ਨਵੀਂ ਦਿੱਲੀ, 24 ਦਸੰਬਰ (ਅੰਮ੍ਰਿਤ ਲਾਲ ਮੰਨਣ)- ਗੁਰਦੁਆਰਾ ਰਕਾਬ ਗੰਜ ਸਾਹਿਬ ਵਿੱਖੇ ਬਣਾਈ ਜਾ ਰਹੀ ਨਵੰਬਰ 1984 ਸਿੱਖ ਕਤਲੇਆਮ ਯਾਦਗਾਰ ਤੇ ਨਵੰਬਰ 1984 ਦੌਰਾਨ ਦਿੱਲੀ ਵਿੱਖੇ ਮਾਰੇ ਗਏ ਲੋਕਾਂ ਦੇ ਨਾਂ ਉਕੇਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਕਮੇਟੀ ਕੋਲ ਨਾਂ ਪਹੁੰਚਾਉਣ ਦੀ ਅਪੀਲ ਕੀਤੀ ਗਈ ਹੈ। ਪ੍ਰੋਜੈਕਟ ਕਮੇਟੀ ਦੇ ਚੇਅਰਮੈਨ ਅਤੇ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਤਨਵੰਤ ਸਿੰਘ ਵੱਲੋਂ ਜਾਰੀ ਇਸ ਅਪੀਲ ਵਿੱਚ ਯਾਦਗਾਰ ਦੀ ਉਸਾਰੀ 7-8 ਮਹੀਨੀਆਂ ਵਿਚ ਪੂਰਾ ਹੋਣ ਦੀ ਆਸ਼ ਜਤਾਈ ਗਈ ਹੈ।
ਤਨਵੰਤ ਸਿੰਘ ਨੇ ਦਸਿਆ ਕਿ ਨਵੰਬਰ 1984 ਦੌਰਾਨ ਦਿੱਲੀ ਵਿੱਖੇ 10 ਹਜਾਰ ਤੋਂ ਵੱਧ ਸਿੱਖ ਮਾਰੇ ਗਏ ਸੀ ਪਰ ਕਮੇਟੀ ਕੋਲ ਹਾਲੇ ਤਕ ਲਗਭਗ 3500 ਲੋਕਾਂ ਦੇ ਨਾਂ ਪੁੱਜੇ ਹਨ। ਹੰਝੂਆਂ ਦੀ ਦੀਵਾਰ ਵੱਜੋਂ ਬਣ ਰਹੀ ਇਸ ਯਾਦਗਾਰ ਵਿੱਚ ਤਨਵੰਤ ਸਿੰਘ ਨੇ ਇੰਡੀਆ ਗੇਟ ਤੇ ਉਕੇਰੇ ਗਏ ਸ਼ਹੀਦ ਫੌਜੀਆਂ ਦੇ ਨਾਂ ਦੀ ਤਰਜ਼ ਤੇ ਮਾਰੇ ਗਏ ਲੋਕਾਂ ਦੇ ਨਾਂ ਉਕੇਰਨ ਦਾ ਦਾਅਵਾ ਕੀਤਾ। ਇਸ ਯਾਦਗਾਰ ਨੂੰ ਮਨੁੱਖਤਾ ਦੇ ਕਤਲ ਦੀ ਯਾਦਗਾਰ ਦਸਦੇ ਹੋਏ ਤਨਵੰਤ ਸਿੰਘ ਨੇ ਇਸ ਕਤਲੇਆਮ ਦੌਰਾਨ ਸਿੱਖਾਂ ਦੇ ਜਾਨਮਾਲ ਦੀ ਰੱਖਿਆ ਕਰਨ ਦੌਰਾਨ ਮੌਤ ਨੂੰ ਪ੍ਰਾਪਤ ਹੋਏ ਤਿੰਨ ਹਿੰਦੂ ਵੀਰਾਂ ਦੇ ਨਾਂ ਉਕੇਰਨ ਦੀ ਵੀ ਗੱਲ ਕਹੀ। ਤਨਵੰਤ ਸਿੰਘ ਨੇ ਸੰਗਤਾਂ ਨੂੰ ਇਸ ਸਬੰਧੀ ਨਾਂ ਸਬੂਤਾਂ ਦੇ ਨਾਲ ਪਹੁੰਚਾਉਣ ਵਾਸਤੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਪ੍ਰੋਜੈਕਟ ਕਮੇਟੀ ਦੇ ਕਮਰੇ ਵਿੱਚ ਭੇਜਣ ਦਾ ਵੀ ਹਵਾਲਾ ਦਿੱਤਾ।
ਤਨਵੰਤ ਸਿੰਘ ਨੇ ਸਾਫ਼ ਕਿਹਾ ਕਿ ਯਾਦਗਾਰ ਦੀ ਉਸਾਰੀ ਦਾ ਸਾਡਾ ਮਕਸਦ ਸਿਰਫ਼ ਸਾਡੇ ਨਾਲ ਹੋਏ ਧੱਕੇ ਬਾਰੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਦਰਸ਼ਾਉਣ ਦਾ ਹੈ ਤਾਂਕਿ ਲੋਕਾਂ ਨੂੰ ਪਤਾ ਚਲ ਸਕੇ ਕਿ ਦੇਸ਼-ਕੌਮ ਦੇ ਲਈ ਅਣਗਿਣਤ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਨਾਲ ਉਸਦੇ ਮੁਲਕ ਵਿੱਚ ਉਸਦੀ ਚੁਣੀ ਹੋਈ ਸਰਕਾਰ ਦੀ ਸ਼ਹਿ ਤੇ ਕਿਸ ਪ੍ਰਕਾਰ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਗਿਆ ਸੀ।
Check Also
ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਮਾਮਲਾ
ਐਡਵੋਕੇਟ ਧਾਮੀ ਨੇ ਭਾਰਤ ਦੇ ਹਵਾਬਾਜ਼ੀ ਮੰਤਰੀ ਨੂੰ ਨੋਟੀਫਿਕੇਸ਼ਨ ਵਾਪਸ ਲੈਣ ਲਈ ਲਿਖਿਆ ਪੱਤਰ ਅੰਮ੍ਰਿਤਸਰ, …