Monday, July 8, 2024

ਘੱਟ ਕੀਮਤ ਵਾਲੇ ਸੈਨੀਟਰੀ ਨੈਪਕਿਨ ਹੋਣਗੇ ਮੁਹੱਈਆ-ਸਰਕਾਰੀ ਸਕੂਲਾਂ ‘ਚ ਲੱਗਣਗੀਆਂ ਵਿਕਰੀ ਮਸ਼ੀਨਾਂ

PPN2112201508

ਅੰਮ੍ਰਿਤਸਰ, 21 ਦਸੰਬਰ (ਗੁਰਚਰਨ ਸਿੰਘ)- ਸਮਾਜਿਕ ਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੀਆਂ ਲੜਕੀਆਂ ਦੀ ਅਰੋਗਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਆਪਣੇ ਪੱਧਰ ‘ਤੇ ਤਿਆਰ ਕੀਤੇ ਘੱਟ ਕੀਮਤ ਵਾਲੇ ਸੈਨੀਟਰੀ ਨੈਪਕਿਨ ਮੁਹੱਈਆ ਕਰਵਾਉਣ ਦੀ ਨਿਵੇਕਲੀ ਪਹਿਲਕਦਮੀ ਦਾ ਆਗਾਜ਼ ਕੀਤਾ ਹੈ ਜਿਸ ਨਾਲ ਸਰਕਾਰੀ ਸਕੂਲਾਂ ਵਿਚ ਸਥਾਪਿਤ ਵਿਕਰੀ ਮਸ਼ੀਨਾਂ ਰਾਹੀਂ ਸ਼ਹਿਰੀ ਤੇ ਪੇਂਡੂ ਆਬਾਦੀ ਦੀਆਂ ਗਰੀਬ ਪੇਂਡੂ ਲੜਕੀਆਂ ਨੂੰ ਇਹ ਨੈਪਕਿਨ ਮਿਲਣੇ ਸ਼ੁਰੂ ਹੋ ਜਾਣਗੇ। ਇਹ ਵਿਲੱਖਣ ਉਪਰਾਲਾ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਦੇ ਦਿਮਾਗ ਦੀ ਕਾਢ ਹੈ ਜਿਸ ਦਾ ਉਦੇਸ਼ ਲੜਕੀਆਂ ਨੂੰ ਮਾਹਵਾਰੀ ਦੀ ਉਮਰ ਮੌਕੇ ਅਰੋਗਤਾ ਲਈ ਮਾਰਕੀਟ ਵਿਚ ਬਹੁਤ ਮਹਿੰਗੇ ਭਾਅ ਮਿਲਦੇ ਸੈਨੀਟਰੀ ਪੈਡ ਦੇ ਬਦਲ ਵਜੋਂ ਘੱਟ ਕੀਮਤ ਵਾਲੇ ਸੈਨੀਟਰੀ ਨੈਪਕਿਨ ਮੁਹੱਈਆ ਕਰਵਾਉਣਾ ਹੈ। ਇਸ ਪਹਿਲਕਦਮੀ ਨਾਲ ਸਿਹਤ ਸੰਭਾਲ ਵਿਚ ਪੇਂਡੂ ਤੇ ਸ਼ਹਿਰੀ ਵਿਚਲਾ ਪਾੜਾ ਘਟਣ ਦੇ ਨਾਲ-ਨਾਲ ਜ਼ਿਲ੍ਹੇ ਵਿਚ ਔਰਤਾਂ ਦੇ ਸਰਬਪੱਖੀ ਵਿਕਾਸ ਨੂੰ ਹੋਰ ਵਧੇਰੇ ਯਕੀਨੀ ਬਣਾਇਆ ਜਾ ਸਕੇਗਾ।
ਇਸ ਪੈਡ ਦਾ ਨਾਮ ‘ਨਾਰੀ ਵੀ-ਕੇਅਰ’ ਰੱਖਿਆ ਗਿਆ ਹੈ ਜਿਸ ਦਾ ਭਾਵ ‘ਨਾਰੀ ਨਿਕੇਤਨ’ ਅਤੇ ‘ਰੈੱਡ ਕਰਾਸ ਦਾ ਉਪਰਾਲਾ’ ਹੈ। ਵਾਤਾਵਰਨ ਪੱਖੀ ਇਹ ਪੈਡ ਘੱਟ ਕੀਮਤ ‘ਤੇ ਮੁਹੱਈਆ ਹੋਣਗੇ ਜਿਸ ਕਰਕੇ ਇਹ ਹਰੇਕ ਤਬਕੇ ਦੀ ਪਹੁੰਚ ਵਿਚ ਹੋਣ ਦੇ ਨਾਲ-ਨਾਲ ਵਰਤਣ ਉਪਰੰਤ ਸੌਖਿਆ ਹੀ ਤਿਆਗਣ ਯੋਗ ਹੋਣਗੇ। ਇਹ ਪੈਡ ਸੰਭਾਲ ਘਰ, ਨਾਰੀ ਨਿਕੇਤਨ ਦੀਆਂ ਲੜਕੀਆਂ ਵੱਲੋਂ ਪੈਡ ਬਣਾਉਣ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਮਸ਼ੀਨ ਰਾਹੀਂ ਬਣਾਏ ਗਏ ਹਨ। ਪੰਜ ਪੈਡ ਵਾਲੇ ਇਕ ਪੈਕਟ ਦੀ ਕੀਮਤ 10 ਰੁਪਏ ਜਦਕਿ ਦੋ ਪੈਡ ਵਾਲੇ ਇਕ ਪੈਕਟ ਦੀ ਕੀਮਤ ਮਹਿਜ਼ ਪੰਜ ਰੁਪਏ ਹੈ। ਇਸ ਤੋਂ ਇਲਾਵਾ ਪੇਂਡੂ ਅਤੇ ਝੁੱਗੀ-ਝੌਂਪੜੀਆਂ ਦੀਆਂ ਲੜਕੀਆਂ ਨੂੰ ਇਹ ਪੈਡ ਮੁਫਤ ਮੁਹੱਈਆ ਕੀਤੇ ਜਾਣਗੇ। ਸਥਾਨਕ ਸਟੇਟ ਆਫਟਰ ਕੇਅਰ ਹੋਮ (ਨਾਰੀ ਨਿਕੇਤਨ) ਵਿਖੇ ਇਸ ਨਿਵੇਕਲੇ ਪ੍ਰਾਜੈਕਟ ਦਾ ਉਦਘਾਟਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਕਿਹਾ ਕਿ ਇਸ ਪ੍ਰਾਜੈਕਟ ਦੇ ਫਾਇਦੇ ਲਈ ਸਬੰਧਤ ਲੋਕਾਂ ਤੱਕ ਸੁਖਾਲੀ ਪਹੁੰਚ ਬਣਾਉਣ ਵਾਸਤੇ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿਚ ਨੈਪਕਿਨ ਵਿਕਰੀ ਮਸ਼ੀਨਾਂ ਦਾ ਬੰਦੋਬਸਤ ਕੀਤਾ ਹੈ ਕਿਉਂ ਜੋ ਬਹੁਤੀਆਂ ਲੜਕੀਆਂ ਦੁਕਾਨਾਂ ਤੋਂ ਨੈਪਕਿਨ ਖਰੀਦਣ ਤੋਂ ਝਿਜਕਦੀਆਂ ਹਨ। ਉਨ੍ਹਾਂ ਦੱਸਿਆ ਕਿ ਪੇਂਡੂ ਵਸੋਂ ਦੀਆਂ ਕਿਸ਼ੋਰ ਉਮਰ ਦੀਆਂ ਲੜਕੀਆਂ ਦੀ ਸਿਹਤ ਸਥਿਤੀ ਬਾਰੇ ਉਨ੍ਹਾਂ ਨੂੰ ਬਹੁਤ ਚਿੰਤਾ ਹੁੰਦੀ ਸੀ ਕਿਉਂਕਿ ਇਸ ਉਮਰ ਦੌਰਾਨ ਲੜਕੀਆਂ ਵਿਚ ਸਿਹਤ ਸਮੱਸਿਆ ਪੈਦਾ ਹੋਣ ਦਾ ਖਤਰਾ ਬਰਕਰਾਰ ਰਹਿੰਦਾ ਹੈ। ਇਸ ਤੋਂ ਇਲਾਵਾ ਕਈ ਖੋਜਾਂ ਵਿਚ ਵੀ ਇਹ ਖੁਲਾਸਾ ਹੋਇਆ ਹੈ ਕਿ ਮਾਹਵਾਰੀ ਦੀ ਉਮਰ ਵਿਚ ਲੜਕੀਆਂ ਦੇ ਸਕੂਲ ਛੱਡਣ ਦੀ ਦਰ ਵਿਚ ਤੇਜ਼ੀ ਨਾਲ ਇਜ਼ਾਫਾ ਹੋਇਆ ਹੈ। ਇਸ ਸਥਿਤੀ ਨੂੰ ਮੱਦੇਨਜ਼ਰ ਰੱਖਦਿਆਂ ਉਨ੍ਹਾਂ ਨੇ ਬਹੁ-ਸਮੱਸਿਆਵਾਂ ਦੇ ਹੱਲ ਲਈ ਇਹ ਸਕੀਮ ਸ਼ੁਰੂ ਕੀਤੀ ਹੈ।
ਇਸ ਮੌਕੇ ਰੈੱਡ ਕਰਾਸ ਦੇ ਹੌਸਪੀਟਲ ਵੈਲਫੇਅਰ ਸੈਕਸ਼ਨ ਦੀ ਚੇਅਰਪਰਸਨ ਡਾ. ਤਰੁਨਦੀਪ ਕੌਰ ਨੇ ਕਿਹਾ ਕਿ ਇਸ ਸਕੀਮ ਦਾ ਮੁੱਖ ਮੰਤਵ ਪੇਂਡੂ ਲੜਕੀਆਂ ਦੀ ਅਰੋਗਤਾ ਨੂੰ ਯਕੀਨੀ ਬਣਾਉਣਾ, ਲੜਕੀਆਂ ਦੇ ਸਕੂਲ ਛੱਡਣ ਦੀ ਦਰ ਘਟਾਉਣਾ ਅਤੇ ਥੋੜ੍ਹੀ ਜਿਹੀ ਸਿਖਲਾਈ ਨਾਲ ਔਰਤਾਂ ਨੂੰ ਘਰ ਵਿਚ ਇਹ ਪੈਡ ਤਿਆਰ ਕਰਨ ਦੇ ਯੋਗ ਬਣਾਉਣਾ ਹੈ ਜਿਸ ਨਾਲ ਔਰਤਾਂ ਨੂੰ ਰੁਜ਼ਗਾਰ ਦੇ ਚੰਗੇ ਮੌਕੇ ਦੇਣ ਤੋਂ ਇਲਾਵਾ ਵਿੱਤੀ ਵਸੀਲੇ ਹਾਸਲ ਹੋਣਗੇ। ਉਨ੍ਹਾਂ ਦੱਸਿਆ ਕਿ ਨਾਰੀ ਨਿਕੇਤਨ ਦੀਆਂ ਲੜਕੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਸਿਲਾਈ-ਕਢਾਈ ਦੇ ਹੁਨਰਮੰਦ ਬਣਾਉਣ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਹੁਣ ਇਹ ਹੁਨਰ ਵੀ ਉਨ੍ਹਾਂ ਦੀ ਸਿਖਲਾਈ ਦਾ ਹਿੱਸਾ ਬਣ ਗਿਆ ਹੈ ਜਿਸ ਨਾਲ ਉਹ ਆਪਣੇ ਜੀਵਨ ਨੂੰ ਸੁਧਾਰ ਸਕਣਗੀਆਂ।ਉਦਘਾਟਨੀ ਸਮਾਰੋਹ ਵਿਚ ਸਕੱਤਰ ਰੈੱਡ ਕਰਾਸ ਸ੍ਰੀਮਤੀ ਵਿਨੇ ਸ਼ਰਮਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸਤਿੰਦਰਬੀਰ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਣਜੀਤ ਸਿੰਘ ਬੁੱਟਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਇੰਦਰਪ੍ਰੀਤ ਕੌਰ, ਨਾਰੀ ਨਿਕੇਤਨ ਦੀ ਸੁਪਰਵਾਈਜ਼ਰ ਕਿਰਤਪ੍ਰੀਤ ਕੌਰ ਅਤੇ ਡਿਪਟੀ ਈ.ਐਸ.ਏ. ਚਰਨਜੀਤ ਸਿੰਘ ਤੋਂ ਇਲਾਵਾ ਨਾਰੀ ਨਿਕੇਤਨ ਦੀਆਂ ਲੜਕੀਆਂ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply