Tuesday, July 2, 2024

ਅਮਰੀਕਨ ਅਧਿਆਪਕਾਂ ਲਈ ਪੰਜਾਬੀ ਭਾਸ਼ਾ ਤੇ ਸਭਿਆਚਾਰ ਦੇ ਕੋਰਸ ਦਾ ਵਿਦਾਇਗੀ ਸਮਾਰੋਹ

PPN2707201509

ਅੰਮ੍ਰਿਤਸਰ, 27 ਜੁਲਾਈ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵਿਚ 4 ਜੁਲਾਈ 2015 ਤੋਂ ਅਮਰੀਕਾ ਤੋਂ ਆਏ ਹੋਏ ਨਿਊਯਾਰਕ ਪ੍ਰਾਂਤ ਦੇ 13 ਅਧਿਆਪਕਾਂ ਦੇ ਵਫਦ ਦੀ ਪੰਜਾਬੀ ਭਾਸ਼ਾ ਤੇ ਸਭਿਆਚਾਰ ਬਾਰੇ ਤਿੰਨ ਹਫ਼ਤਿਆਂ ਦੀ ਟਰੇਨਿੰਗ ਸਮਾਪਤ ਹੋਣ ਤੇ ਨਿੱਘੀ ਵਿਦਾਇਗੀ ਪਾਰਟੀ ਦਾ ਆਯੋਜਨ ਯੂਨੀਵਰਸਿਟੀ ਦੇ ਮੇਨ ਗੈਸਟ ਹਾਊਸ ਵਿਚ ਕੀਤਾ ਗਿਆ।
ਵਾਈਸ ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਸਾਰੇ ਡੈਲੀਗੇਟਸ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਪ੍ਰਦਾਨ ਕੀਤੇ। ਉਹਨਾਂ ਨੇ ਆਪਣੇ ਪ੍ਰਧਾਨਗੀ ਸ਼ਬਦਾਂ ਵਿਚ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ, ਉਦੇਸ਼ ਅਤੇ ਮਿਆਰੀ ਸਿੱਖਿਆ ਬਾਰੇ ਚਾਨਣਾ ਪਾਇਆ ਅਤੇ ਅਜੋਕੇ ਸਮੇਂ ਵਿਸ਼ਵ ਵਿਚ ਜਾਤੀਵਾਦ, ਸੰਪਰਦਾਇਕਤਾ, ਅਤੇ ਹਿੰਸਾ ਬਾਰੇ ਚਿੰਤਾ ਜ਼ਾਹਿਰ ਕੀਤੀ ਅਤੇ ਕਿਹਾ ਕਿ ਸਾਨੂੰ ਸਭ ਨੂੰ ਮਿਲ ਕੇ ਇਨ੍ਹਾਂ ਸਮਸਿਆਵਾਂ ਤੋਂ ਮੁਕਤ ਸਮਾਜ ਦੀ ਸਿਰਜਣਾ ਕਰਨੀ ਚਾਹੀਦੀ ਹੈ। ਉਹਨਾਂ ਨੇ ਫੁਲਬਰਾਈਟ ਫਾਊਂਡੇਸ਼ਨ ਅਤੇ ਸੇਂਟ ਜੌਹਨ ਯੂਨੀਵਰਸਿਟੀ ਦੁਆਰਾ ਦਿੱਤੇ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ਵਫਦ ਨੂੰ ਦੁਬਾਰਾ ਆਉਣ ਦੀ ਪੇਸ਼ਕਸ਼ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਭਵਿੱਖ ਵਿਚ ਅਜਿਹੇ ਉਪਰਾਲਿਆਂ ਨੂੰ ਭਰਪੂਰ ਹੁੰਗਾਰਾ ਦੇਵੇਗੀ।
ਇਸ ਸਮਾਗਮ ਵਿਚ ਖ਼ਾਸ ਗੱਲ ਇਹ ਸੀ ਕਿ ਹਰੇਕ ਵਿਦੇਸ਼ੀ ਅਧਿਆਪਕ ਨੇ ਆਪਣੀ ਜਾਣ-ਪਛਾਣ ਪੰਜਾਬੀ ਬੋਲ ਕੇ ਕਰਵਾਈ ਅਤੇ ਆਪਣੇ ਅਨੁਭਵ ਨੂੰ ਪੰਜਾਬੀ ਭਾਸ਼ਾ ਵਿਚ ਬਿਆਨ ਕੀਤਾ। ਡਾ. ਰਾਣੀ ਚੌਧਰੀ, ਜੋ ਯੂਨੀਵਰਸਿਟੀ ਅਤੇ ਵਫ਼ਦ ਦੇ ਵਿਚਕਾਰ ਇਕ ਵਿਚੋਲੇ ਦੇ ਵਜੋਂ ਅਗਰਸਰ ਸਨ, ਨੇ ਪੰਜਾਬ ਪ੍ਰਤੀ ਆਪਣਾ ਮੋਹ ਅਤੇ ਵਫ਼ਦ ਨੂੰ ਇਥੇ ਲੈ ਕੇ ਆਉਣ ਬਾਰੇ ਪਿੱਠ-ਭੂਮੀ ਅਤੇ ਤਜ਼ਰਬੇ ਸਾਂਝੇ ਕੀਤੇ।
ਇਸ ਤੋਂ ਪਹਿਲਾਂ ਪ੍ਰੋਗਰਾਮ ਦੇ ਕੋਆਰਡੀਨੇਟਰ, ਪ੍ਰੋਫੇੈਸਰ ਬਲਵੰਤ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਨੂੰ ਜੀ ਆਇਆਂ ਆਖਦਿਆਂ ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ। ਕੇਂਦਰ ਦੇ ਡਾਇਰੈਕਟਰ ਪ੍ਰੋ. ਗੁਲਜ਼ਾਰ ਸਿੰਘ ਕੰਗ ਨੇ ਇਸ ਪ੍ਰੋਗਰਾਮ ਵਿਚ ਆਯੋਜਨ ਅਤੇ ਸ਼ਿਰਕਤ ਕਰਨ ਵਾਲੇ ਸਮੁੱਚੇ ਮੈਂਬਰ ਸਾਹਿਬਾਨ ਦਾ ਧੰਨਵਾਦ ਕੀਤਾ। ਕੇਂਦਰ ਦੇ ਪ੍ਰੋਫੈਸਰ ਡਾ. ਐਨ ਮੁਥੂਮੋਹਨ ਨੇ ਸਟੇਜ ਸੰਚਾਲਨ ਦਾ ਸਮੁੱਚਾ ਕਾਰਜ ਸੰਭਾਲਿਆ। ਇਸ ਮੌਕੇ ਡਾ. ਸਰਵਜੀਤ ਕੌਰ ਬਰਾੜ ਤੋਂ ਇਲਾਵਾ ਯੂਨੀਵਰਸਿਟੀ ਦੇ ਰਜਿਸਟਰਾਰ, ਡਾ. ਸ਼ਰਨਜੀਤ ਸਿੰਘ ਢਿੱਲੋਂ, ਡਾਇਰੈਕਟਰ ਰਿਸਰਚ, ਡਾ. ਬੈਨੀਪਾਲ, ਪ੍ਰੋਫੈਸਰ ਐੱਸ. ਐੱਸ. ਸੋਹਲ, ਪ੍ਰੋਫੈਸਰ ਐੱਸ. ਐੱਸ. ਨਾਰੰਗ ਅਤੇ ਕੇਂਦਰ ਦਾ ਸਮੁੱਚਾ ਸਟਾਫ ਹਾਜ਼ਰ ਸੀ।
ਪ੍ਰੋ. ਢਿੱਲੋਂ ਨੇ ਕਿਹਾ ਕਿ ਇਸ ਪ੍ਰੋਜੈਕਟ ਉੱਪਰ ਪਿਛਲੇ ਇਕ ਸਾਲ ਤੋਂ ਤਿਆਰੀ ਚਲ ਰਹੀ ਸੀ, ਜਿਸ ਵਿਚ ਫੁਲਬਰਾਈਟ ਫਾਊਂਡੇਸ਼ਨ, ਸੇਂਟ ਜੌਹਨ ਯੂਨੀਵਰਸਿਟੀ, ਨਿਊਯਾਰਕ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਆਪਸੀ ਸਹਿਯੋਗ ਦੀ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ। ਡਾ. ਢਿਲੋਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੀ ਵਿਉਂਤਬੰਦੀ ਤੋਂ ਲੈ ਕੇ ਨੇਪਰੇ ਚਾੜਨ ਤੱਕ ਡਾ. ਈਵਾਨ ਜੌਹਨਸਨ, ਸੇਂਟ ਜਾਹਨ ਯੂਨੀਵਰਸਿਟੀ ਤੇ ਡਾ. ਰਾਣੀ ਚੌਧਰੀ ਨੇ ਬੜੀ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਡਾ. ਢਿਲੋਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਸ ਪ੍ਰੋਜੈਕਟ ਨੂੰ ਅਕਾਦਮਿਕ ਅਤੇ ਸੱਭਿਆਚਾਰਕ ਦ੍ਰਿਸ਼ਟੀ ਤੋਂ ਤਸੱਲੀਬਖਸ਼ ਤਰੀਕੇ ਨਾਲ ਨੇਪਰੇ ਚਾੜ੍ਹਨਾ ਲਗਭਗ ਇੱਕ ਚੁਣੌਤੀ ਸੀ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰੋਫੈਸਰਾਂ ਅਤੇ ਖੋਜ ਵਿਦਿਆਰਥੀਆਂ ਨੇ ਅਮਰੀਕਾ ਤੋਂ ਆਏ ਇਨ੍ਹਾਂ ਅਧਿਆਪਕਾਂ ਨੂੰ ਪੰਜਾਬੀ ਭਾਸ਼ਾ ਸਿਖਾਉਣ ਅਤੇ ਪੰਜਾਬ ਦੇ ਧਰਮ, ਇਤਿਹਾਸ ਅਤੇ ਸੱਭਿਆਚਾਰ ਬਾਰੇ ਜਾਣਕਾਰੀ ਜੁਟਾਉਣ ਵਿਚ ਬੜੀ ਅਣਥੱਕ ਮਿਹਨਤ ਕੀਤੀ ਹੈ। ਇਨ੍ਹਾਂ ਅਧਿਆਪਕਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਕਾਦਮਿਕ ਮਾਹੌਲ ਤੋਂ ਇਲਾਵਾ ਅੰਮ੍ਰਿਤਸਰ ਦੇ ਧਾਰਮਿਕ ਅਤੇ ਅਧਿਆਤਮਿਕ ਵਾਤਾਵਰਣ ਦਾ ਖੂਬ ਆਨੰਦ ਮਾਣਿਆ ਹੈ।
ਡਾ. ਢਿਲੋਂ ਨੇ ਉਮੀਦ ਪ੍ਰਗਟਾਈ ਕਿ ਇਹ ਅਧਿਆਪਕ ਵਾਪਸ ਅਮਰੀਕਾ ਪਰਤ ਕੇ ਪੰਜਾਬ ਅਤੇ ਸਿੱਖ ਪੰਥ ਬਾਰੇ ਪ੍ਰਚੱਲਿਤ ਬਹੁਤ ਸਾਰੀਆਂ ਗਲਤ ਫਹਿਮੀਆਂ ਨੂੰ ਦੂਰ ਕਰਨ ਵਿਚ ਸਭਿਆਚਾਰਕ ਰਾਜਦੂਤ ਦੀ ਭੂਮਿਕਾ ਨਿਭਾਉਣਗੇ। ਉਹਨਾਂ ਤੋਂ ਬਾਅਦ ਡਾ. ਜੌਹਨਸਨ ਨੇ ਇਸ ਕੋਰਸ ਦੇ ਤਜਰਬੇ, ਸਿੱਖ ਧਰਮ ਅਤੇ ਕਲਚਰ ਬਾਰੇ ਆਪਣੇ ਨਿਜੀ ਤਜ਼ਰਬੇ ਸਾਂਝੇ ਕੀਤੇ ਅਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਕੇਂਦਰ ਦੇ ਸਮੁੱਚੇ ਸਟਾਫ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਵਫਦ ਦੀ ਡੈਲੀਗੇਟ, ਮੌਰੀਨ ਨੇ ਸਾਰੇ ਅਮਰੀਕਨ ਅਧਿਆਪਕਾਂ ਨਾਲ ਵਾਰੀ-ਵਾਰੀ ਜਾਣ-ਪਹਿਚਾਣ ਕਰਵਾਈ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply