Wednesday, July 3, 2024

ਸੂਬਾ ਸਰਕਾਰ ਨੇ ਬੁਢਾਪਾ ਪੈਨਸ਼ਨ ਦੁੱਗਣੀ ਕਰਕੇ ਬਜ਼ੁਰਗਾਂ ਦਾ ਮਾਣ ਵਧਾਇਆ – ਲੋਧੀਨੰਗਲ

PPN1802201605

ਬਟਾਲਾ, 18 ਫਰਵਰੀ (ਨਰਿੰਦਰ ਸਿੰਘ ਬਰਨਾਲ)- ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਨੂੰ ਦੁਗਣਾ ਕਰਕੇ ਲਾਭਪਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ ਅਤੇ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਕੇ ਸੂਬਾ ਸਰਕਾਰ ਨੇ ਆਪਣਾ ‘ਰਾਜ ਨਹੀਂ ਸੇਵਾ’ ਦਾ ਸੰਕਲਪ ਇੱਕ ਫਿਰ ਦੁਹਰਾਇਆ ਹੈ। ਇਹ ਪ੍ਰਗਟਾਵਾ ਸਾਬਕਾ ਵਿਧਾਇਕ ਸ. ਲਖਬੀਰ ਸਿੰਘ ਲੋਧੀਨੰਗਲ ਨੇ ਅੱਜ ਬੇਰਿੰਗ ਕਾਲਜ ਬਟਾਲਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਾਏ ਗਏ ਤਹਿਸੀਲ ਪੱਧਰੀ ਪੈਨਸ਼ਨ ਵੰਡ ਸਮਾਰੋਹ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਸ. ਲੋਧੀਨੰਗਲ ਨੇ ਕਿਹਾ ਕਿ ਬਾਦਲ ਸਰਕਾਰ ਨੇ ਬੁਢਾਪਾ ਤੇ ਹੋਰ ਪੈਨਸ਼ਨਾਂ 250 ਰੁਪਏ ਪ੍ਰਤੀ ਮਹੀਨਾਂ ਵਧਾ ਕੇ ਹੁਣ 500 ਰੁਪਏ ਪ੍ਰਤੀ ਮਹੀਨਾਂ ਕਰ ਦਿੱਤੀਆਂ ਹਨ ਜੋ ਕਿ ਸਰਕਾਰ ਦਾ ਬਹੁਤ ਵੱਡਾ ਲੋਕ ਪੱਖੀ ਫੈਸਲਾ ਹੈ।
ਸ. ਲੋਧੀਨੰਗਲ ਨੇ ਕਿਹਾ ਕਿ ਰਾਜ ਸਰਕਾਰ ਨੇ ਜਿਥੇ ਪੈਨਸ਼ਨ ਦੀ ਰਾਸ਼ੀ ਦੁਗਣੀ ਕੀਤੀ ਹੈ ਉਥੇ ਇਹ ਵੀ ਫੈਸਲਾ ਕੀਤਾ ਹੈ ਕਿ ਹੁਣ ਪੈਨਸ਼ਨਾਂ ਦੀ ਵੰਡ ਪਿੰਡਾਂ ਦੀਆਂ ਗ੍ਰਾਂਮ ਪੰਚਾਇਤਾਂ ਹੀ ਕਰਿਆ ਕਰਨਗੀਆਂ ਤਾਂ ਜੋ ਬਜ਼ੁਰਗਾਂ ਨੂੰ ਬੈਂਕਾਂ ਦੀ ਖੱਜਲ-ਖੁਆਰੀ ਤੋਂ ਬਚਾਇਆ ਜਾ ਸਕੇ। ਸ. ਲੋਧੀਨੰਗਲ ਨੇ ਕਿਹਾ ਕਿ ਅੱਜ ਸਮੁੱਚੇ ਪੰਜਾਬ ਵਿੱਚ ਇਸ ਵਧੀ ਹੋਈ ਪੈਨਸ਼ਨ ਤਹਿਤ ਲਾਭਪਾਤਰੀਆਂ ਨੂੰ ਪੈਨਸ਼ਨ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।ਪੰਜਾਬ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਜਿਕਰ ਕਰਦਿਆਂ ਸ. ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਸੂਬੇ ‘ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਹਰ ਵਰਗ ਲਈ ਸਹੂਲਤਾਂ ਸ਼ੁਰੂ ਕਰਕੇ ਉਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁਕਣ ਦੇ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਗਰੀਬ ਲੋਕਾਂ ਲਈ ਸਸਤਾ ਆਟਾ ਦਾਲ ਸਮੁੱਚੇ ਦੇਸ਼ ਲਈ ਇੱਕ ਅਦਰਸ਼ ਉਦਾਹਰਨ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਵੱਲੋਂ ਨੀਲਾ ਕਾਰਡ ਧਾਰਕ ਪਰਿਵਾਰਾਂ ਲਈ ਮੁਫਤ ਸਿਹਤ ਬੀਮਾਂ ਯੋਜਨਾ ਵੀ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਕਿਸੇ ਬੀਮਾਰੀ ਹੋਣ ਦੀ ਸੂਰਤ ‘ਚ 50 ਹਜ਼ਾਰ ਰੁਪਏ ਤੱਕ ਸੂਬਾ ਸਰਕਾਰ ਵੱਲੋਂ ਆਪਣੇ ਖਰਚੇ ‘ਤੇ ਕਰਾਇਆ ਜਾਵੇਗਾ।ਸ. ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਪੰਜਾਬ ਦੇ ਲੋਕ ਬਾਦਲ ਸਰਕਾਰ ਦੀਆਂ ਨੀਤੀਆਂ ਤੋਂ ਪੂਰੀ ਤਰਾਂ ਸੰਤੁਸ਼ਟ ਹਨ ਅਤੇ ਅਗਾਮੀ ਚੋਣਾਂ ਦੌਰਾਨ ਵੀ ਲੋਕ ਅਕਾਲੀ ਦਲ ਦੇ ਹੱਕ ‘ਚ ਫਤਵਾ ਦੇਣਗੇ। ਇਸ ਮੌਕੇ ਉਨ੍ਹਾਂ ਵੱਖ-ਵੱਖ ਪਿੰਡਾਂ ਦੇ ਲਾਭਪਾਤਰੀਆਂ ਨੂੰ ਬੁਢਾਪਾ ਪੈਨਸ਼ਨ ਦੀ ਨਕਦ ਰਾਸ਼ੀ ਦੇ ਕੇ ਵਧੀ ਹੋਈ ਬੁਢਾਪਾ ਪੈਨਸ਼ਨ ਯੋਜਨਾ ਦੀ ਰਸਮੀ ਸ਼ੁਰੂਆਤ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਸੁਭਾਸ਼ ਓਹਰੀ, ਅਕਾਲੀ ਦੇ ਸੀਨੀਅਰ ਆਗੂ ਸ. ਬਲਬੀਰ ਸਿੰਘ ਬਿੱਟੂ, ਨਾਇਬ ਤਹਿਸੀਲਦਾਰ ਸ੍ਰੀ ਕੇਵਲ ਕ੍ਰਿਸ਼ਨ, ਸ੍ਰੀ ਵਰਿੰਦਰ ਸਿੰਘ ਗਿੱਲ ਸੀ.ਡੀ.ਪੀ.ਓ. ਬਟਾਲਾ, ਐੱਮ.ਸੀ. ਕੁਲਵੰਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਬਟਾਲਾ ਹਲਕੇ ਦੇ ਮੋਹਤਬਰ ਵਿਅਕਤੀ ਅਤੇ ਪੈਨਸ਼ਨਰ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply