Monday, July 8, 2024

ਮਨੁੱਖੀ ਅਧਿਕਾਰ ਦਿਵਸ ਮੌਕੇ ਗੁ: ਸ਼ਹੀਦ ਗੰਜ਼ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੱਕ ‘ਸਿੱਖ ਅਧਿਕਾਰ-ਸਿੱਖ ਆਜ਼ਾਦੀ’ ਮਾਰਚ

ਜਥੇਦਾਰ ਹਵਾਰਾ ਦੀ ਰਿਹਾਈ ਲਈ ਸ੍ਰੀ ਅਕਾਲ ਤਖਤ ਸਾਹਿਬ ਕੀਤੀ ਗਈ ਅਰਦਾਸ

PPN1012201511 PPN1012201512ਅੰਮ੍ਰਿਤਸਰ, 10 ਦਸੰਬਰ (ਪੰਜਾਬ ਪੋਸਟ ਬਿਊਰੋ) – ਸਿਖਸ ਫਾਰ ਜਸਟਿਸ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਮਨੁੱਖੀ ਅਧਿਕਾਰ ਦਿਵਸ ਮੌਕੇ ‘ਸਿੱੱਖ ਅਧਿਕਾਰ-ਸਿੱਖ ਅਜ਼ਾਦੀ’ ਮਾਰਚ ਕੱਢਿਆ ਗਿਆ, ਜੋ ਗੁਰਦੁਆਰਾ ਸ਼ਹੀਦ ਗੰਜ਼ ਬਾਬਾ ਦੀਪ ਸਿੰਘ ਸਾਹਿਬ ਤੋਂ ਅਰੰਭ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਪੁੱਜਾ ।ਜਿਥੇ ਵੱਖ ਵੱਖ ਜਥੇਬੰਦੀਆਂ ਨੇ ਸਰਬੱਤ ਖਾਲਸਾ ਦੁਆਰਾ ਥਾਪੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ।ਸਿਖਸ ਫਾਰ ਜਸਟਿਸ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਉਪਰਾਲੇ ਅਤੇ ਦਮਦਮੀ ਟਕਸਾਲ ਜਥਾ ਭਿੰਡਰਾਂ ਸੰਗਰਾਵਾਂ, ਸ੍ਰੋਮਣੀ ਸੰਤ ਖਾਲਸਾ ਇੰਟਰਨੈਸ਼ਨਲ ਫਾਉਂਡੇਸ਼ਨ, ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ, ਸਿੱਖ ਸੰਘਰਸ਼ ਕਮੇਟੀ, ਸਿੱਖ ਚੇਤਨਾ ਮੰਚ ਅਤੇ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਸਹਿਯੋਗ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਬੀਬੀਆਂ ਬਜੁੱਰਗਾਂ, ਬੱਚਿਆਂ ਅਤੇ ਨੌਜੁਆਨਾਂ ਨੇ ਹੱਥਾਂ ਵਿਚ ‘ਜਥੇਦਾਰ ਹਵਾਰਾ ਨੂੰ ਰਿਹਾਅ ਕਰੋ’ ਦਾ ਸੁਨੇਹਾ ਬੁਲੰਦ ਕਰਦੀਆਂ ਤਖਤੀਆਂ ਫੜ ਕੇ ਸ੍ਰੀ ਅਕਾਲ ਤਖਤ ਸਾਹਿਬ ਤੱਕ ਮਾਰਚ ਕੀਤਾ।ਗੁਰਦੁਆਰਾ ਸ਼ਹੀਦ ਗੰਜ਼ ਬਾਬਾ ਦੀਪ ਸਿੰਘ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਮਾਰਚ ਦੀ ਆਰੰਭਤਾ ਦੀ ਅਰਦਾਸ ਕੀਤੀ।ਇਸ ਉਪਰੰਤ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਕਰਨੈਲ ਸਿੰਘ ਪੀਰ ਮੁਹੰਮਦ, ਬਾਬਾ ਪ੍ਰਿਤਪਾਲ ਸਿੰਘ, ਡਾ: ਕਾਰਜ ਸਿੰਘ, ਬੀਬੀ ਸੰਦੀਪ ਕੌਰ ਖਾਲਸਾ, ਗੁਰਦੀਪ ਸਿੰਘ ਗੋਲਡੀ ਦੀ ਅਗਵਾਈ ਵਿੱਚ ਇਹ ਮਾਰਚ ਸ੍ਰੀ ਅਕਾਲ ਤਖਤ ਸਾਹਿਬ ਲਈ ਰਵਾਨਾ ਹੋਇਆ ਜੋ ਕਿ ਸਰਕੂਲਰ ਰੋਡ ਤੋਂ ਸੁਲਤਾਨਵਿੰਡ ਚੌਕ, ਘਿਊ ਮੰਡੀ ਚੌਕ, ਜਲਿਆਂਵਾਲਾ ਬਾਗ ਚੌਕ ਤੋਂ ਹੁੰਦਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਪੁੱਜਾ, ਜਿਥੇ ਗਿਆਨੀ ਮਲੂਕ ਸਿੰਘ ਵਲੋਂ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਅਤੇ ਅਦਾਲਤੀ ਸਜ਼ਾਵਾਂ ਭੁਗਤਣ ਦੇ ਬਾਵਜੂਦ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਨਜਰਬੰਦ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕਿਹਾ ਕਿ ਅਦਾਲਤੀ ਸਜਾਵਾਂ ਭੁਗਤਣ ਦੇ ਬਾਵਜੂਦ ਵੀ ਦੇਸ਼ ਦੀਆਂ ਜੇਲ੍ਹਾਂ ਵਿੱਚ ਬੰਦ ਸਿੱਖਾਂ ਦਾ ਮਾਮਲਾ ਬਹੁਤ ਹੀ ਗੰਭੀਰ ਹੈ, ਲੇਕਿਨ ਸਰਕਾਰਾਂ ਇਸ ਦੀ ਅਣਦੇਖੀ ਕਰ ਕੇ ਸਿੱਖਾਂ ਨੂੰ ਰਿਹਾਅ ਨਹੀਂ ਕਰ ਰਹੀਆਂ।ਉਨਾਂ ਕਿਹਾ ਕਿ ਸਿੱਖਸ ਫਾਰ ਜਸਟਿਸ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਹਮ-ਖਿਆਲੀ ਜਥੇਬੰਦੀਆਂ ਨਾਲ ਮਿਲ ਕੇੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜੋ ਅਰਦਾਸ ਬੇਨਤੀ ਕਰਨ ਦਾ ਫੈਸਲਾ ਕੀਤਾ ਹੈ, ਸ਼ਲਾਘਾਯੋਗ ਕਦਮ ਹੈ।ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਬੇਅੰਤ ਸਿੰਘ ਕਤਲ ਕੇਸ ਤਹਿਤ ਤਿਹਾੜ ਜੇਲ੍ਹ ਵਿਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਬੀਤੀ 10 ਨਵੰਬਰ ਦੇ ਲੱਖਾਂ ਦੀ ਗਿਣਤੀ ਵਿਚ ਹੋਏ ਸਰਬੱਤ ਖਾਲਸਾ ਵਲੋਂ 3 ਕਰੋੜ ਸਿੱਖ ਕੌਮ ਦੀ ਅਗਵਾਈ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਚੁਣਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਫੈਡਰੇਸ਼ਨ ਅਤੇ ਸਿਖਸ ਫਾਰ ਜਸਟਿਸ ਜਥੇਦਾਰ ਹਵਾਰਾ ਵਲੋਂ ਦਿੱਤੇ ਗਏ ਸੱਦੇ ਅਨੁਸਾਰ ਹਰ ਪਿੰਡ ਦੇ ਗੁਰਦੁਆਰੇ ਵਿਚ ਸੀ.ਸੀ.ਟੀ.ਵੀ ਕੈਮਰੇ ਲਗਵਾਵੇਗੀ ਅਤੇ ਹਰ ਪਿੰਡ ਵਿਚ ਪੰਥਕ ਪਹਿਰੇਦਾਰ ਨਿਯੁੱਕਤ ਕੀਤੇ ਜਾਣਗੇ ਤਾਂ ਜੋ ਨਾ ਰੁਕਣ ਵਾਲੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਠੱਲ ਪਾਈ ਜਾ ਸਕੇ।ਪੀਰ ਮੁਹੰਮਦ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਹ ਜ਼ਿੰਮਵਾਰੀ ਸੰਭਾਲਣ ਅੱਗੇ ਆਉਣ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply