Friday, July 5, 2024

 ਪੰਜਾਬ ਸਰਕਾਰ ਸਰਹੱਦ ‘ਤੇ ਘੁੱਸਪੈਠ ਨੂੰ ਰੋਕਣ ਲਈ ਦੂਸਰੀ ਸੁਰੱਖਿਆ ਲਾਈਨ ਮਜ਼ਬੂਤ ਕਰੇਗੀ – ਉਪ ਮੁੱਖ ਮੰਤਰੀ

PPN0301201601 PPN0301201602

ਪਠਾਨਕੋਟ, 3 ਜਨਵਰੀ (ਪ.ਪ)- ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਤੋਂ ਪੰਜਾਬ ਨਾਲ ਲਗਦੀ ਪਾਕਿਸਤਾਨ ਸੀਮਾ ‘ਤੇ ਬੀ.ਐਸ.ਐਫ. ਦੀ ਨਫਰੀ ਤੇ ਚੌਕਸੀ ਵਧਾਉਣ ਦੀ ਮੰਗ ਕਰਦਿਆਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਸਰਹੱਦ ‘ਤੇ ਘੁੱਸਪੈਠ ਨੂੰ ਰੋਕਣ ਲਈ ਦੂਸਰੀ ਸੁਰੱਖਿਆ ਲਾਈਨ ਨੂੰ ਮਜ਼ਬੂਤ ਕਰੇਗੀ ਅਤੇ ਇਸ ਦੇ ਘੇਰੇ ਦੀ ਮਜ਼ਬੂਤੀ ਲਈ ਅਧੁਨਿਕ ਸੁਰੱਖਿਆ ਯੰਤਰ ਅਤੇ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਦੂਸਰੀ ਸੁਰੱਖਿਆ ਲਾਈਨ ‘ਤੇ ਪੰਜਾਬ ਪੁਲਿਸ ਦੀ ਨਫਰੀ ਵਧਾਈ ਜਾਵੇਗੀ ਅਤੇ ਰਾਤ ਦੇ ਸਮੇਂ ਦੂਰ ਤੱਕ ਦੇਖਣ ਲਈ ਲੇਜਰ ਲਾਈਟਾਂ ਲਗਾਈਆਂ ਜਾਣਗੀਆਂ ਅਤੇ ਪੰਜਾਬ ਪੁਲਿਸ ਨੂੰ ਰਾਤ ਦੇ ਸਮੇਂ ਚੌਕਸੀ ਰੱਖਣ ਲਈ ਨਾਈਟ ਵਿਜਨ ਯੰਤਰ ਵੀ ਮੁਹਈਆ ਕਰਵਾਏ ਜਾਣਗੇ।
ਸ. ਬਾਦਲ ਅੱਜ ਸਥਾਨਿਕ ਐਨ.ਐਚ.ਪੀ.ਸੀ. ਦੇ ਰੈਸਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਹੱਦ ਪਾਰ ਤੋਂ ਅੱਤਵਾਦੀਆਂ ਘਟਨਾਵਾਂ ਨੂੰ ਰੋਕਣ ਲਈ ਸਰਹੱਦ ਉੱਤੇ ਬੀ.ਐਸ.ਐਫ. ਗਿਣਤੀ ਵਧਾਉਣ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਕੀਤੀ ਜਾਵੇਗੀ ਤਾਂ ਜੋ ਭਵਿੱਖ ਵਿੱਚ ਦੁਬਾਰਾ ਇਹੋ ਅਜਿਹੀਆਂ ਘਟਨਾਵਾਂ ਨਾ ਵਾਪਰ ਸਕਣ। ਉਨ੍ਹਾਂ ਕਿਹਾ ਕਿ ਪਠਾਨਕੋਟ ਵਿਖੇ ਇੱਕ ਹੋਰ ਨਵੀਂ ਪੁਲਿਸ ਲਾਈਨ ਸਥਾਪਿਤ ਕੀਤੀ ਜਾਵੇਗੀ ਅਤੇ ਕਮਾਂਡੋ ਬਟਾਲੀਅਨ ਵੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪਠਾਨਕੋਟ ਜ਼ਿਲ੍ਹਾ ਅੰਤਰ ਰਾਸ਼ਟਰੀ ਸਰਹੱਦ ਨਾਲ ਲੱਗਦਾ ਹੈ ਅਤੇ ਪਿਛਲੇ ਸਮੇਂ ਦੌਰਾਨ ਹੋਈਆਂ ਆਤੰਕੀ ਘਟਨਾਵਾਂ ਨੂੰ ਵੇਖਦੇ ਹੋਏ ਪਠਾਨਕੋਟ ਜ਼ਿਲ੍ਹੇ ਅੰਦਰ ਵੱਖਰੀ ਸਵੈਟ ਟੀਮ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇੰਨ੍ਹਾਂ ਟੀਮਾਂ ਦੇ ਬਣਨ ਨਾਲ ਬਾਰਡਰ ਪਾਰ ਤੋਂ ਹੋਣ ਵਾਲੀਆਂ ਆਤੰਕੀ ਗਤੀਵਿੱਧੀਆਂ ‘ਤੇ ਰੋਕ ਲੱਗੇਗੀ ਅਤੇ ਤੁਰੰਤ ਕਾਰਵਾਈ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਪਠਾਨਕੋਟ ਜ਼ਿਲ੍ਹੇ ਦੀ ਬਾਰਡਰ ਮੈਪਿੰਗ ਕਰਕੇ ਨਾਜੂਕ ਸਥਾਨਾਂ ‘ਤੇ ਸੁਰੱਖਿਆ ਮਜ਼ਬੂਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੂੰ ਜਦੋਂ ਹੀ ਅੱਤਵਾਦੀਆਂ ਦੇ ਪਠਾਨਕੋਟ ਜ਼ਿਲ੍ਹੇ ਵਿੱਚ ਦਾਖਲ ਹੋਣ ਦੀ ਸੂਚਨਾ ਮਿਲੀ ਤਾਂ ਤੁਰੰਤ ਕੇਂਦਰੀ ਏਜੰਸੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਸਮੇਂ ਸਿਰ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਕੇ ਆਤੰਕਵਾਦੀਆਂ ਵੱਲੋਂ ਕੀਤੀ ਜਾਣ ਵਾਲੀ ਵੱਡੀ ਘਟਨਾ ਨੂੰ ਨਾਕਾਮ ਕਰ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਇਸ ਤੋਂ ਪਹਿਲਾਂ ਵੀ ਦੀਨਾਨਗਰ ਵਿਖੇ ਹੋਏ ਆਤੰਕੀ ਹਮਲੇ ਦਾ ਬਹਾਦਰੀ ਨਾਲ ਮੁਕਾਬਲਾ ਕਰਕੇ ਅੱਤਵਾਦੀਆਂ ਦੇ ਇਰਾਇਦਾ ਨੂੰ ਠੁਸ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਸਰਹੱਦੀ ਖੇਤਰਾਂ ਦੇ ਵਸਨੀਕਾਂ ਅਤੇ ਲੋਕਾਂ ਦੀ ਸੁਰੱਖਿਆ ਲਈ ਹਰ ਵਕਤ ਤਤਪਰ ਰਹੇਗੀ।
ਇਸ ਤੋਂ ਪਹਿਲਾਂ ਸ. ਬਾਦਲ ਨੇ ਆਤੰਕੀ ਹਮਲੇ ਦੌਰਾਨ ਜਖਮੀ ਹੋਏ ਰਾਜੇਸ਼ ਕੁਮਾਰ ਵਰਮਾ ਦਾ ਅਮਨਦੀਪ ਹਸਪਤਾਲ ਪਠਾਨਕੋਟ ਵਿਖੇ ਪਹੁੰਚ ਕੇ ਹਾਲ-ਚਾਲ ਪੁੱਛਿਆ ਅਤੇ ਡਾਕਟਰਾਂ ਵੱਲੋਂ ਕੀਤੇ ਜਾ ਰਹੇ ਇਲਾਜ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸ ਉਪਰੰਤ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਖੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਲੋਕ ਨਾਥ ਆਂਗਰਾ ਆਈ.ਜੀ. ਬਾਰਡਰ ਰੇਂਜ, ਏ.ਕੇ. ਪਾਂਡੇ ਆਈ.ਜੀ., ਆਰ.ਕੇ. ਬਖਸ਼ੀ ਐਸ.ਐਸ.ਪੀ., ਕੇ.ਐਸ. ਰਾਜ ਵਧੀਕ ਡਿਪਟੀ ਕਮਿਸ਼ਨਰ(ਜ) ਅਤੇ ਅਮਿਤ ਮਹਾਜਨ ਐਸ.ਡੀ.ਐਮ. ਵੀ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply