Wednesday, July 3, 2024

ਖ਼ਾਲਸਾ ਗਵਰਨਿੰਗ ਕੌਂਸਲ ਦੇ ਪ੍ਰਧਾਨ ਨੇ ਸਾਧਿਆ ਕੈਪਟਨ ‘ਤੇ ਨਿਸ਼ਾਨਾ

ਕਿਹਾ ‘ਝੂਠ’ ਤੇ ਨਿੱਜੀ ਹਮਲੇ ਕਰਨਾ ਕੈਪਟਨ ਦੀ ਫ਼ਿਤਰਤ

Satyajit Singh Majithia

ਅੰਮ੍ਰਿਤਸਰ, 18 ਫਰਵਰੀ (ਸੁਖਬੀਰ ਖੁਰਮਨੀਆ)- ਇਤਿਹਾਸਕ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਨੇ ਅੱਜ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਮੈਂਬਰ ਪਾਰਲੀਮੈਂਟ ਕੈਪਟਨ ਅਮਰਿੰਦਰ ਸਿੰਘ ‘ਤੇ ਤਿੱਖਾ ਵਾਰ ਕਰਦਿਆਂ ਉਨ੍ਹਾਂ ਨੂੰ ‘ਝੂਠਾ’ ਕਿਹਾ ਅਤੇ ਘਟੀਆ ਰਾਜਨੀਤੀ ਕਰਨ, ਨਿੱਜੀ ਹਮਲੇ ਛੇੜਣ ਦੇ ਆਦੀ ਵਿਅਕਤੀ ਦੱਸਿਆ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਉਹ ਬੀਤੇ ਦਿਨ ਖ਼ਾਲਸਾ ਕਾਲਜ ਕੈਂਪਸ ਵਿਖੇ ਅਚਨਚੇਤ ਜੋਰ ਅਜਮਾਇਸ਼ੀ ਢੰਗ ਨਾਲ ਪੁੱਜੇ, ਉਹ ਉਨ੍ਹਾਂ ਦੀ ਘਟੀਆ ਰਾਜਨੀਤੀ ਅਤੇ ਹੰਕਾਰੀ ਮਹਾਰਾਜਾ ਹੋਣ ਦਾ ਸਬੂਤ ਬਿਆਨ ਕਰਦਾ ਹੈ।
ਸ: ਮਜੀਠੀਆ ਨੇ ਅੱਜ ਇੱਥੇ ਜਾਰੀ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦੀ ਪਿਤਾ ਸ: ਸੁਰਜੀਤ ਸਿੰਘ ਮਜੀਠੀਆ ਨੇ ਕੈਪਟਨ ਨੂੰ ਕੌਂਸਲ ਦਾ ਚਾਂਸਲਰ ਬਣਾਇਆ ਸੀ। ਇਸ ਲਈ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਾਲਜ ਦਾ ਇਤਿਹਾਸ ਕਿੰਨਾ ਗੌਰਵਮਈ ਹੈ ਅਤੇ ਉਨ੍ਹਾਂ ਦੇ ਦਾਦਾ ਸ: ਸੁੰਦਰ ਸਿੰਘ ਮਜੀਠੀਆ ਨੇ ਕਾਲਜ ਦੇ ਵਜੂਦ ਲਈ ਕਿੰਨ੍ਹੀਆਂ ਘਾਲਣਾ ਘਾਲੀਆਂ ਹਨ। ਉਨ੍ਹਾਂ ਕਿਹਾ ਕਿ ਕੌਂਸਲ 125 ਸਾਲ ਪੁਰਾਣੇ ਸੰਵਿਧਾਨ ਅਨੁਸਾਰ ਚਲਦੀ ਹੈ ਅਤੇ ਇਹ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ। ਉਨ੍ਹਾਂ ਕਿਹਾ ਕਿ ਨਿੱਜੀ ਹਮਲੇ ਕਰਨਾ ਕੈਪਟਨ ਦੀ ਫ਼ਿਤਰਤ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਿਛਲੇ 11 ਸਾਲਾਂ ਵਿੱਚ ਖ਼ਾਲਸਾ ਕਾਲਜ ਦੀਆਂ ਸੰਸਥਾਵਾਂ ਦੀ ਗਿਣਤੀ 7 ਤੋਂ ਵੱਧ ਕੇ 17 ਹੋਈ ਹੈ। ਜਿਸ ਦਾ ਕਾਰਨ ਕੌਂਸਲ ਵੱਲੋਂ ਆਪਣੇ ਵਿੱਤੀ ਸਰੋਤਾਂ ਦਾ ਸਹੀ ਇਸਤੇਮਾਲ ਅਤੇ ਪ੍ਰੋਫੈਸ਼ਨਲ ਤਰੀਕਿਆਂ ਨਾਲ ਪ੍ਰਸ਼ਾਸ਼ਨ ਨੂੰ ਚਲਾਉਣਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀ ਸਥਾਪਨਾ ਕਰਨਾ ਨਾ ਸਿਰਫ਼ ਖ਼ਾਲਸਾ ਕਾਲਜ ਦਾ ਸੁਪਨਾ ਹੈ, ਸਗੋਂ ਸਮੇਂ ਦੀ ਮੰਗ ਵੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਖੋਜ਼ ਭਰਪੂਰ ਵਿੱਦਿਆ ਜਿਸ ਵਿੱਚ ਐੱਫ਼. ਫਿਲ, ਪੀ. ਐੱਚ. ਡੀ., ਪ੍ਰੋਫੈਸ਼ਨਲ ਕੋਰਸਸ ਚਲਾਉਣ ਦਾ ਨੌਜਵਾਨਾਂ ਨੂੰ ਉੱਚ ਵਿੱਦਿਆ ਅਤੇ ਰੋਜ਼ਗਾਰ ਦੇ ਸਾਧਨ ਮੁਹੱਈਆ ਹੋਣਗੇ।
ਸ: ਮਜੀਠੀਆ ਨੇ ਕਿਹਾ ਕਿ ਪਿਛਲੇ ਸਿਰਫ਼ 5 ਸਾਲਾਂ ਵਿੱਚ ਕੌਂਸਲ ਨੇ 100 ਕਰੋੜ ਤੋਂ ਵੱਧ ਦੀਆਂ ਇਮਾਰਤਾਂ ਤਿਆਰ ਕਰਕੇ ਖ਼ਾਲਸਾ ਕਾਲਜ ਸੰਸਥਾਵਾਂ ਦੀ ਤਰੱਕੀ ਅਤੇ ਵਿਸਥਾਰ ਦਾ ਇਤਿਹਾਸ ਰਚਿਆ ਹੈ। ਮਜੀਠੀਆ ਨੇ ਕੈਪਟਨ ਨੂੰ ਜੁਮਲੇ ਸੁਣਾਉਣ ਵਾਲਾ ਰਾਜਨੀਤਿਕ ਆਗੂ ਦੱਸਿਆ ਜੋ ਕਿ ਲੋਕਾਂ ਦਾ ਵਿਸ਼ਵਾਸ਼ ਖੋਹ ਚੁੱਕਿਆ ਹੈ। ਜਿਸਦੀ ਉਦਾਹਰਣ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹੈ, ਜੋ ਜਨਤਾ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਤਾਨਾਸ਼ਾਹ ਕੈਪਟਨ ਇਹ ਸਮਝ ਲੈਣਾ ਚਾਹੀਦਾ ਹੈ ਕਿ ਯੂਨੀਵਰਸਿਟੀਆਂ ਦਾ ਵਿਸਥਾਰ ਕਰਨਾ ਅਜੋਕੇ ਯੁੱਗ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਸ਼ਾਇਦ ਪਤਾ ਨਹੀਂ ਕਿ ਯੂਨੀਵਰਸਿਟੀ ਪੱਧਰ ਦੀ ਵਿੱਦਿਆ ਹਾਸਲ ਕਰਵਾਉਣ ਲਈ ਬਹੁਤ ਜਦੋ-ਜਹਿਦ ਕਰਨੀ ਪੈਂਦੀ ਹੈ। ਉਨ੍ਹਾਂ ਫ਼ਿਰ ਅਪੀਲ ਕੀਤੀ ਕਿ ਸਮੂਹ ਰਾਜਨੀਤੀ ਪਾਰਟੀਆਂ ਨੂੰ ਇਕੱਠੇ ਹੋ ਕੇ ਖ਼ਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਦੀ ਸਥਾਪਨਾ ਲਈ ਹੰਭਲਾ ਮਾਰਨਾ ਹੈ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply