Monday, July 8, 2024

ਸੰਤ ਭਿੰਡਰਾਂਵਾਲਿਆਂ ਖ਼ਿਲਾਫ਼ ਬਿਆਨਬਾਜ਼ੀ ਬਰਦਾਸ਼ਤ ਨਹੀਂ – ਗਿ: ਹਰਨਾਮ ਸਿੰਘ ਖ਼ਾਲਸਾ

PPN1202201614

ਮਹਿਤਾ ਚੌਂਕ, 12 ਫਵਰੀ (ਜੋਗਿੰਦਰ ਸਿੰਘ ਮਾਣਾ)- ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਨੇ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਖ਼ਿਲਾਫ਼ ਆਮ ਆਦਮੀ ਪਾਰਟੀ ਸਮੇਤ ਹੋਰਨਾਂ ਆਗੂਆਂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਸਖ਼ਤ ਨੋਟਿਸ ਲਿਆ ਹੈ। ਉਹਨਾਂ ਤਾੜਨਾ ਕਰਦਿਆਂ ਕਿਹਾ ਕਿ ਸੰਤਾਂ ਖ਼ਿਲਾਫ਼ ਕਿਸੇ ਵੀ ਆਗੂ ਵਲੋਂ ਕੀਤੀ ਬਿਆਨਬਾਜ਼ੀ ਨੂੰ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਉਹਨਾਂ ਨੂੰ ਸੰਗਤਾਂ ਦੇ ਭਾਰੀ ਰੋਹ ਦਾ ਸਾਹਮਣਾ ਕਰਨਾ ਪਵੇਗਾ।
ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਮੇਤ ਤਮਾਮ ਸਿਆਸੀ ਆਗੂਆਂ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਦਮਦਮੀ ਟਕਸਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਥਾਪਿਤ ਕੀਤੀ ਹੋਈ ਜਥੇਬੰਦੀ ਹੈ, ਜਿਸ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਸ਼ਹੀਦ ਹਨ, ਇਸੇ ਜਥੇਬੰਦੀ ਦੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਸਨ। ਜਿਨ੍ਹਾਂ ਨੇ ਸਿੱਖ ਕੌਮ ਅਤੇ ਪੰਜਾਬ ਦੇ ਹੱਕਾਂ ਹਿਤਾਂ ਦੀ ਖ਼ਾਤਰ ਬਹੁਤ ਹੀ ਲਾ-ਮਿਸਾਲ ਸੰਘਰਸ਼ ਕੀਤਾ ਅਤੇ ਸ੍ਰੀ ਹਰਮਿੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ਮਤ ਖ਼ਾਤਰ ਕੁਰਬਾਨੀ ਕੀਤੀ। ਸਿੱਖ ਮਾਨਸਿਕਤਾ ਵਿਚ ਸਥਾਈ ਥਾਂ ਬਣਾ ਚੁਕੇ ਹੋਣ ‘ਤੇ ਜਿਨ੍ਹਾਂ ਨੂੰ ਸਮੁੱਚੀ ਸਿੱਖ ਕੌਮ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਹੋਣ ਦਾ ਸਰਵੋਤਮ ਸਨਮਾਨ ਦਿੱਤਾ।
ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਜੇ ਕੋਈ ਰਾਜਸੀ ਪਾਰਟੀ ਪੰਜਾਬ ਦੇ ਹੱਕਾਂ ਹਿਤਾਂ ਅਤੇ ਸਿੱਖ ਕਾਜ ਦੀ ਗਲ ਕਰੇਗੀ ਤਾਂ ਉਸ ਦਾ ਸਦਾ ਹੀ ਸਵਾਗਤ ਹੈ। ਪਰ ਆਮ ਆਦਮੀ ਪਾਰਟੀ ਦਾ ਪੰਜਾਬ ਅਤੇ ਸਿੱਖ ਕਾਜ ਵਰਗੇ ਗੰਭੀਰ ਮੁਦਿਆਂ ਨਾਲ ਕੋਈ ਸਰੋਕਾਰ ਨਹੀਂ ਤੇ ਉਹ ਗੁਮਰਾਹਕੁਨ ਤੇ ਗਲਤ ਬਿਆਨਬਾਜ਼ੀ ਰਾਹੀਂ ਰਾਜ ਦਾ ਮਾਹੌਲ ਖਰਾਬ ਕਰਕੇ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ। ਉਹਨਾਂ ਸਿੱਖ ਸੰਗਤਾਂ ਨੂੰ ਆਮ ਆਦਮੀ ਪਾਰਟੀ ਦੀਆਂ ਕੌਮ ਪ੍ਰਤੀ ਘਾਤਕ ਚਾਲਾਂ ਤੋ ਸੁਚੇਤ ਰਹਿਣ ਦੀ ਲੋੜ ‘ਤੇ ਜ਼ੋਰ ਦਿੱਤਾ ਤੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੋਕ ਸਿੱਖ ਭਾਵਨਾਵਾਂ ਨੂੰ ਭੜਕਾ ਕੇ ਅਤੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰ ਕੇ ਸਿੱਖ ਕੌਮ ਨੂੰ ਮੁੜ ਜਬਰ ਦਾ ਨਿਸ਼ਾਨਾ ਬਣਾਉਣ ਦੇ ਕੋਝੇ ਮਨਸੂਬਿਆਂ ਨੂੰ ਅੰਜਾਮ ਦੇ ਰਹੇ ਹਨ।
ਉਹਨਾਂ ਕਿਹਾ ਕਿ ਸੰਤਾਂ ਖ਼ਿਲਾਫ਼ ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਪਹਿਲਾਂ ਭਸਮਾਸੁਰ, ਕਦੇ ਮਹਿਖਾਸੁਰ ਦੈਂਤ ਅਤੇ ਕਦੇ ਅਤਿਵਾਦੀ ਕਹਿ ਕੇ ਉਨ੍ਹਾਂ ਦੀ ਸ਼ਾਨ ਦੇ ਖ਼ਿਲਾਫ਼ ਬਿਆਨਬਾਜ਼ੀ ਰਾਹੀ ਗੁਸਤਾਖ਼ੀ ਕੀਤੀ ਗਈ। ਹੁਣ 12 ਫਰਵਰੀ ਨੂੰ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕੀਤੇ ਜਾ ਰਹੇ ਹਨ ਤਾਂ ਆਮ ਆਦਮੀ ਪਾਰਟੀ ਸੋਸ਼ਲ ਮੀਡੀਆ ਅਤੇ ਪ੍ਰੈੱਸ ਰਾਹੀ ਭੱਦੀ ਕਿਸਮ ਦੀ ਬਿਆਨਬਾਜ਼ੀ ਕਰਕੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸੱਟ ਮਾਰ ਰਹੀ ਹੈ ਜੋ ਕਿ ਨਾ ਕਾਬਲੇ ਬਰਦਾਸ਼ਤ ਹੈ।ਦਮਦਮੀ ਟਕਸਾਲ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਸਖ਼ਤ ਤਾੜਨਾ ਕਰਦੀ ਹੈ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਖ਼ਿਲਾਫ਼ ਕੀਤੀ ਬਿਆਨਬਾਜ਼ੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਹਨਾਂ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਨਿਰੰਕਾਰੀ ਭਵਨ ਜਾਣ ਬਾਰੇ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਕੀ ਉਹਨਾਂ ਪਿਛਲੇ ਦਿਨੀਂ ਨਕਲੀ ਨਿਰੰਕਾਰੀਆਂ ਦੇ ਮੁਖੀ ਦੇ ਹਾਜ਼ਰੀਨ ਹੋ ਕੇ ਨਰਕਧਾਰੀਆਂ ਦੇ ਮਿਸ਼ਨ ਦਾ ਆਪਣੇ ਆਪ ਨੂੰ ਪੈਰੋਕਾਰ ਦੱਸਦਿਆਂ ਉਕਤ ਮਿਸ਼ਨ ਦੀ ਪਹਿਰਵਾਈ ਨਹੀਂ ਕੀਤੀ। ਕੇਜਰੀਵਾਲ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ 13 ਅਪ੍ਰੈਲ 1978 ਨੂੰ ਨਰਕਧਾਰੀਆਂ ਨੇ 13 ਸਿੰਘਾਂ ਨੂੰ ਸ਼ਹੀਦ ਕਰਕੇ ਪੰਜਾਬ ਦੇ ਅੰਦਰ ਸਿੱਖਾਂ ਦੇ ਖੂਨ ਦੀ ਹੋਲੀ ਖੇਡਣ ਦੀ ਸ਼ੁਰੂਆਤ ਕੀਤੀ। ਜੋ ਕਿ ਪੰਜਾਬ ਵਿੱਚ ਲੱਖਾਂ ਹੀ ਬੇਗੁਨਾਹ ਸਿੱਖਾਂ ਨੂੰ ਲਗਭਗ ਦੋ ਦਹਾਕਿਆਂ ਤੱਕ ਸ਼ਹੀਦੀਆਂ ਦੇਣੀਆਂ ਪਈਆਂ। ਸਰਕਾਰੀ ਜਬਰ ਜੁਲਮ ਦਾ ਸ਼ਿਕਾਰ ਹੁੰਦਿਆਂ ਸਿੱਖ ਨੌਜਵਾਨ ਬਚਿਆਂ, ਬਜ਼ੁਰਗਾਂ, ਮਾਤਾਵਾਂ- ਭੈਣਾਂ ਨੂੰ ਬੜੀ ਬੇ ਰਹਿਮੀ ਨਾਲ ਸ਼ਹੀਦ ਕੀਤਾ ਗਿਆ ਅਤੇ ਲਖਾਂ ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਕੈਦ ਕੱਟਣੀ ਪਈ ਜੋ ਕਿ ਕਈ ਅੱਜ ਵੀ ਉਸ ਦੇ ਸੰਤਾਪ ਨੂੰ ਭੋਗਦੇ ਹੋਏ ਜੇਲ੍ਹਾਂ ਵਿੱਚ ਕੈਦ ਕੱਟ ਰਹੇ ਹਨ। ਆਮ ਆਦਮੀ ਪਾਰਟੀ ਦੇ ਲੋਕ ਪੰਜਾਬ ਵਿੱਚ ਦੋਬਾਰਾ ਇਹੋ ਜਿਹਾ ਮਾਹੌਲ ਬਣਾ ਕੇ ਸਿੱਖ ਕੌਮ ਨੂੰ ਜਬਰ ਦਾ ਨਿਸ਼ਾਨਾ ਬਣਾਉਣ ਦੇ ਕੋਝੇ ਹੱਥਕੰਡੇ ਅਪਣਾ ਕੇ ਸਿੱਖ ਕੌਮ ਪ੍ਰਤੀ ਘਾਤਕ ਰਸਤਾ ਅਖਤਿਆਰ ਕਰ ਰਹੇ ਹਨ। ਸਿੱਖ ਸੰਗਤਾਂ ਨੂੰ ਇਹਨਾਂ ਦੀ ਕੌਮ ਪ੍ਰਤੀ ਘਾਤਕ ਚਾਲਾਂ ਤੋ ਸੁਚੇਤ ਰਹਿਣ ਦੀ ਲੋੜ ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply