Friday, November 22, 2024

ਮਨਪ੍ਰੀਤ ਬਾਦਲ ਦੀ ਕੋਠੀ ਦਾ ਘਿਰਾਓ ਕਰਨ ਜਾਂਦੇ ਬੇਰੁਜ਼ਗਾਰ ਬੀ.ਐਡ ਅਧਿਆਪਕ ਰੋਕੇ

ਬਠਿੰਡਾ, 3 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਬੀ.ਐਡ ਅਧਿਆਪਕ ਯੂਨੀਅਨ, ਪੰਜਾਬ ਵਲੋਂ PUNJ0303201902ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਕੋਠੀ ਦੇ ਨਜ਼ਦੀਕ ਜ਼ੋਰਦਾਰ ਰੋਸ-ਮੁਜ਼ਾਹਰਾ ਕੀਤਾ ਗਿਆ।ਬੇਰੁਜ਼ਗਾਰ ਅਧਿਆਪਕਾਂ ਦਾ ਚਿਲਡਰਨ ਪਾਰਕ ਤੋਂ ਸ਼ੁਰੂ ਹੋਇਆ ਰੋਸ ਮਾਰਚ ਸ਼ਹਿਰ ਦੇ ਵੱਖ-ਵੱਖ ਚੌਕਾਂ ‘ਚ ਪੰਜਾਬ ਸਰਕਾਰ ਖ਼ਿਲਾਫ਼ ਪਿੱਟ-ਸਿਆਪਾ ਕਰਨ ਬਾਅਦ ਜਦੋਂ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਕੋਠੀ ਵੱਲ ਘਿਰਾਓ ਲਈ ਵਧਿਆ ਤਾਂ ਰਸਤੇ ‘ਚ ਹੀ ਪੁਲਿਸ ਵਲੋਂ ਰੋਕ ਲਿਆ ਗਿਆ।ਬੇਰੁਜ਼ਗਾਰ ਅਧਿਆਪਕਾਂ ਨੇ ਉਥੇ ਹੀ ਧਰਨਾ ਸ਼ੁਰੂ ਕਰ ਲਿਆ।ਦੋ ਘੰਟੇ ਦੇ ਕਰੀਬ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।ਹਾਲਾਂਕਿ ਪ੍ਰਸ਼ਾਸਨ ਨੇ ਯੂਨੀਅਨ ਆਗੂਆਂ ਦੀ ਮੀਟਿੰਗ ਸਿੱਖਿਆ ਮੰਤਰੀ ਨਾਲ ਕਰਵਾਉਣ ਦੀ ਗੱਲ ਵੀ ਕੀਤੀ, ਪਰ ਬੇਰੁਜ਼ਗਾਰ ਅਧਿਆਪਕਾਂ ਨੇ ਕਿਹਾ ਕਿ ਉਹ ਦੋ ਮੀਟਿੰਗਾਂ `ਚ ਸਿੱਖਿਆ ਮੰਤਰੀ ਦੇ ਵਤੀਰੇ ਨੂੰ ਦੇਖ ਚੁੱਕੇ ਹਨ, ਜਿਸ ਕਰਕੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਬਿਨ੍ਹਾਂ ਹੋਰ ਕਿਸੇ ਵੀ ਮੰਤਰੀ ਨਾਲ ਮੀਟਿੰਗ ਨਹੀਂ ਕਰਨਗੇ।
ਇਸ ਦੌਰਾਨ ਪੰਜਾਬ ਸਰਕਾਰ ਦਾ ਪੁਤਲਾ ਫੂਕਣ ਉਪਰੰਤ ਮੌਕੇ ‘ਤੇ ਪਹੁੰਚੇ ਨਾਇਬ ਤਹਿਸੀਲਦਾਰ ਵਲੋਂ ਮੰਗ ਪੱਤਰ ਹਾਸਲ ਕਰਨ ਤੋਂ ਬਾਅਦ ਧਰਨਾ ਚੁੱਕਿਆ ਗਿਆ।ਰੋਸ ਮੁਜ਼ਾਹਰੇ ਦੌਰਾਨ ਟੈਟ ਪਾਸ ਬੇਰੁਜ਼ਗਾਰ ਬੀ.ਐਡ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰੀ ਸਕੂਲਾਂ ‘ਚ ਹਜ਼ਾਰਾਂ ਅਸਾਮੀਆਂ ਖਾਲੀ ਹਨ, ਦੂਜੇ ਪਾਸੇ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਰੁਜ਼ਗਾਰ ਲਈ ਸੰਘਰਸ਼ ਦੇ ਰਾਹ ਹਨ।ਪੰਜਾਬ ਸਰਕਾਰ ਨੇ ਚੋਣ ਵਾਅਦਿਆਂ ਦੌਰਾਨ ਸਰਕਾਰੀ ਸਕੂਲ ਪ੍ਰਬੰਧ ਨੂੰ ਉਚਾ ਚੁੱਕਣ ਅਤੇ ਹਰ ਨੌਜ਼ਵਾਨ ਨੂੰ ਰੁਜ਼ਗਾਰ ਦੇਣ ਦੀ ਗੱਲ ਕੀਤੀ ਸੀ, ਪਰ ਸੱਤਾ ‘ਚ ਆਉਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਵਾਅਦਿਆਂ ਤੋਂ ਭੱਜ ਰਹੇ ਹਨ।। ਉਨ੍ਹਾਂ ਕਿਹਾ ਕਿ ਦੋ ਵਾਰ ਮੀਟਿੰਗਾਂ ਕਰਨ ਦੇ ਬਾਵਜੂਦ ਸਿੱਖਿਆ ਮੰਤਰੀ ਓ.ਪੀ ਸੋਨੀ ਨੇ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਕੋਈ ਸੰਜ਼ੀਦਗੀ ਨਹੀਂ ਦਿਖਾਈ, ਜਿਸ ਕਰਕੇ ਬੇਰੁਜ਼ਗਾਰ ਅਧਿਆਪਕਾਂ ‘ਚ ਰੋਸ ਭਰਿਆ ਹੋਇਆ ਹੈ।ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ-2017 ਵੇਲ਼ੇ ਕਾਂਗਰਸ ਪਾਰਟੀ ਵਲੋਂ ਚੋਣ ਮੈਨੀਫੈਸਟੋ ਰਾਹੀਂ ਨੌਜਵਾਨਾਂ ਨੂੰ ਨੌਕਰੀ ਮਿਲਣ ਤੱਕ ਲੱਗਣ ਵਾਲੇ ਸਮੇਂ ਦੌਰਾਨ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਦੇ ਐਲਾਨ ਕੀਤੇ ਗਏ ਸਨ, ਪਰ ਕਾਂਗਰਸ ਹਕੂਮਤ ਦੇ ਪਿਛਲੇ ਲਗਭਗ ਦੋ ਸਾਲਾਂ ਦੇ ਅਮਲ ਨਾਲ ਹੋਰ ਵਾਅਦਿਆਂ ਦੀ ਤਰ੍ਹਾਂ ਇਸ ਵਾਅਦੇ ਦੀ ਵੀ ਬਿੱਲੀ ਥੈਲਿਓਂ ਬਾਹਰ ਆ ਗਈ ਹੈ।
ਸੂਬਾ ਪ੍ਰੈਸ ਸਕੱਤਰ ਰਣਦੀਪ ਸੰਗਤਪੁਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਸਮਾਜ ਦਾ ਗਤੀਸ਼ੀਲ ਹਿੱਸਾ ਹੁੰਦੇ ਹਨ, ਸਮਾਜ ਦੀ ਤਰੱਕੀ ਨੌਜਵਾਨ ਸ਼ਕਤੀ ‘ਤੇ ਨਿਰਭਰ ਕਰਦੀ ਹੈ, ਪ੍ਰੰਤੂ ਪੰਜਾਬ ਦੀ ਨੌਜਵਾਨ ਪੀੜ੍ਹੀ ਦਾ ਵੱਡਾ ਹਿੱਸਾ ਬੇਰੁਜ਼ਗਾਰੀ ਦਾ ਸ਼ਿਕਾਰ ਹੈ ਜਾਂ ਫਿਰ ਵਿਦੇਸ਼ਾਂ ‘ਚ ਜਾ ਰਿਹਾ ਹੈ।ਸਰਕਾਰ ਦਾ ਫਰਜ਼ ਬਣਦਾ ਹੈ ਕਿ ਯੋਗਤਾ ਮੁਤਾਬਿਕ ਹਰ ਨੌਜਵਾਨ ਨੂੰ ਰੁਜ਼ਗਾਰ ਮੁਹੱਈਆ ਕਰਵਾਏ।ਸਰਕਾਰ ਦੀਆਂ ਸਿੱਖਿਆ ਦੇ ਵਪਾਰੀਕਰਨ ਦੀਆਂ ਨੀਤੀਆਂ ਦੀ ਬਦੌਲਤ ਅੱਜ ਪੰਜਾਬ ‘ਚ ਬੇਰੁਜ਼ਗਾਰ ਨੌਜਵਾਨਾਂ ਦੀ ਗਿਣਤੀ ਅਮਰਵੇਲ੍ਹ ਦੀ ਤਰ੍ਹਾਂ ਵਧਦੀ ਹੀ ਜਾ ਰਹੀ।ਸੂਬਾ ਜਨਰਲ ਸਕੱਤਰ ਗੁਰਜੀਤ ਕੌਰ ਖੇੜੀ ਨੇ ਕਿਹਾ ਕਿ ਪੰਜਾਬ ਸਰਕਾਰ ਰੈਸ਼ਨੇਲਾਈਜੇਸ਼ਨ ਰਾਹੀਂਂ ਅਧਿਆਪਕਾਂ ਦੀਆਂ ਅਸਾਮੀਆਂ ਖਤਮ ਕਰਨ ਦੇ ਰਾਹ ਪਈ ਹੋਈ ਹੈ, ਪਰ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਪੰਜਾਬ ਸਰਕਾਰ ਦੇ ਸਰਕਾਰੀ ਸਕੂਲ ਪ੍ਰਬੰਧ ਨੂੰ ਖਤਮ ਕਰਨ ਲਈ ਹਰ ਦਿਨ ਲਏ ਜਾ ਰਹੇ ਸਿੱਖਿਆ ਵਿਰੋਧੀ ਫੈਸਲਿਆਂ ਦਾ ਡਟਵਾਂ ਵਿਰੋਧ ਕਰਨ ਲਈ ਪੰਜਾਬ ਦੀਆਂ ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦੇ ਸਹਿਯੋਗ ਨਾਲ਼ ‘ਸਿੱਖਿਆ ਬਚਾਓ ਲਹਿਰ’ ਖੜ੍ਹੀ ਕੀਤੀ ਜਾਵੇਗੀ।
 ਇਸ ਮੌਕੇ ਸੂਬਾ ਕਮੇਟੀ ਮੈਂਬਰ ਸੰਦੀਪ ਗਿੱਲ, ਅਮਨ ਸੇਖ਼ਾ, ਗੁਰਪ੍ਰੀਤ ਸਰਾਂ, ਨਵਜੀਵਨ ਸਿੰਘ, ਗੁਰਜੀਤ ਨਾਭਾ, ਅਮਨਦੀਪ ਬਾਵਾ, ਬਲਕਾਰ ਮਘਾਣੀਆਂ, ਬਲਕਾਰ, ਸੁਖਦੀਪ ਬਠਿੰਡਾ, ਯੁੱਧਜੀਤ ਸਿੰਘ, ਰਮਨ ਕੰਬੋਜ਼ ਅਤੇ ਗੁਰਪ੍ਰੀਤ ਬਠਿੰਡਾ, ਵਿਸ਼ਾਲ ਬਾਂਸਲ, ਨਰਿੰਦਰ ਕੁਮਾਰ, ਜਗਜੀਤ ਜੋਧਪੁਰ, ਰਣਜੀਤ ਕੋਟੜਾ, ਗੁਰਪ੍ਰੀਤ ਖੇੜੀ ਸਮੇਤ ਵੱਡੀ ਗਿਣਤੀ ‘ਚ ਬੇਰੁਜ਼ਗਾਰ ਅਧਿਆਪਕ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply