Monday, July 8, 2024

ਖ਼ਾਲਸਾ ਕਾਲਜ ਦੀ ‘ਐਲੂਮਨੀ ਮੀਟ-2015’ ਯਾਦਗਾਰੀ ਹੋ ਨਿੱਬੜੀ

ਕਾਲਜ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਸੱਭਿਆਚਾਰਕ ਪ੍ਰੋਗਰਾਮ ਨੇ ਸਰੋਤਿਆਂ ਨੂੰ ਕੀਲਿਆ

PPN2911201508

PPN2911201509

ਅੰਮ੍ਰਿਤਸਰ, 29 ਨਵੰਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ)-ਇਤਿਹਾਸਕ ਖ਼ਾਲਸਾ ਕਾਲਜ ਵਿਖੇ ਅੱਜ ਸਾਬਕਾ ਵਿਦਿਆਰਥੀਆਂ ਦੀ ਮਿਲਨੀ ‘ਐਲੂਮਨੀ ਮੀਟ-2015’ ਉਸ ਵੇਲੇ ਯਾਦਗਾਰੀ ਹੋ ਨਿਬੜੀ ਜਦੋਂ ਇੱਥੇ ਪਹੁੰਚੇ ਪੁਰਾਣੇ ਵਿਦਿਆਰਥੀਆਂ ਨੇ ਕਾਲਜ ਦੀਆਂ ‘ਸੁਨਿਹਰੀਆਂ ਯਾਦਾਂ’ ਸਾਂਝੀਆਂ ਕੀਤੀਆਂ। ਦੇਸ਼-ਵਿਦੇਸ਼ ਤੋਂ ਆਏ ਸਾਬਕਾ ਵਿਦਿਆਰਥੀਆਂ ਨੇ ਭਾਵੁਕ ਹੋ ਕੇ ਇਕ-ਦੁੂਜੇ ਨਾਲ ਇੱਥੇ ਬਿਤਾਏ ਸਮੇਂ ਬਾਰੇ ਸਾਂਝਾਂ ਪਾਈਆਂ ਅਤੇ ਆਪਣੇ ‘ਮਾਤਾਈ ਅਦਾਰੇ’ ਦੀ ਵਿੱਦਿਅਕ ਅਤੇ ਸੱਭਿਆਚਾਰਕ ਸਰਵਉੱਚਤਾ ਲਈ ਹਮੇਸ਼ਾਂ ਕੰਮ ਕਰਨ ਦੀ ਇੱਛਾ ਵੀ ਪ੍ਰਗਟਾਈ।
ਐਲੂਮਨੀ ਦੌਰਾਨ ਸਾਬਕਾ ਵਿਦਿਆਰਥੀਆਂ ਨੇ ਕਾਲਜ ਤੋਂ ਇਲਾਵਾ ਢੁੱਕਵੀਂ ਥਾਂ ‘ਤੇ ‘ਖ਼ਾਲਸਾ ਯੂਨੀਵਰਸਿਟੀ’ ਸਥਾਪਿਤ ਕਰਨ ਦਾ ਮੱਤਾ ਸਰਵਸੰਮਤੀ ਨਾਲ ਪਾਸ ਕੀਤਾ। ਅੱਜ ਸਵੇਰ ਤੋਂ ਹੀ ਕਾਲਜ ਵਿਖੇ ਪੁਰਾਣੇ ਵਿਦਿਆਰਥੀਆਂ ਦਾ ਤਾਂਤਾਂ ਲੱਗਿਆ ਰਿਹਾ। ਇਨ੍ਹਾਂ ਵਿੱਚੋਂ ਬਹੁਤ ਸਾਰੇ ਸੀਨੀਅਰ ਸਾਬਕਾ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ, ਜਿਨ੍ਹਾਂ ਵਿੱਚੋਂ ਸੇਵਾਮੁਕਤ ਚੀਫ਼ ਇੰਜੀਨੀਅਰ ਪਰਮਜੀਤ ਸਿੰਘ ਬੱਲ, ਥੀਏਟਰ ਉਤਸਾਹਕ ਜਤਿੰਦਰ ਬਰਾੜ, ਅਮਰੀਕਾ ਤੋਂ ਦਲਜੀਤ ਸਿੰਘ, ਕਰਨਲ ਮੰਗਤ ਸ਼ੰਕਰ ਹਿਮਾਚਲ ਪ੍ਰਦੇਸ਼, ਕਰਨਲ ਮਹਿਬੂਬ ਰਾਏ, ਸੇਵਾਮੁਕਤ ਐੱਸ. ਐੱਸ. ਗਿੱਲ, ਏ. ਐੱਸ. ਪਰਮਾਰ, ਪ੍ਰੋ: ਮੁਖਤਿਆਰ ਗਿੱਲ, ਕਮਿਸਟਰੀ ਜੈਮਲ ਸਿੰਘ, ਅਵਤਾਰ ਕੌਰ ਚੰਡੀਗੜ੍ਹ, ਪ੍ਰੀਤਮ ਸਿੰਘ ਰੇਖੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਫ਼ਾਰਮਰ ਸਾਬਕਾ ਪ੍ਰੋਫ਼ੈਸਰ ਪ੍ਰਮੁੱਖ ਸਨ।
ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ, ਆਨੇਰਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਅਤੇ ਪ੍ਰਿੰ: ਡਾ. ਮਹਿਲ ਸਿੰਘ ਨੇ ਸਾਬਕਾ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆ ਉਨ੍ਹਾਂ ਨੂੰ ਕਾਲਜ ਦੇ ‘ਅੰਮਬੈਸਡਰ’ ਦੱਸਿਆ। ਸ: ਮਜੀਠੀਆ ਨੇ ਕਿਹਾ ਕਿ ਖ਼ਾਲਸਾ ਕਾਲਜ ਨੂੰ ਯੂ. ਜੀ. ਸੀ. ਵੱਲੋਂ ਖੁਦਮੁਖਤਿਆਰ ਸੰਸਥਾ ਐਲਾਨਿਆ ਗਿਆ। ਜਿਸ ਉਪਰੰਤ ਉਹ ‘ਖ਼ਾਲਸਾ ਯੂਨੀਵਰਸਿਟੀ’ ਨੂੰ ਕਾਲਜ ਤੋਂ ਅਲੱਗ ਸਥਾਪਿਤ ਕਰਨਗੇ। ਉਨ੍ਹਾਂ ਨੇ ਐਲੂਮਨੀ ਵੱਲੋਂ ਇਸ ਕਾਰਜ ਨੂੰ ਦਿੱਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ।  ਸ: ਛੀਨਾ ਨੇ ਕਿਹਾ ਕਿ ਖ਼ਾਲਸਾ ਯੂਨੀਵਰਸਿਟੀ ਸਥਾਪਿਤ ਕਰਨਾ ਕਾਲਜ ਦੇ ਰਚੇਤਾਵਾਂ ਦਾ ਸੁਪਨਾ ਸੀ। ਜਿਸ ਨੂੰ ਸਕਾਰ ਕਰਨਾ ਉਹ ਆਪਣਾ ਮੌਲਿਕ ਫਰਜ਼ ਸਮਝਦੇ ਹਨ। ਉਨ੍ਹਾਂ ਕਿਹਾ ਇਹ ਐਲੂਮਨੀ ਮੀਟ ਹਰ ਸਾਲ ਕਾਲਜ ਦੇ ਵਿਹੜੇ ਵਿੱਚ ਕੌਂਸਲ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਕੀਤੀ ਜਾਵੇਗੀ।
ਇਸ ਮੌਕੇ ਕਾਲਜ ਦੇ ਵਿਦਿਆਰਥੀ ਵੱਲੋਂ ਆਪਣੀ ਕਲਾਕਾਰੀ ਰਾਹੀਂ ਹਾਜ਼ਰ ਸਰੋਤਿਆਂ ਦਾ ਮਨੋਰੰਜਨ ਕੀਤਾ। ਪ੍ਰੋਗਰਾਮ ਦੌਰਾਨ ਇਸ ਤੋਂ ਇਲਾਵਾ ਸਾਬਕਾ ਵਿਦਿਆਰਥੀਆਂ ਨੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਰਾਹੀਂ ਪੰਜਾਬ ਦੇ ਅਮੀਰ ਵਿਰਸੇ ਨੂੰ ਨਿਹਾਰਿਆ। ਸਾਬਕਾ ਵਿਦਿਆਰਥੀਆਂ ਨੂੰ ਆਪਣੇ ਵੱਖ-ਵੱਖ ਸੰਦੇਸ਼ਾਂ ਰਾਹੀਂ ਆਪਣੀਆਂ ਕਾਮਯਾਬੀਆਂ ਨੂੰ ਕਾਲਜ ਵਿਖੇ ਪ੍ਰਾਪਤ ਕੀਤੀ ਵਿੱਦਿਆ ਨੂੰ ਸਮਰਪਿਤ ਕੀਤਾ ਅਤੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਕਾਲਜ ਅਤੇ ਇਸਦੀਆਂ ਦੂਸਰੀਆਂ ਸੰਸਥਾਵਾਂ ਦੇ ਵਿਸਥਾਰ ਲਈ ਆਪਣਾ ਯੋਗਦਾਨ ਪਾਉਣ ਦੀ ਵਚਨਬੱਧਤਾ ਦੁਹਰਾਈ।  ਡਾ. ਮਹਿਲ ਸਿੰਘ ਨੇ ਕਿਹਾ ਕਿ ਮਿਲਨੀ ਦਾ ਮੁੱਖ ਮੰਤਵ ਸਾਬਕਾ ਵਿਦਿਆਰਥੀਆਂ ਨੂੰ ਕਾਲਜ ਵੇਲੇ ਦੀ ਅਭੁੱਲ ਯਾਦਾਂ ਸਾਂਝੀਆਂ ਕਰਨ ਦਾ ਮੌਕਾ ਪ੍ਰਦਾਨ ਕਰਨਾ ਸੀ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਦੇਸ਼-ਵਿਦੇਸ਼ ਵਿੱਚ ਵੱਸ ਰਹੇ ਤੇ ਉੱਚ ਅਹੁਦਿਆਂ ‘ਤੇ ਬਿਰਾਜਮਾਨ ਕਾਲਜ ਦੇ ਸਾਬਕਾ ਵਿਦਿਆਰਥੀਆਂ ਨੂੰ ਨਿਯਮਤ ਸੱਦਾ ਭੇਜਿਆ ਗਿਆ ਸੀ। ਐਲੂਮਨੀ ਮੀਟ ਵਿੱਚ ਪੁੱਜੇ ਕਈ ਪੁਰਾਣੇ ਵਿਦਿਆਰਥੀਆਂ ਨੇ ਆਪਣੇ ਕਾਲਜ ਵਿੱਚ ਬੀਤੇ ਸੁਨਿਹਰੀ ਪਲਾਂ ਨੂੰ ਯਾਦ ਕਰਦਿਆ ਅੱਜ ਦੇ ਇਤਿਹਾਸਕ ਸਮੇਂ ਨੂੰ ਕੈਮਰਿਆਂ ਵਿੱਚ ਕੈਦ ਵੀ ਕੀਤਾ।
ਉਨ੍ਹਾਂ ਨੇ ਕਿਹਾ ਕਿ ਇਸ ਐਲੂਮਨੀ ਮੀਟ ਵਿੱਚ ਪੰਜਾਬੀ ਵਿਰਸੇ ਦੇ ਵੱਖੋ-ਵੱਖ ਰੰਗ ਜਿਵੇਂ ਵਿਰਾਸਤੀ ਖਾਣੇ, ਵਿਰਾਸਤੀ ਖੇਡਾਂ ਤੇ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਵੇਖਣ ਨੂੰ ਮਿਲਿਆ। ਇਸ ਮੌਕੇ ਫਾਇਨਾਂਸ ਸਕੱਤਰ ਸ: ਗੁਨਬੀਰ ਸਿੰਘ, ਸ: ਅਜਮੇਰ ਸਿੰਘ ਹੇਰ, ਸ: ਸਰਦੂਲ ਸਿੰਘ ਮੰਨਨ, ਸ: ਸੁਖਦੇਵ ਸਿੰਘ ਅਬਦਾਲ, ਮੈਂਬਰ ਜਤਿੰਦਰ ਸਿੰਘ ਬਰਾੜ, ਗੁਰਮਹਿੰਦਰ ਸਿੰਘ, ਸ: ਦਲਜੀਤ ਸਿੰਘ ਸੰਧੂ, ਸ: ਅਨੂਪ ਸਿੰਘ, ਸ: ਸੰਤੋਖ ਸਿੰਘ ਸੇਠੀ, ਸ: ਹਰਮਿੰਦਰ ਸਿੰਘ, ਪ੍ਰਿੰ: ਜਗਦੀਸ਼ ਸਿੰਘ, ਪ੍ਰਿੰਸੀਪਲ ਡਾ. ਅਮਰਪਾਲ ਸਿੰਘ, ਅੰਡਰ ਸੈਕਟਰੀ ਡੀ. ਐੱਸ. ਰਟੌਲ ਆਦਿ ਤੋਂ ਇਲਾਵਾ ਕਈ ਅਹਿਮ ਸਖ਼ਸ਼ੀਅਤਾਂ, ਕਾਲਜ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply