Saturday, June 29, 2024

ਰੱਖੜ ਪੁੰਨਿਆ ‘ਤੇ ਅਕਾਲੀ ਕਾਨਫਰੰਸ ਇਤਿਹਾਸਕ ਸਿੱਧ ਹੋਵੇਗੀ – ਮਜੀਠੀਆ

ਕਾਂਗਰਸੀ ਇੱਕ ਦੂਜੇ ਨੂੰ ਖੂੰਜੇ ਲਾਉਣ ਲਈ ਤਲਵਾਰਾਂ ਸੂਤੀ ਬੈਠੇ ਹਨ

PPN2108201517ਅੰਮ੍ਰਿਤਸਰ, 21 ਅਗਸਤ (ਗੁਰਚਰਨ ਸਿੰਘ) – ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਤਿਹਾਸਕ ਨਗਰ ਬਾਬਾ ਬਕਾਲਾ ਵਿਖੇ 29 ਅਗਸਤ ਨੂੰ ਰੱਖੜ ਪੁੰਨਿਆ ਦਾ ਮੇਲਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੂਰਨ ਸਤਿਕਾਰ ਨਾਲ ਮਨਾਇਆ ਜਾਵੇਗਾ ਅਤੇ ਉਸ ਮੌਕੇ ਕਰਵਾਈ ਜਾ ਰਹੀ ਵਿਸ਼ਾਲ ਅਕਾਲੀ ਕਾਨਫਰੰਸ ਇਸ ਵਾਰ ਸੰਗਤ ਦੀ ਗਿਣਤੀ ਅਤੇ ਟੀਚੇ ਪੱਖੋਂ ਇਤਿਹਾਸਕ ਸਿੱਧ ਹੋਵੇਗੀ। ਸ: ਮਜੀਠੀਆ ਵੱਲੋਂ ਅੱਜ ਇੱਥੇ ਸਥਾਨਿਕ ਬਚਤ ਭਵਨ ਵਿਖੇ ਬਾਬਾ ਬਕਾਲਾ ਦੇ ਰੱਖੜ ਪੁੰਨਿਆ ਦੇ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰਾਈ ਜਾ ਰਹੀ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਅਕਾਲੀ ਆਗੂਆਂ ਦੀ ਇੱਕ ਮੀਟਿੰਗ ਕੀਤੀ ਗਈ ਅਤੇ ਸੀਨੀਅਰ ਆਗੂਆਂ ਦੀਆਂ ਵੱਖ ਵੱਖ ਡਿਊਟੀਆਂ ਲਾਈਆਂ ਗਈਆਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਸ: ਵੀਰ ਸਿੰਘ ਲੋਪੋਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਦੀ ਅਗਵਾਈ ਵਿੱਚ ਅੱਜ ਦੀ ਹੋਈ ਮੀਟਿੰਗ ਵਿੱਚ ਕੈਬਨਿਟ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ, ਮੁੱਖ ਪਾਰਲੀਮਾਨੀ ਸਕੱਤਰ ਤੇ ਵਿਧਾਇਕ ਅਮਰਪਾਲ ਸਿੰਘ ਬੋਨੀ ਤੇ ਹਰਮੀਤ ਸਿੰਘ ਸੰਧੂ , ਵਿਧਾਇਕ ਮਨਜੀਤ ਸਿੰਘ ਮੰਨਾ, ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ, ਚੇਅਰਮੈਨ ਰਵਿੰਦਰ ਸਿੰਘ ਬ੍ਰਹਮਪੁਰਾ, ਸ਼ਹਿਰੀ ਪ੍ਰਧਾਨ ਉਪਕਾਰ ਸਿੰਘ ਸੰਧੂ ਚੇਅਰਮੈਨ ਪੇਡਾ, ਸ਼੍ਰੋਮਣੀ ਕਮੇਟੀ ਮੈਂਬਰ ਬਾਵਾ ਸਿੰਘ ਗੁਮਾਨ ਪੁਰਾ, ਹਰਜਾਪ ਸਿੰਘ ਸੁਲਤਾਨਵਿੰਡ, ਲਾਲੀ ਰਣੀਕੇ, ਸੀਨੀਅਰ ਡਿਪਟੀ ਮੇਅਰ ਸ: ਅਵਤਾਰ ਸਿੰਘ ਟਰਕਾਂ ਵਾਲਾ, ਡਿਪਟੀ ਮੇਅਰ ਅਵਿਨਾਸ਼ ਜੌਲੀ, ਸੁਰਿੰਦਰ ਸਿੰਘ ਸੁਲਤਾਨਵਿੰਡ ਨੇ ਵਿਸ਼ੇਸ਼ ਤੌਰ ‘ਤੇ ਹਿੱਸਾ ਲਿਆ। ਸ: ਮਜੀਠੀਆ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਕਰਾਏ ਜਾ ਰਹੇ ਵਿਕਾਸ, ਭਾਈਚਾਰਕ ਸਾਂਝ ਦੀ ਮਜ਼ਬੂਤੀ ਅਤੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਵਿਸ਼ੇਸ਼ ਸਹੂਲਤਾਂ ਤੇ ਸਾਫ਼ ਸੁਥਰਾ ਪ੍ਰਸ਼ਾਸਨ ਦੇ ਕਾਰਨ ਆਮ ਲੋਕਾਂ ਦਾ ਵਿਸ਼ਵਾਸ ਰਾਜ ਸਰਕਾਰ ਪ੍ਰਤੀ ਮਜ਼ਬੂਤ ਹੋਇਆ ਹੈ।
ਸਿਆਸੀ ਵਿਚਾਰਾਂ ਉਪਰੰਤ ਸ: ਮਜੀਠੀਆ ਨੇ ਆਗੂਆਂ ਨੂੰ ਕਾਨਫਰੰਸ ਦੀ ਕਾਮਯਾਬੀ ਲਈ ਦਿਨ ਰਾਤ ਇੱਕ ਕਰ ਦੇਣ ਲਈ ਕਿਹਾ। ਉਹਨਾਂ ਸੰਗਤ ਨੂੰ ਵੀ ਕਾਨਫਰੰਸ ਵਿੱਚ ਵੱਧ ਚੜ ਕੇ ਹਿੱਸਾ ਲੈਕੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖਮੰਤਰੀ ਸ: ਸੁਖਬੀਰ ਸਿੰਘ ਬਾਦਲ ਦੇ ਵਿਚਾਰਾਂ ਨੂੰ ਸੁਣਨ ਦੀ ਅਪੀਲ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਕਾਂਗਰਸ ਤੋ ਅਕਾਲੀ ਦਲ ਨੂੰ ਕੋਈ ਖਤਰਾ ਨਹੀਂ ਹੈ, ਕਿਹਾ ਕਿ ਲੋਕ ਵਿਰੋਧੀ ਨੀਤੀਆਂ ਅਪਣਾਉਣ ਕਾਰਨ ਲੋਕਾਂ ਨੇ ਕਾਂਗਰਸ ਨੂੰ ਬੁਰੀ ਤਰਾਂ ਨਕਾਰ ਦਿੱਤਾ ਹੈ ਤੇ ਅੱਜ ਕਾਂਗਰਸ ਸਿਆਸੀ ਹਾਸ਼ੀਏ ‘ਤੇ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਕਾਂਗਰਸੀ ਲੀਡਰ ਜੋ ਕਿ ਆਪਸ ਵਿੱਚ ਹੀ ਇੱਕ ਦੂਜੇ ਨੂੰ ਖੂੰਜੇ ਲਾਉਣ ਲਈ ਤਲਵਾਰਾਂ ਸੂਤੀ ਬੈਠੇ ਹਨ, ਉਹਨਾਂ ਲੋਕਾਂ ਦਾ ਕੀ ਸੰਵਾਰਨਾ? ਸ: ਮਜੀਠੀਆ ਨੇ ਮੁੱਖ ਮੰਤਰੀ ਸ: ਬਾਦਲ ਵੱਲੋਂ ਪੰਜਾਬ ਸੂਬੇ ਨੂੰ ਵਿਸ਼ੇਸ਼ ਆਰਥਿਕ ਪੈਕੇਜ ਦਿੱਤੇ ਜਾਣ ਦੀ ਕੇਂਦਰ ਸਰਕਾਰ ਤੋਂ ਕੀਤੀ ਗਈ ਮੰਗ ਦੀ ਵਕਾਲਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਬਿਹਾਰ ਨੂੰ ਇੱਕ ਲੱਖ ਪੈਂਠ ਹਜ਼ਾਰ ਕਰੋੜ ਦਾ ਆਰਥਿਕ ਪੈਕੇਜ ਦੇਣ ‘ਤੇ ਕੋਈ ਇਤਰਾਜ਼ ਨਹੀਂ ਪਰ ਪੰਜਾਬ ਦੇ ਹਾਲਾਤਾਂ ਨੂੰ ਮੁੱਖ ਰਖ ਕੇ ਕੇਂਦਰ ਪੰਜਾਬ ਨੂੰ ਵੀ ਆਰਥਿਕ ਪੈਕੇਜ ਦੇਵੇ। ਉਹਨਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਅਤੇ ਅਨਾਜ ਭੰਡਾਰ ਨੂੰ ਪੰਜਾਬ ਦੀ ਦੇਣ ਦੇ ਪਖ ਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੂੰ ਚਾਹੀਦਾ ਹੈ ਕਿ ਉਹ ਕੇਂਦਰ ਸਰਕਾਰਾਂ ਵੱਲੋਂ ਪੰਜਾਬ ਨਾਲ ਕੀਤੇ ਗਏ ਵਿਤਕਰਿਆਂ ਦਾ ਅੰਤ ਕਰਨ ਲਈ ਆਪ ਦਿਲਚਸਪੀ ਲੈਣ ਅਤੇ ਵਿਤਕਰਿਆਂ ਪ੍ਰਤੀ ਸਾਰੇ ਵਰਤਾਰਿਆਂ ‘ਤੇ ਮੁੜ ਨਜ਼ਰਸਾਨੀ ਕਰੇ। ਇਸ ਮੌਕੇ ਸ: ਮਜੀਠੀਆ ਦੇ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ, ਲਖਬੀਰ ਸਿੰਘ ਨੋਟੀ, ਲਖਬੀਰ ਸਿੰਘ ਮੋਨੀ ਵੇਰਕਾ, ਹਰਵਿੰਦਰ ਸਿੰਘ ਸੰਧੂ, ਅੰਮ੍ਰਿਤਪਾਲ ਸਿੰਘ ਬੱਬਲੂ, ਮੋਹਨ ਸਿੰਘ ਸ਼ੈਲਾ, ਐਡਵੋਕੇਟ ਅਮਨਦੀਪ ਸਿੰਘ ਸਿਆਲੀ, ਨਿਰਮਲ ਸਿੰਘ ਨੰਗਲੀ, ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ, ਹਰਜੀਤ ਸਿੰਘ ਮੀਆਂਵਿੰਡ ਆਦਿ ਵੀ ਮੌਜੂਦ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply