Friday, July 5, 2024

ਪੰਥ ਦੋਖੀਆਂ ਤੇ ਪੰਜਾਬ ਦੁਸ਼ਮਣਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ 14 ਦੀ ਸਦਭਾਵਨਾ ਰੈਲੀ ਵਿੱਚ ਪੁੱਜੋ – ਮਜੀਠੀਆ

PPN1012201515ਕੱਥੂਨੰਗਲ (ਅੰਮ੍ਰਿਤਸਰ), 10 ਦਸੰਬਰ (ਗੁਰਚਰਨ ਸਿੰਘ, ਜਗਦੀਪ ਸਿੰਘ ਸੱਗੂ)-ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਪੰਜਾਬ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਏਕਤਾ ਨੂੰ ਭੰਗ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਰਚਣ ਵਾਲੇ ਪੰਥ ਦੋਖੀਆਂ ਅਤੇ ਪੰਜਾਬ ਦੇ ਦੁਸ਼ਮਣਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਸਮੂਹ ਪੰਜਾਬ ਪ੍ਰੇਮੀ ੧੪ ਦਸੰਬਰ ਨੂੰ ਖਡੂਰ ਸਾਹਿਬ ਵਿਖੇ ਹੋਣ ਜਾ ਰਹੀ ਵਿਸ਼ਾਲ ਅਤੇ ਮਿਸਾਲੀ ਸਦਭਾਵਨਾ ਰੈਲੀ ਵਿੱਚ ਹੁੰਮ੍ਹ ਹੁੰਮ੍ਹਾ ਕੇ ਪਹੁੰਚਣ।
ਸ: ਮਜੀਠੀਆ ਅੱਜ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ, ਕੱਥੂਨੰਗਲ ਵਿਖੇ ਰੈਲੀ ਦੀ ਤਿਆਰੀ ਸੰਬੰਧੀ ਹੋਏ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰ ਰਹੇ ਸਨ । ਅੱਜ ਦੀ ਹੋਈ ਤਿਆਰੀ ਮੀਟਿੰਗ ਰੈਲੀ ਦਾ ਰੂਪ ਧਾਰਨ ਕਰ ਗਈ।ਸ. ਮਜੀਠੀਆ ਨੇ ਸੰਗਤਾਂ ਨੂੰ ਕਿਹਾ ਕਿ ਅੱਜ ਸਾਨੂੰ ਉਨ੍ਹਾਂ ਸ਼ਰਾਰਤੀ ਅਨਸਰਾਂ ਦੇ ਕੂੜ ਪ੍ਰਚਾਰ ਤੋਂ ਸੁਚੇਤ ਹੋਣ ਦੀ ਲੋੜ ਹੈ ਜੋ ਕਿ ਅਮਨ-ਕਾਨੂੰਨ ਅਤੇ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾ ਕੇ ਪੰਜਾਬ ਨੂੰ ਬਰਬਾਦ ਹੋਇਆ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜਿਸ ਕਾਂਗਰਸ ਪਾਰਟੀ ਨੇ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲਾ ਕਰਨ ਸਿੱਖ ਕਤਲੇਆਮ ਕਰਾਇਆ ਉਸੇ ਪਾਰਟੀ ਦੇ ਆਗੂ ਹੀ ਅੱਜ ਪੰਥ ਹਿਤੈਸ਼ੀ ਕਹਾਉਣ ਲਈ ਪੱਬਾਂ ਭਾਰ ਹੋਏ ਫਿਰਦੇ ਹਨ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਜਦ ਵੀ ਸਰਕਾਰ ਆਈ ਉਹਨਾਂ ਗੁਰੂ ਸਾਹਿਬਾਨ ਦੀਆਂ ਸ਼ਤਾਬਦੀਆਂ ਸਤਿਕਾਰ ਅਤੇ ਅਦਬ ਨਾਲ ਮਨਾਏ ਹਨ ਅਤੇ ਯਾਦਗਾਰਾਂ ਸਥਾਪਿਤ ਕੀਤੀਆਂ ਹਨ, ਪਰੰਤੂ ਦੋਖੀਆਂ ਨੇ ਸ. ਬਾਦਲ ‘ਤੇ ਚਿੱਕੜ ਉਛਾਲਣ ਤੋਂ ਗੁਰੇਜ਼ ਨਹੀਂ ਕੀਤਾ।  ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਸਬੰਧੀ ਉਨ੍ਹਾਂ ਕਿਹਾ ਕਿ ਇਸ ਨਾਲ ਕੋਈ ਫਰਕ ਨਹੀਂ ਪੈਣ ਲੱਗਾ, ਕਿਉਂਕਿ 2007 ਅਤੇ 2012 ਵਿੱਚ ਵੀ ਉਨ੍ਹਾਂ ਦੇ ਪ੍ਰਧਾਨ ਹੁੰਦਿਆਂ ਕਾਂਗਰਸ ਨੂੰ ਪੰਜਾਬ ਵਿੱਚ ਮੂੰਹ ਦੀ ਖਾਣੀ ਪਈ ਸੀ। ਉਨ੍ਹਾਂ ਕਿਹਾ ਕਿ ਬਿਹਾਰ ਦੀ ਤਰ੍ਹਾਂ ਪੰਜਾਬ ਵਿੱਚ ਵੀ ਮਹਾਂ ਗਠਬੰਧਨ ਦੀ ਗੱਲ ਕਰਨ ਵਾਲੇ ਪਹਿਲਾਂ ਕਾਂਗਰਸ ਵਿੱਚ ਹੀ ਮਹਾਂ ਗਠਬੰਧਨ ਬਣਾ ਲੈਣ ਤਾਂ ਇਹ ਬਹੁਤ ਵੱਡੀ ਗੱਲ ਹੋਵੇਗੀ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਬਾਰੇ ਚੁਟਕੀ ਲੈਂਦਿਆਂ ਕਿਹਾ ਕਿ ਉਹ ਕਹਿੰਦੇ ਸਨ ਕਿ ਰਾਹੁਲ ਗਾਂਧੀ ਨੂੰ ਸਮਝ ਨਹੀਂ ਹੈ, ਹੁਣ ਉਨ੍ਹਾਂ ਨੂੰ ਰਾਤੋ-ਰਾਤ ਸਮਝ ਕਿਵੇਂ ਆ ਗਈ।  ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ 15 ਦਸੰਬਰ ਨੂੰ ਦਿੱਤੇ ਜਾਣ ਵਾਲੇ ਧਰਨਿਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਪਹਿਲਾਂ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਖ਼ਿਲਾਫ਼ ਧਰਨੇ ਲਾਉਣੇ ਚਾਹੀਦੇ ਹਨ, ਜਿਸ ਨੇ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਤਨਖ਼ਾਹਾਂ ਪ੍ਰਧਾਨ ਮੰਤਰੀ ਨਾਲੋਂ ਵੀ ਵੱਧ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਵਿਧਾਇਕਾਂ ਨੂੰ ਵਧ ਤਨਖ਼ਾਹਾਂ ਦੇ ਕੇ ਜਿਸ ੫੫੦ ਕਰੋੜ ਦੀ ਰਕਮ ਨਾਲ ਕੇਜਰੀਵਾਲ ਆਪਣੀ ਤੇ ਪਾਰਟੀ ਦੀ ਵਾਹ ਵਾਹ ਖੱਟਣੀ ਚਾਹੁੰਦਾ ਹੈ ਉਸ ਨਾਲ ਲੋਕਾਂ ਦੀਆਂ ਕਈ ਲੋੜਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ।ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਹੁਣ ਇਨ੍ਹਾਂ ਦੀਆਂ ਆਪਹੁਦਰੀਆਂ ਅਤੇ ਲੋਕ ਵਿਰੋਧੀ ਕਾਰਵਾਈਆਂ ਤੋਂ ਲੋਕ ਤੰਗ ਆ ਚੁੱਕੇ ਹਨ ਅਤੇ ਆਪਣੇ ਆਪ ਨੂੰ ਠਗਿਆ ਹੋਇਆ ਮਹਿਸੂਸ ਕਰ ਰਹੇ ਹਨ।ਦਿਲੀ ਦੇ ਲੋਕ ਪਛਤਾ ਰਹੇ ਹਨ ਕਿ ਉਨ੍ਹਾਂ ਨੇ ਇਨ੍ਹਾਂ ਦੀ ਸਰਕਾਰ ਕਿਉਂ ਬਣਾਈ।  ਕਿਸਾਨੀ ਦੇ ਮੁੱਦੇ ‘ਤੇ ਗੱਲ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦੀ ਹਿਤੈਸ਼ੀ ਹੈ ਅਤੇ ਉਹ ਜਿੰਨਾ ਕੁੱਝ ਕਰ ਸਕਦੀ ਹੈ, ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ, ਕਿਉਂਕਿ ਫਸਲਾਂ, ਡੀਜ਼ਲ ਅਤੇ ਖਾਦਾਂ ਦੇ ਭਾਅ ਮਿਥਣੇ ਉਸ ਦੇ ਹੱਥ ਵਿੱਚ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਸੰਕਟ ਦੇ ਹੱਲ ਲਈ ਕੇਂਦਰ ਨੂੰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨੀਆਂ ਚਾਹੀਦੀਆਂ ਹਨ।  ਨੈਸ਼ਨਲ ਹੇਲਾਰਡ ਸਬੰਧੀ ਕਾਂਗਰਸ ਵੱਲੋਂ ਸੰਸਦ ਵਿੱਚ ਕੀਤੇ ਹੰਗਾਮੇ ਬਾਰੇ ਗੱਲ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਇਸ ਦੀ ਕੋਈ ਤੁਕ ਨਹੀਂ ਬਣਦੀ ਅਤੇ ਇਹ ਇੱਕ ਅਦਾਲਤੀ ਮਸਲਾ ਹੈ ਅਤੇ ਇਸ ਬਾਰੇ ਅਦਾਲਤ ਵਿੱਚ ਹੀ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਦਨ ਵਿੱਚ ਹਲਾਗੁਲਾ ਕਰਕੇ ਅਸਲ ਮੁੱਦੇ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੰਸਦ ਲੋਕਾਂ ਦੇ ਮਸਲੇ ਉਠਾਉਣ ਲਈ ਹੈ, ਨਾ ਕਿ ਇਨ੍ਹਾਂ ਕੰਮਾਂ ਲਈ।  ਇਸ ਮੌਕੇ ਸਾਬਕਾ ਰਾਜ ਸਭਾ ਮੈਂਬਰ ਸ. ਰਾਜ ਮਹਿੰਦਰ ਸਿੰਘ ਮਜੀਠਾ, ਤਲਬੀਰ ਸਿੰਘ ਗਿੱਲ ਅਤੇ ਸਾਬਕਾ ਵਿਧਾਇਕ ਸ. ਰਣਜੀਤ ਸਿੰਘ ਵਰਿਆਮ ਨੰਗਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮੇਜਰ ਸ਼ਿਵੀ, ਸ. ਮਜੀਠੀਆ ਦੇ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ, ਜੋਧ ਸਿੰਘ ਸਮਰਾ, ਭਗਵੰਤ ਸਿੰਘ ਸਿਆਲਕਾ, ਤਰਸੇਮ ਸਿੰਘ ਸਿਆਲਕਾ, ਤਰੁਨ ਕੁਮਾਰ ਅਬਰੋਲ, ਸਰਬਜੀਤ ਸਿੰਘ ਸਪਾਰੀਵਿੰਡ, ਹਰਵਿੰਦਰ ਸਿੰਘ ਪੱਪੂ ਕੋਟਲਾ, ਮੈਨੇਜਰ ਸੁਲੱਖਣ ਸਿੰਘ ਭੰਗਾਲੀ, ਜ਼ੈਲ ਸਿੰਘ ਗੋਪਾਲ ਪੁਰਾ, ਬੀਬੀ ਧਰਮ ਕੋਰ ਮਹਿਮੂਦਪੁਰ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply