਹਾ ਸਿੱਖਿਆ ਅਧਿਕਾਰੀ ਰਾਜੇਸ਼ ਕੁਮਾਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …