Monday, July 8, 2024

18 ਨੂੰ ਚੰਡੀਗੜ੍ਹ ਵਿਖੇ ਹੋਵੇਗੀ ਵਿਸ਼ਾਲ ਕਿਸਾਨ ਪੰਚਾਇਤ – ਪੰਜਾਬ ਪ੍ਰਧਾਨ ਲੱਖੋਵਾਲ

ਅੰਮ੍ਰਿਤਸਰ, 12 ਫਰਵਰੀ (ਜਗਦੀਪ ਸਿੰਘ ਸੱਗੂ)- ਇੰਡੀਅਨ ਕੋਆਰਡੀਨੇਸ਼ਨ ਕਮੇਟੀ ਆਫ਼ ਫ਼ਾਰਮਰਜ਼ ਮੂਵਮੈਂਟ ਦੇ ਫੈਸਲੇ ਅਨੁਸਾਰ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਖਿਲਾਫ਼ ਪੰਜਾਬ ਅਤੇ ਹਰਿਆਣਾ ਦੇ ਕਿਸਾਨ 18 ਫਰਵਰੀ ਨੂੰ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਵਿਸ਼ਾਲ ਕਿਸਾਨ ਪੰਚਾਇਤ ਵਿੱਚ ਸ਼ਾਮਿਲ ਹੋਣ ਲਈ ਪੰਜਾਬ ਵਿੱਚੋਂ 50 ਹਜ਼ਾਰ ਕਿਸਾਨ ਪੁੱਜਣਗੇ। ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਦੇ ਪੰਜਾਬ ਪ੍ਰਧਾਨ ਸ: ਅਜ਼ਮੇਰ ਸਿੰਘ ਲੱਖੋਵਾਲ ਨੇ ਜ਼ਿਲ੍ਹਾ ਪ੍ਰਧਾਨ ਸ: ਸੁਖਦੇਵ ਸਿੰਘ ਹੇਰ ਦੇ ਗ੍ਰਹਿ ਪਿੰਡ ਹੇਰ ਵਿਖੇ ਇਕ ਹੰਗਾਮੀ ਮੀਟਿੰਗ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰ ਰਹੀ ਹੈ ਅਤੇ ਡਾ. ਸਵਾਮੀਨਾਥਨ ਕਮੇਟੀ ਦੀਆਂ ਸਿਫ਼ਾਰਸਾਂ ਅਨੁਸਾਰ ਖੇਤੀ ਉਪਜਾਂ ਦੀਆਂ ਕੀਮਤਾਂ ਐਲਾਨਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਜਿਸ ਨਾਲ ਆਰਥਿਕ ਮੰਦਹਾਲੀ ਕਾਰਨ ਕਿਸਾਨਾਂ ਦੀਆਂ ਖੁਦਕਸ਼ੀਆਂ ਦਿਨੋਂ-ਦਿਨ ਵੱਧ ਰਹੀਆਂ ਹਨ। ਸ: ਲੱਖੋਵਾਲ ਨੇ ਕਿਹਾ ਕਿ ਸਰਕਾਰ ਬਾਲੀ ਅਤੇ ਨਰੋਬੀ ਵਿਖੇ ਹੋਈ ਵਿਸ਼ਵ ਵਪਾਰ ਸੰਸਥਾ ਦੀ ਮੀਟਿੰਗ ਵਿੱਚ ਵਿਕਸਿਤ ਦੇਸ਼ਾਂ ਦੀ ਮੰਗ ਅਨੁਸਾਰ ਹੋਏ ਫ਼ੈਸਲਿਆਂ ਅੱਗੇ ਝੁਕਿਆਂ ਕਿਸਾਨ ਵਿਰੋਧੀ ਫੈਸਲੇ ਲੈਣ ਵੱਲ ਵੱਧ ਰਹੀ ਹੈ, ਜਿਸ ਨਾਲ ਫ਼ਸਲਾਂ ਦੇ ਘੱਟੋ ਘੱਟ ਮੁੱਲ ਮਿਥਣ ਤੋਂ ਸਰਕਾਰ ਪੱਲ੍ਹਾ ਝਾੜ ਦੇਵੇਗੀ। ਜਿਸ ਨਾਲ ਦੇਸ਼ ਦੀ ਖੇਤੀ ਅਤੇ ਕਿਸਾਨੀ ਬੁਰੀ ਤਰ੍ਹਾਂ ਲੜਖੜਾ ਜਾਵੇਗੀ।
ਸ: ਲੱਖੋਵਾਲ ਨੇ ਕਿਹਾ ਕਿ ਭਾਰਤ ਦੇ ਕਿਸਾਨ ਕੇਂਦਰ ਦੀ ਇਸ ਸਾਜਿਸ਼ ਵਿਰੁੱਧ 17 ਮਾਰਚ ਨੂੰ ਦਿੱਲੀ ਜਾਣ ਵਾਲੀਆਂ ਸਾਰੀਆਂ ਸੜਕਾਂ ਜਾਮ ਕਰ ਦੇਣਗੇ ਅਤੇ ਕਿਸਾਨ ਦੀਆਂ ਮੰਗਾਂ ਲਿਖਤੀ ਤੌਰ ‘ਤੇ ਮੰਨ੍ਹੇ ਜਾਣ ਤੱਕ ਸੰਘਰਸ਼ ਜਾਰੀ ਰੱਖਣਗੇ। ਮੀਟਿੰਗ ਵਿੱਚ ਉਨ੍ਹਾਂ ਆਪਣੀਆਂ ਹੋਰ ਭੱਖਦੀਆਂ ਜਾਇਜ ਮੰਗਾਂ ਸਬੰਧੀ ਚਾਨਣਾ ਪਾਇਆ। ਇਸ ਮੌਕੇ ਸ਼ਮਸ਼ੇਰ ਸਿੰਘ ਘੜੂੰਆ, ਸ: ਅਵਤਾਰ ਸਿੰਘ ਮੇਹਲੋਂ, ਸ: ਪਵਿੱਤਰ ਸਿੰਘ ਮਾਂਗੇਵਾਲ, ਸ: ਭੁਪਿੰਦਰ ਸਿੰਘ ਮਹੇਸ਼ਰੀ, ਸ: ਹਰਿੰਦਰ ਸਿੰਘ ਲੱਖੋਵਾਲ, ਸ: ਹਰਮੀਤ ਸਿੰਘ ਕਾਦੀਆ, ਸੁਖਰਾਜਵਿੰਦਰ ਗਿੱਲ, ਹਰਬਿੰਦਰ ਸਿੰਘ ਭਾਮੀਆ ਤੋਂ ਇਲਾਵਾ ਸਮੂਹ ਜ਼ਿਲ੍ਹਿਆਂ ਦੇ ਪ੍ਰਧਾਨ ਤੇ ਸਕੱਤਰ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply