Saturday, April 26, 2025

8ਵਾਂ ਅੰਮ੍ਰਿਤਸਰ ਸਾਹਿਤ ਉਤਸਵ 1 ਤੋ 3 ਫਰਵਰੀ ਤੱਕ ਵਰਿੰਦਰਪਾਲ ਸਿੰਘ

ਪੰਜਾਬ ਦੇ ਸਮਕਾਲੀ ਚਿੰਤਨ, ਸਾਹਿਤ, ਸੰਗੀਤ ਤੇ ਸਿਨੇਮਾ ਦੇ ਮੌਜ਼ੂਦਾ ਰੁਝਾਨਾਂ ਬਾਰੇ ਹੋਵੇਗੀ ਚਰਚਾ
ਅੰਮ੍ਰਿਤਸਰ, 29 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਮਨੁੱਖੀ ਜੀਵਨ ਦੀ ਆਦਰਸ਼ਤਾ ਚਿੰਤਨ ਅਤੇ ਕਲਾ ਨਾਲ ਸੰਬੰਧਤਾ ਕਾਇਮ ਕਰਕੇ ਸੰਭਾਵਿਤ ਹੁੰਦੀ ਹੈ।ਮੋਜ਼ੂਦਾ ਸਮੇਂ ਵਿੱਚ ਅਕਾਦਮਿਕ ਅਭਿਅਸ, ਸਾਹਿਤ, ਸੰਗੀਤ ਅਤੇ ਸਿਨੇਮਾ ਰਾਹੀਂ ਹੀ ਆਦਰਸ਼ਤਾ ਹੁੰਦੀ ਹੈ।ਇੱਕ ਫਰਵਰੀ ਤੋਂ ਸ਼ੁਰੂ ਹੋ ਰਹੇ 8ਵੇਂ ਅੰਮ੍ਰਿਤਸਰ ਸਾਹਿਤ ਉਤਸਵ ਮਨੁੱਖੀ ਜੀਵਨ ਨੂੰ ਆਕਾਰ ਦੇਣ ਵਾਲੇ ਅਜਿਹੇ ਪਹਿਲੂਆਂ ‘ਤੇ ਕੇਂਦਰਿਤ ਹੋਵੇਗਾ।ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਅੰਮ੍ਰਿਤਸਰ ਸਾਹਿਤ ਉਤਸਵ ਇਸ ਵਾਰ ਮਿਤੀ 1, 2 ਅਤੇ 3 ਫਰਵਰੀ ਨੂੰ ਖ਼ਾਲਸਾ ਕਾਲਜ ਫਾਰ ਵਿਮਨ ਅੰਮ੍ਰਿਤਸਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।ਜਿਸ ਵਿੱਚ ਪੰਜਾਬੀ ਸਾਹਿਤ ਅਤੇ ਚਿੰਤਨ ਦੇ ਖੇਤਰਾਂ ਵਿਚ ਕਾਰਜਸ਼ੀਲ ਸਿੱਖਿਆ ਸਾਸ਼ਤਰੀ, ਵਿਦਵਾਨ, ਅਧਿਆਪਕ, ਖੋਜਾਰਥੀ ਅਤੇ ਵਿਦਿਆਰਥੀ ਦੇਸ਼ ਦੀਆਂ ਵੱਖ-ਵੱਖ ਅਕਾਦਮਿਕ ਸੰਸਥਾਵਾਂ ਤੋਂ ਸ਼ਾਮਿਲ ਹੋ ਰਹੇ ਹਨ।ਇਸ ਉਤਸਵ ਦੀ ਖਾਸੀਅਤ ਇਹ ਹੈ ਕਿ ਤੀਜੇ ਦਿਨ ਕਰਵਾਏ ਜਾਂਦੇ ਚੜ੍ਹਿਆ ਬਸੰਤ ਕਵੀ ਦਰਬਾਰ ਵਿਚ ਪੰਜਾਬੀ ਭਾਸ਼ਾ ਦੀਆਂ ਉਪ-ਬੋਲੀਆਂ ਪੁਣਛੀ, ਡੋਗਰੀ, ਗੋਜਰੀ, ਬਾਂਗਰੂ ਆਦਿ ਨਾਲ ਸੰਬੰਧਤ ਕਵੀ ਵੀ ਸ਼ਿਰਕਤ ਕਰਦੇ ਹਨ। ਪੰਜਾਬ ਦੀਆਂ ਇਹਨਾਂ ਉਪਭਾਸ਼ਾਵਾਂ ਦੇ ਆਪਣੇ ਲੋਕਧਾਰਾਈ ਮੁਹਾਜ ਦਾ ਕਾਵਿਕ ਰੰਗਣ ਵਿੱਚ ਸ਼ਿਰਕਤ ਹੋਣਾ ਪੰਜਾਬੀ ਭਾਸ਼ਾ ਦੀ ਸਮੱਗਰਤਾ ਨੂੰ ਅਨੁਭਵ ਕਰਨ ਦੀ ਦਿਸ਼ਾ ਵਿੱਚ ਉਲੀਕਿਆ ਕਦਮ ਹੈ।
ਨਾਦ ਪ੍ਰਗਾਸੁ ਸ਼੍ਰੀ ਅੰਮ੍ਰਿਤਸਰ ਦੇ ਸਕੱਤਰ ਵਰਿੰਦਰਪਾਲ ਸਿੰਘ ਨੇ ਕਿਹਾ ਕਿ ਇਸ ਉਤਸਵ ਵਿੱਚ ਅਕਾਦਮਿਕ ਚਿੰਤਨ ਦੇ ਨਾਲ ਹੀ ਲਲਿਤ ਅਤੇ ਕੋਮਲ ਕਲਾਵਾਂ ਨਾਲ ਸੰਬੰਧਤ ਵਿਭਿੰਨ ਸਮਾਰੋਹ ਆਯੋਜਿਤ ਕੀਤੇ ਜਾਣਗੇ ਜਿਸ ਵਿਚ ਸੈਮੀਨਾਰ, ਸੰਵਾਦ, ਬਸੰਤ ਰਾਗ ਵਾਦਨ, ਗਾਇਨ, ਅਤੇ ‘ਚੜ੍ਹਿਆ ਬਸੰਤ’ ਕਵੀ ਦਰਬਾਰ ਤੋਂ ਇਲਾਵਾ ਚਿਤਰਕਲਾ, ਅੱਖਰਕਾਰੀ, ਲੱਕੜ੍ਹ ਕਾਰਾਗਰੀ, ਰਵਾਇਤੀ ਸਾਜ਼ਾਂ ਅਤੇ ਪੁਸਤਕ ਪ੍ਰਦਰਸ਼ਨੀਆਂ ਵੀ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਅੱਠਵੇਂ ਅੰਮ੍ਰਿਤਸਰ ਸਾਹਿਤ ਉਤਸਵ ਦੇ ਉਦਘਾਟਨੀ ਸ਼ੈਸ਼ਨ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰਸਿਧ ਸਾਹਿਤ ਚਿੰਤਕ ਅਤੇ ਲੇਖਕ ਪ੍ਰੋ. ਈਸ਼ਵਰ ਦਿਆਲ ਗੌੜ ਮੁੱਖ ਭਾਸ਼ਣ ਕਰਤਾ ਅਤੇ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਦੇ ਚਾਂਸਲਰ ਡਾ. ਜਗਬੀਰ ਸਿੰਘ ਪ੍ਰਧਾਨ ਵਜੋਂ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਸਾਹਿਤ ਉਤਸਵ ਦੇ ਪਹਿਲੇ ਦਿਨ ਦੋ ਅਕਾਦਮਿਕ ਸੈਮੀਨਾਰ ਆਯੋਜਿਤ ਕੀਤਾ ਜਾਣਗੇ ਜਿਹਨਾਂ ਦਾ ਵਿਸ਼ਾ ਅਕਾਦਮਿਕ ਖੋਜ, ਸਮਕਾਲੀ ਪੰਜਾਬੀ ਸੰਗੀਤ ਨਾਲ ਸੰਬੰਧਤ ਹੈ, ਜਿਹਨਾਂ ਵਿੱਚ ਪ੍ਰਸਿਧ ਸਾਹਿਤ ਆਲੋਚਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰੋ. ਰਾਜੇਸ਼ ਸ਼ਰਮਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰੋ. ਗੁਰਪਾਲ ਸਿੰਘ ਸੰਧੂ, ਪ੍ਰਸਿੱਧ ਆਲੋਚਕ ਅਮਰਜੀਤ ਸਿੰਘ ਗਰੇਵਾਲ ਤੇ ਤਸਕੀਨ ਅਤੇ ਪ੍ਰਸਿਧ ਪੰਜਾਬੀ ਸੂਫ਼ੀ ਗਾਇਕ ਰੱਬੀ ਸ਼ੇਰਗਿਲ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ।
ਸਾਹਿਤ ਉਤਸਵ ਦੌਰਾਨ ਸਜਾਈਆਂ ਗਈਆਂ ਚਿਤਰਕਲਾ, ਲੱਕੜਕਾਰੀ, ਪੁਰਾਤਨ ਸਾਜ਼ ਅਤੇ ਪੁਸਤਕ ਪ੍ਰਦਰਸ਼ਨੀਆਂ ਦਾ ਵਿਦਿਆਰਥੀਆਂ/ਖੋਜਾਰਥੀਆਂ ਅਤੇ ਸ਼ਹਿਰ ਨਿਵਾਸੀਆਂ ਭਰਪੂਰ ਆਨੰਦ ਲੈ ਸਕਣਗੇ।ਸੰਸਥਾ ਨਾਦ ਪ੍ਰਗਾਸੁ ਵੱਲੋਂ ਸਾਹਿਤ ਅਤੇ ਚਿੰਤਨ ਦੇ ਖੇਤਰ ਵਿੱਚ ਹਰ ਸਾਲ ਦਿਤਾ ਜਾਂਦਾ ‘ਨਾਦ ਪ੍ਰਗਾਸੁ ਸ਼ਬਦ ਸਨਮਾਨ’ ਇਸ ਵਰ੍ਹੇ ਪ੍ਰਸਿੱਧ ਪੰਜਾਬੀ ਕਵੀ ‘ਭੁਪਿੰਦਰਪ੍ਰੀਤ’ ਨੂੰ ਪ੍ਰਦਾਨ ਕੀਤਾ ਜਾਵੇਗਾ।
ਉਨ੍ਹਾਂ ਸ਼ਹਿਰ ਨਿਵਾਸੀਆਂ ਅਤੇ ਚਿੰਤਨ ਕਲਾ ਨਾਲ ਜੁੜੀਆਂ ਸਖਸ਼ੀਅਤਾਂ ਨੂੰ ਇਸ ਸ਼ਿਰਕਤ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਹੈ।

Check Also

ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ

ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …