Friday, July 5, 2024

 ਸਾਡੀਆਂ ਬਹਾਦਰ ਫੋਰਸਾਂ ਨੇ ਸਰਹੱਦ ਪਾਰ ਤੋਂ ਹੋਏ ਹਮਲੇ ਦਾ ਮੂੰਹ ਤੋੜਵਾਂ ਜਵਾਬ ਦਿੱਤਾ- ਬਾਦਲ

PPN0201201610

ਪਠਾਨਕੋਟ, 2 ਜਨਵਰੀ (ਪ.ਪ)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਆਖਿਆ ਕਿ ਸਾਡੀਆਂ ਬਹਾਦਰ ਫੋਰਸਾਂ ਨੇ ਸਰਹੱਦ ਪਾਰ ਤੋਂ ਹੋਏ ਹਮਲੇ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਉਨ੍ਹਾਂ ਆਖਿਆ ਕਿ ਖੁਫੀਆਂ ਏਜੰਸੀਆਂ ਵੱਲੋਂ ਸਮੇਂ ਸਿਰ ਦਿੱਤੀ ਗਈ ਜਾਣਕਾਰੀ ਨਾਲ ਅੱਤਵਾਦੀਆਂ ਵੱਲੋਂ ਹਮਲੇ ਦੀ ਬਣਾਈ ਗਈ ਯੋਜਨਾ ਨੂੰ ਠੁਸ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਖੁਫੀਆਂ ਸੂਚਨਾ ਮੁਤਾਬਕ ਹਮਲਾਵਾਰ ਆਪਣੀਆਂ ਕੋਜੀਆਂ ਸਾਜਿਸ਼ਾਂ ਰਾਹੀਂ ਦਹਿਸ਼ਤ ਪੈਦਾ ਕਰ ਸਕਦੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸਾਜਿਸ਼ ਹਾਲ-ਹੀ ਵਿੱਚ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਵੱਲੋਂ ਪਾਕਿਸਤਾਨ ਦਾ ਦੌਰਾ ਕਰਕੇ ਅਮਨ ਸ਼ਾਂਤੀ ਲਈ ਸ਼ੁਰੂ ਕੀਤੀ ਗੱਲਬਾਤ ਨੂੰ ਪਟਰੀ ਤੋਂ ਲਾਉਣਾ ਦੀ ਕੋਸ਼ਿਸ਼ ਹੈ।
ਦੇਸ਼ ਦੀ ਏਕਤਾ ਤੇ ਅਖੰਡਤਾ ਤੇ ਸਿੱਧੇ ਹਮਲੇ ਨੂੰ ਨਾਕਾਮ ਕਰਨ ਵਿੱਚ ਸੂਬੇ ਅਤੇ ਕੇਂਦਰ ਦੀਆਂ ਸੁਰੱਖਿਆ ਫੋਰਸਾਂ ਦਰਮਿਆਨ ਬਿਹਤਰ ਤਾਲਮੇਲ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਇੰਨਾਂ ਦੋਹਾਂ ਫੋਰਸਾਂ ਸਦਕਾ ਦੇਸ਼ ਵਿਰੋਧੀ ਤਾਕਤਾ ਦੀਆਂ ਘੱਟੀਆਂ ਚਾਲਾਂ ਕਾਮਯਾਬ ਨਹੀਂ ਹੋਣਗੀਆਂ। ਉਨ੍ਹਾਂ ਨੇ ਸੁਰੱਖਿਆ ਫੋਰਸਾਂ ਦੇ ਬਹਾਦਰੀ ਵਾਲੇ ਜਜਬੇ ਦੀ ਪ੍ਰਸੰਸਾ ਕੀਤੀ ਜੋ ਹਮੇਸ਼ਾਂ ਦੇਸ਼ ਦੀ ਸੁਰੱਖਿਆ ਲਈ ਕਿਸੇ ਵੀ ਕਿਸਮ ਦੇ ਪੈਦਾ ਹੋਏ ਖਤਰੇ ਨਾਲ ਜੂਝਨ ਲਈ ਤਿਆਰ ਬਰ ਤਿਆਰ ਰਹਿੰਦੇ ਹਨ। ਸ. ਬਾਦਲ ਨੇ ਆਖਿਆ ਕਿ ਸਾਰੇ ਮੁਲਖ ਵਾਸੀ ਦੇਸ਼ ਦੀ ਏਕਤਾ ਅਤੇ ਅਖੰਡਤਾ ਖਿਲਾਫ ਘੜੀ ਜਾਂਦੀ ਸਾਜਿਸ਼ ਨੂੰ ਨਾਕਾਮ ਕਰਨ ਵਿੱਚ ਹਮੇਸ਼ਾਂ ਸਫਲ ਹੁੰਦੇ ਸਾਡੇ ਬਹਾਦਰ ਸੈਨਿਕਾਂ ਨੂੰ ਸਲਾਮ ਕਰਦੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਅਮਨ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਕਾਇਮ ਰੱਖਣ ਲਈ ਪੂਰਨ ਤੌਰ ਤੇ ਵਚਨਬੱਧ ਹੈ ਅਤੇ ਇਸ ਨੂੰ ਭੰਗ ਕਰਨ ਦੀ ਕਿਸੇ ਨੂੰ ਵੀ ਇਜਾਜਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਆਖਿਆ ਕਿ ਸਰਹੱਦ ਪਾਰੋ ਅੱਤਵਾਦ ਨੂੰ ਰੋਕਣ ਲਈ ਦੇਸ਼ ਦੀਆਂ ਸਰਹੱਦਾਂ ਤੇ ਹੋਰ ਪ੍ਰਭਾਵੀ ਕਦਮ ਚੁੱਕਣ ਦੀ ਜਰੂਰਤ ਹੈ ਕਿਉਂਕਿ ਇਹ ਸਾਡੇ ਦੇਸ਼ ਦੀ ਏਕਤਾ ਨੂੰ ਸਿੱਧੇ ਤੌਰ ਤੇ ਖਤਰਾ ਹੈ। ਸ਼ੁਕਰਵਾਰ ਰਾਤ ਨੂੰ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਪਿੰਡ ਭਗਵਾਲ ਦੇ ਇਕਾਗਰ ਸਿੰਘ ਦੀ ਰਿਹਾਇਸ਼ ਤੇ ਲੋਕਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਪਠਾਨਕੋਟ ਵਿਖੇ ਅੱਤਵਾਦੀ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ।
ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਦੇ ਯਤਨਾਂ ਨੂੰ ਦੋਸਤੀ ਵਾਲੇ ਮਾਹੌਲ ਵਿੱਚ ਸਿਰਜਨਾ ਚਾਹੀਦਾ ਸੀ ਪਰ ਸਰਹੱਦ ਪਾਰ ਤੋਂ ਹਮਲੇ ਦੇ ਰੂਪ ਵਿੱਚ ਦਿੱਤੇ ਗਏ ਹੁੰਗਾਰੇ ਦੀ ਕੌਮਾਂਤਰੀ ਭਾਈਚਾਰੇ ਵੱਲੋਂ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਇਕਾਗਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਜਾਹਿਰ ਕਰਦਿਆਂ ਮੁੱਖ ਮੰਤਰੀ ਨੇ ਇਸ ਨੂੰ ਕੌਮੀ ਸ਼ਹੀਦ ਦੱਸਦਿਆਂ ਕਿਹਾ ਕਿ ਇਸ ਨਾਲ ਨਾ ਸਿਰਫ ਪਰਿਵਾਰ ਨੂੰ ਸਗੋਂ ਪੂਰੇ ਮੁਲਖ ਨੂੰ ਖਾਸ ਕਰ ਸੂਬੇ ਨੂੰ ਨਾ ਸਹਿਣ ਵਾਲਾ ਘਾਟਾ ਪਿਆ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਇਕਾਗਰ ਸਿੰਘ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਤੋਂ ਇਲਾਵਾ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਸੂਬਾ ਸਰਕਾਰ ਇਕਾਗਰ ਸਿੰਘ ਦੇ ਬੱਚਿਆਂ ਅਤੇ ਮਾਤਾ ਪਿਤਾ ਨੂੰ ਪੈਨਸਨ ਦੇਵੇਗੀ ਅਤੇ ਇਕਾਗਰ ਸਿੰਘ ਦੇ ਘਰ ਨੂੰ ਜਾਂਦੀ ਸੜਕ ਨੂੰ ਕੰਕਰੀਟ ਨਾਲ ਪੱਕਾ ਕੀਤਾ ਜਾਵੇਗਾ। ਇਸ ਮੌਕੇ ਤੇ ਵਿਧਾਇਕ ਸੀਮਾ ਕੁਮਾਰੀ, ਏ.ਕੇ. ਪਾਂਡੇ ਆਈ.ਜੀ., ਸਪੈਸ਼ਲ ਸੈਕਟਰੀ ਡਾ. ਐਸ ਕਾਰੁਨਾਰਾਜੂ, ਡਿਪਟੀ ਕਮਿਸ਼ਨਰ ਅਭਿਨਵ ਤ੍ਰਿਖਾ, ਐਸ.ਐਸ.ਪੀ. ਆਰ.ਕੇ ਬਖਸ਼ੀ, ਐਸ.ਡੀ.ਐਮ. ਅਮਿਤ ਮਹਾਜਨ, ਗੋਵਰਧਨ ਗੋਪਾਲ ਚੇਅਰਮੈਨ ਜਿਲ੍ਹਾ ਪ੍ਰੀਸ਼ਦ, ਵਿਨੋਦ ਕੁਮਾਰ, ਨਰਿੰਦਰ ਪਰਮਾਰ, ਸੰਜੀਵ ਮੱਲ੍ਹਣ, ਜਥੇਦਾਰ ਸੇਵਾ ਸਿੰਘ, ਜਸਵੰਤ ਸਿੰਘ ਰਾਣੀਪੁਰ ਅਤੇ ਪਿੰਡ ਨਿਵਾਸੀ ਵੱਡੀ ਗਿਣਤੀ ਵਿੱਚ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply