Monday, July 8, 2024

ਵਿਦਿਆਰਥੀਆਂ ਵਿੱਚ ਵਿਗਿਆਨ ਦਾ ਚਾਨਣ ਫੈਲਾਏਗੀ ਮੋਬਾਈਲ ਬੱਸ ਵਿਗਿਆਨ ਪ੍ਰਦਰਸ਼ਨੀ

PPN3011201506ਅੰਮ੍ਰਿਤਸਰ, 30 ਨਵੰਬਰ (ਗੁਰਚਰਨ ਸਿੰਘ)- ਵਿਦਿਆਰਥੀਆਂ ਵਿਚ ਵਿਗਿਆਨ ਸੋਚ ਪੈਦਾ ਕਰਨ ਅਤੇ ਉਨ੍ਹਾਂ ਨੂੰ ਵਿਗਿਆਨ ਅਤੇ ਤਕਨਾਲੋਜੀ ਨਾਲ ਜੋੜਨ ਦੇ ਆਸ਼ੇ ਨਾਲ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਮੋਬਾਈਲ ਬੱਸ ਵਿਗਿਆਨ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ। ਇਸੇ ਲੜੀ ਵਿਚ ਅੱਜ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਇਸ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਜੋ ਕਿ 2 ਦਸੰਬਰ ਤੱਕ ਚੱਲੇਗੀ। ਉਨ੍ਹਾਂ ਦੱਸਿਆ ਕਿ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਅਤੇ ਸ੍ਰੀ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਇਸ ਬੱਸ ਨੂੰ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ 9 ਸਤੰਬਰ 2015 ਨੂੰ ਚੰਡੀਗੜ੍ਹ ਤੋਂ ਰਵਾਨਾ ਕੀਤਾ ਸੀ। ਉਨ੍ਹਾਂ ਦੱਸਿਆ ਕਿ 1 ਦਸੰਬਰ ਨੂੰ ਇਹ ਬੱਸ ਸਰਕਾਰੀ ਕੰਨਿਆ ਸਕੂਲ, ਮਹਾਂ ਸਿੰਘ ਗੇਟ ਵਿਖੇ ਰਹੇਗੀ ਜਦਕਿ 2 ਦਸੰਬਰ ਨੂੰ ਸਰਕਾਰੀ ਸਕੂਲ, ਖਿਲਚੀਆਂ ਵਿਖੇ ਰਹੇਗੀ। ਇਸ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਇਸ ਪ੍ਰਦਰਸ਼ਨੀ ਦਾ ਲਾਭ ਲੈ ਸਕਣਗੇ। ਉਨ੍ਹਾਂ ਇਹ ਵੀ ਦੱਸਿਆ ਕਿ 1 ਦਸੰਬਰ ਨੂੰ ਜ਼ਿਲ੍ਹੇ ਦੇ 600 ਵਿਦਿਆਰਥੀ ਸਾਇੰਸ ਸਿਟੀ, ਕਪੂਰਥਲਾ ਦਾ ਦੌਰਾ ਕਰਨਗੇ।
ਸ੍ਰੀ ਰਵੀ ਭਗਤ ਨੇ ਦੱਸਿਆ ਕਿ ਇਹ ਚੱਲਦੀ-ਫਿਰਦੀ ਪ੍ਰਦਰਸ਼ਨੀ ਜਿਥੇ ਲੋਕਾਂ ਨੂੰ ਵਹਿਮਾਂ-ਭਰਮਾਂ ਵਿਚੋਂ ਕੱਢ ਕੇ ਵਿਗਿਆਨ ਨਾਲ ਜੋੜੇਗੀ, ਉਥੇ ਇਹ ਨੌਜਵਾਨ ਵਰਗ ਨੂੰ ਵਿਗਿਆਨ ਤੇ ਤਕਨਾਲੋਜੀ ਦੇ ਖੇਤਰ ਵਿਚ ਨਵੀਆਂ-ਨਵੀਆਂ ਕਾਢਾਂ ਕੱਢਣ ਵੱਲ ਵੀ ਪ੍ਰੇਰਿਤ ਕਰੇਗੀ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਰਹਿੰਦੀ ਕਿਰਸਾਨੀ ਨੂੰ ਜਿਥੇ ਕੰਮਾਂ-ਕਾਰਾਂ ਤੋਂ ਵਿਹਲ ਨਹੀਂ ਮਿਲਦੀ ਅਤੇ ਉਹ ਵਿਗਿਆਨ ਦੇ ਗਿਆਨ ਤੋਂ ਵਾਂਝੇ ਰਹਿ ਜਾਂਦੇ ਹਨ, ਇਹ ਪ੍ਰਦਰਸ਼ਨੀ ਉਨ੍ਹਾਂ ਲਈ ਵੀ ਕਾਰਗਰ ਸਿੱਧ ਹੋਵੇਗੀ। ਉਨ੍ਹਾਂ ਦੱਸਿਆ ਕਿ ਸਾਇੰਸ ਸਿਟੀ ਵੱਲੋਂ ਲਗਭਗ 65 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਇਸ ਪ੍ਰਦਰਸ਼ਨੀ ਬੱਸ ਵਿਚ ਇਕ ਪ੍ਰਾਜੈਕਟ ਐਸੋਸੀਏਟ ਅਤੇ ਆਪਣੇ ਵਿਸ਼ੇ ਵਿਚ ਨਿਪੁੰਨ ਦੋ ਸਾਇੰਸ ਗਾਈਡ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਵਿਚ ਜਿਥੇ ਮਨੁੱਖੀ ਸਰੀਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ, ਉਥੇ ਸੂਰਜੀ ਊਰਜਾ, ਵਾਟਰ ਫਿਲਟਰੇਸ਼ਨ, ਸੀਵਰੇਜ ਟਰੀਟਮੈਂਟ ਪਲਾਂਟ, ਬਾਇਚ ਟਾਇਲਟ, ਜੈਵਿਕ ਵਿਭਿੰਨਤਾ, ਬਿਜਲੀ ਉਤਪਾਦਨ ਅਤੇ ਵਾਤਾਵਰਨ ਪ੍ਰਤੀ ਜਾਗਰੂਕ ਕਰਦੀਆਂ ਪ੍ਰਦਰਸ਼ਨੀਆਂ ਖਾਸ ਖਿੱਚ ਦਾ ਕੇਂਦਰ ਹਨ। ਇਸ ਤੋਂ ਇਲਾਵਾ ਬੱਸ ਵਿਚ ਵਿਸ਼ੇਸ਼ ਤਰ੍ਹਾਂ ਦੀਆਂ ਕਿੱਟਾਂ ਨਾਲ ਪਾਣੀ ਚੈੱਕ ਕਰਕੇ ਵੀ ਦੱਸਿਆ ਜਾਂਦਾ ਹੈ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ. ਸਤਿੰਦਰਬੀਰ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸਤੀਸ਼ ਕੁਮਾਰ, ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਸ੍ਰੀਮਤੀ ਸੁਦੀਪ ਕੌਰ, ਪ੍ਰਿੰਸੀਪਲ ਦਵਿੰਦਰ ਕੌਰ, ਸ੍ਰੀ ਮੁਨੀਸ਼ ਸ਼ਰਮਾ, ਸ੍ਰੀ ਸਨਵਦੀਪਕ ਸਿੰਘ, ਸ੍ਰੀ ਪ੍ਰਦੀਪ ਕਾਲੀਆ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply