Wednesday, July 3, 2024

ਬਟਾਲਾ ਪੁਲਿਸ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਵਿਸ਼ੇਸ਼ ਹੈਲਪ ਲਾਈਨ ਨੰਬਰ 75298-75836 ਸ਼ੁਰੂ

ਬਟਾਲਾ, 19 ਫਰਵਰੀ (ਨਰਿੰਦਰ ਸਿੰਘ ਬਰਨਾਲ) – ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ ਨਸ਼ਿਆਂ ਖਿਲਾਫ ਮੁਹਿੰਮ ਸ਼ੁਰੂ ਕਰਦਿਆਂ ਜਿਥੇ ਨਸ਼ੇ ਰੋਕਣ ਲਈ ਕਮਰ-ਕੱਸੇ ਕਰ ਲਏ ਹਨ ਉਥੇ ਪੁਲਿਸ ਜਾਵਨਾਂ ਵੱਲੋਂ ਨਾਟਕਾਂ ਦੇ ਰਾਹੀਂ ਸਮਾਜ ਵਿੱਚ ਨਸ਼ਿਆਂ ਖਿਲਾਫ ਜਾਗਰੂਕਤਾ ਲਿਆਉਣ ਦੇ ਉਪਰਾਲੇ ਵੀ ਆਰੰਭ ਕਰ ਦਿੱਤੇ ਗਏ ਹਨ। ਬਟਾਲਾ ਪੁਲਿਸ ਦੇ ਜਵਾਨਾਂ ਵੱਲੋਂ ਤਿਆਰ ਕੀਤੀ ਗਈ ਨਾਟਕ ਮੰਡਲੀ ਵੱਲੋਂ ਲੋਕਾਂ ‘ਚ ਚੇਤਨਤਾ ਲਿਆਉਣ ਲਈ ਨੁੱਕੜ ਨਾਟਕ ਖੇਡੇ ਜਾ ਰਹੇ ਹਨ ਜਿਸ ਤਹਿਤ ਅੱਜ ਐੱਸ.ਡੀ.ਐੱਮ. ਦਫਤਰ ਬਟਾਲਾ ਸਾਹਮਣੇ ਪੁਲਿਸ ਜਵਾਨਾਂ ਵੱਲੋਂ ਤਿਆਰ ਕੀਤਾ ਗਿਆ ਨਾਟਕ ‘ਮਾਂ ਦਾ ਲਾਡਲਾ’ ਦੀ ਸਫਲ ਪੇਸ਼ਕਾਰੀ ਕੀਤੀ ਗਈ। ਤਹਿਸੀਲ ਦਫਤਰ ‘ਚ ਆਪਣੇ ਕੰਮ ਕਰਾਉਣ ਆਏ ਲੋਕਾਂ ਨੂੰ ਪੰਜਾਬ ਪੁਲਿਸ ਦਾ ਕਲਾਕਾਰਾਂ ਵਾਲਾ ਇਹ ਰੂਪ ਇਨ੍ਹਾਂ ਪਸੰਦ ਆਇਆ ਕਿ ਹਰ ਕੋਈ ਆਪਣੇ ਕੰਮ ਛੱਡ ਕੇ ਪੁਲਿਸ ਜਵਾਨਾਂ ਦੇ ਨਾਟਕ ਨੂੰ ਦੇਖਣ ਲਈ ਰੁਕ ਗਿਆ।
ਬਟਾਲਾ ਪੁਲਿਸ ਵੱਲੋਂ ਤਿਆਰ ਕੀਤੇ ਨਾਟਕ ‘ਮਾਂ ਦਾ ਲਾਡਲਾ’ ਵਿੱਚ ਏ.ਐੱਸ.ਆਈ. ਗੁਰਨਾਮ ਸਿੰਘ, ਹਵਾਲਦਾਰ ਗੁਰਸ਼ਰਨ ਸਿੰਘ, ਹਵਾਲਦਾਰ ਨਿਰਮਲ ਸਿੰਘ, ਬਲਦੀਪ ਸਿੰਘ, ਤ੍ਰਿਪਤ ਸਿੰਘ, ਲਖਵਿੰਦਰ ਕੌਰ, ਮਨਦੀਪ ਕੌਰ ਅਤੇ ਪੰਜਾਬ ਹੋਮਗਾਰਡ ਦੇ ਜਵਾਨ ਮੰਗੀ ਰਾਮ ਵੱਲੋਂ ਮੋਹਰੀ ਰੋਲ ਨਿਭਾਏ ਜਾ ਰਹੇ ਹਨ। ਜਵਾਨਾਂ ਵੱਲੋਂ ਆਪਣੀ ਖੂਬਸੂਰਤ ਅਦਾਕਾਰੀ ਨਾਲ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਾਇਆ ਜਾ ਰਿਹਾ ਹੈ ਅਤ ਨਾਲ ਹੀ ਇਹ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਨਸ਼ਿਆਂ ਦੇ ਕੋਹੜ੍ਹ ਤੋਂ ਬਚ ਕੇ ਹੀ ਅਸੀਂ ਆਪਣਾ, ਆਪਣੇ ਪਰਿਵਾਰ ਤੇ ਸਮਾਜ ਦਾ ਭਲਾ ਕਰ ਸਕਦੇ ਹਾਂ। ਬਟਾਲਾ ਪੁਲਿਸ ਦੀ ਇਸ ਨਵੀਂ ਪਹਿਲਕਦਮੀ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਜ਼ਿਲ੍ਹਾ ਬਟਾਲਾ ਦੇ ਐੱਸ.ਐੱਸ.ਪੀ. ਸ. ਦਿਲਜਿੰਦਰ ਸਿੰਘ ਢਿਲੋਂ ਨੇ ਦੱਸਿਆ ਕਿ ਬਟਾਲਾ ਪੁਲਿਸ ਵੱਲੋਂ ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ. ਸ੍ਰੀ ਸੁਰੇਸ਼ ਅਰੋੜਾ ਜੀ ਦੀਆਂ ਹਦਾਇਤਾਂ ‘ਤੇ ਨਸ਼ਿਆਂ ਖਿਲਾਫ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਜਵਾਨਾਂ ਵੱਲੋਂ ਲੋਕਾਂ ‘ਚ ਨਸ਼ਿਆਂ ਖਿਲਾਫ ਜਾਗਰੂਕਤਾ ਲਿਆਉਣ ਅਤੇ ਲੋਕ ਲਹਿਰ ਪੈਦਾ ਕਰਨ ਲਈ ਨਾਟਕਾਂ ਰਾਹੀਂ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਜਵਾਨਾਂ ਵੱਲੋਂ ਤਿਆਰ ਕੀਤਾ ਗਿਆ ਨਾਟਕ ‘ਮਾਂ ਦਾ ਲਾਡਲਾ’ ਲੋਕਾਂ ਦੇ ਮਨਾਂ ‘ਤੇ ਡੂੰਘੀ ਛਾਪ ਛੱਡ ਰਿਹਾ ਹੈ ਅਤੇ ਲੋਕ ਨਸ਼ਾ ਵਿਰੋਧੀ ਮੁਹਿੰਮ ‘ਚ ਪੁਲਿਸ ਦਾ ਸਾਥ ਦੇਣ ਲਈ ਅੱਗੇ ਆਉਣ ਲੱਗੇ ਹਨ।
ਐੱਸ.ਐੱਸ.ਪੀ. ਬਟਾਲਾ ਸ. ਢਿਲੋਂ ਨੇ ਦੱਸਿਆ ਕਿ ਬਟਾਲਾ ਪੁਲਿਸ ਵੱਲੋਂ ਜਿਥੇ ਇੱਕ ਪਾਸੇ ਲੋਕਾਂ ‘ਚ ਚੇਤਨਤਾ ਲਿਆਂਦੀ ਜਾ ਰਹੀ ਹੈ ਉਥੇ ਨਸ਼ਾ ਤਸਕਰਾਂ ਨਾਲ ਪੂਰੀ ਸਖਤੀ ਨਾਲ ਨਜਿੱਠਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਟਾਲਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਫੜ੍ਹਨ ਲਈ ਇੱਕ ਵਿਸ਼ੇਸ਼ ‘ਹੈਲਪ ਲਾਈਨ’ ਨੰਬਰ 75298-75836 ਸ਼ੁਰੂ ਕੀਤਾ ਗਿਆ ਹੈ। ਐੱਸ.ਐੱਸ.ਪੀ. ਬਟਾਲਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਦੇ ਆਲੇ-ਦੁਆਲੇ ਕੋਈ ਵਿਅਕਤੀ ਨਸ਼ੇ ਵੇਚਦਾ ਹੈ ਜਾਂ ਨਸ਼ਿਆਂ ਦੀ ਤਸਕਰੀ ਕਰਦਾ ਹੈ ਤਾਂ ਇਸਦੀ ਸੂਚਨਾ ਬਟਾਲਾ ਪੁਲਿਸ ਦੀ ਹੈਲਪ ਲਾਈਨ ‘ਤੇ ਦਿੱਤੀ ਜਾਵੇ ਤਾਂ ਜੋ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਸਲਾਖਾਂ ਪਿੱਛੇ ਭੇਜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਸੱਚੀ ਤੇ ਠੋਸ ਇਤਲਾਹ ਦੇਣ ਵਾਲੇ ਨਾਗਰਕਿ ਨੂੰ ਬਟਾਲਾ ਪੁਲਿਸ ਵੱਲੋਂ 10 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਅਤੇ ਉਸਦੀ ਪਹਿਚਾਣ ਪੂਰੀ ਤਰਾਂ ਗੁਪਤ ਰੱਖੀ ਜਾਵੇਗੀ। ਐੱਸ.ਐੱਸ.ਪੀ. ਬਟਾਲਾ ਸ. ਦਿਲਜਿੰਦਰ ਸਿੰਘ ਢਿਲੋਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੋਹਰੀ ਹੋ ਕੇ ਪੁਲਿਸ ਦੀ ਨਸ਼ਾ ਵਿਰੋਧੀ ਮੁਹਿੰਮ ‘ਚ ਆਪਣਾ ਸਾਥ ਦੇਣ ਤਾਂ ਜੋ ਅਸੀਂ ਸਾਰੇ ਮਿਲ ਕੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰ ਸਕੀਏ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply