Wednesday, July 3, 2024

ਯੂਨੀਵਰਸਿਟੀ ਵਿਖੇ ਵਾਤਾਵਰਣ ਅਤੇ ਸਿਹਤ ਵਿਸ਼ੇ ‘ਤੇ ਅੰਤਰਰਾਸ਼ਟਰੀ ਕਾਨਫਰੰਸ ਸੰਪੰਨ

PPN1902201615
ਅੰਮ੍ਰਿਤਸਰ, 19 ਫਰਵਰੀ (ਸੁਖਬੀਰ ਖੁਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਾਤਾਵਰਣ ਅਤੇ ਸਿਹਤ ਵਿਸ਼ੇ ‘ਤੇ ਸੰਪੰਨ ਹੋਈ ਅੰਤਰਰਾਸ਼ਟਰੀ ਕਾਨਫਰੰਸ ਮੌਕੇ ਵਿਗਿਆਨੀਆਂ ਵੱਲੋਂ ਭਖਵੀਂ ਬਹਿਸ ਦੌਰਾਨ ਸਿਫਾਰਸ਼ ਕੀਤੀ ਗਈ ਕਿ ਫਸਲਾਂ ‘ਤੇ ਕੀੜੇ ਮਾਰਨ ਵਾਸਤੇ ਛਿੜਕਨ ਵਾਲੀਆਂ ਜ਼ਹਿਰੀਲੀਆਂ ਦਵਾਈਆਂ ਨੂੰ ਫੌਰੀ ਤੌਰ ‘ਤੇ ਬੰਦ ਕਰਕੇ ਕੁਦਰਤੀ ਤਰੀਕੇ ਨਾਲ ਖੇਤੀਬਾੜੀ ਸ਼ੁਰੂ ਕੀਤੀ ਜਾਵੇ ਤਾਂ ਜੋ ਸਾਡੀ ਆਉਣ ਵਾਲੀ ਨਸਲ ਬਚ ਸਕੇ। ਉਦਯੋਗਾਂ ਤੋਂ ਨਿਕਲਣ ਵਾਲੇ ਪ੍ਰਦੂਸ਼ਿਤ ਪਾਣੀ, ਸੀਵਰੇਜ ਅਤੇ ਪਦਾਰਥਾਂ ਦੀ ਯੋਗ ਤਰੀਕੇ ਨਾਲ ਮੁੜ ਵਰਤੋਂਯੋਗ ਕਰਨ ਦੇ ਢੁਕਵੇਂ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਸਨਅਤਾਂ ਤੋਂ ਨਿਕਲਣ ਵਾਲੇ ਧੂੰਏਂ ਦੀ ਪ੍ਰਦੂਸ਼ਣ ਦੀ ਜਾਂਚ ਨਿਰੰਤਰ ਅਤੇ ਪਾਰਦਰਸ਼ੀ ਤਰੀਕੇ ਨਾਲ ਕੀਤੀ ਜਾਣੀ ਚਾਹੀਦੀ ਹੈ। ਵਿਗਿਆਨੀ ਨੇ ਇਹ ਵੀ ਕਿਹਾ ਕਿ ਯਾਤਾਯਾਤ ਲਈ ਵਰਤੇ ਜਾਣ ਵਾਲੇ ਵਾਹਨਾਂ ਦੀ ਜਾਂਚ ਬਗੈਰ ਪੱਖਪਾਤ ਦੇ ਸਖਤੀ ਨਾਲ ਕੀਤੀ ਜਾਣੀ ਚਾਹੀਦੀ ਹੈ।
ਇਹ ਕਾਨਫਰੰਸ ਅੱਜ ਇਥੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ ਸੰਪੰਨ ਹੋ ਗਈ। ਇਹ ਕਾਨਫਰੰਸ ਬੋਟਾਨੀਕਲ ਅਤੇ ਇਨਵਾਇਰਨਮੈਂਟਲ ਸਾਇੰਸਜ਼ ਵਿਭਾਗ ਵੱਲੋਂ ਯੂ.ਜੀ.ਸੀ.ਡੀ.ਆਰ.ਐਸ., ਐਸ.ਈ.ਆਰ.ਬੀ.-ਡੀ.ਐਸ.ਟੀ., ਆਈ.ਸੀ.ਐਮ.ਆਰ., ਡੀ.ਬੀ.ਟੀ., ਐਨ.ਬੀ.ਏ ਅਤੇ ਬੀ.ਆਰ.ਐਨ.ਐਸ. ਦੇ ਸਹਿਯੋਗ ਨਾਲ ਕਰਵਾਈ ਗਈ।ਇਸ ਤਿੰਨ ਦਿਨਾਂ ਕਾਨਫਰੰਸ ਦੌਰਾਨ ਜਾਪਾਨ, ਅਮਰੀਕਾ, ਇਟਲੀ, ਇਰਾਨ, ਆਸਟਰੇਲੀਆ, ਆਸਟਰੀਆ, ਬ੍ਰਾਜ਼ੀਲ, ਭਾਰਤੀ ਰਾਜਾਂ ਜਿਵੇਂ ਹਰਿਆਣਾ, ਉੱਤਰ ਪ੍ਰਦੇਸ਼, ਤਾਮਿਲਨਾਡੂ, ਕਰਨਾਟਕਾ, ਮਹਾਰਾਸ਼ਟਰਾ, ਝਾਰਖੰਡ, ਹਿਮਾਚਲ ਪ੍ਰਦੇਸ਼, ਅਸਾਮ, ਬਿਹਾਰ, ਆਂਧਰਾ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਤੇ ਪੰਜਾਬ ਤੋਂ 300 ਤੋਂ ਵੱਧ ਪ੍ਰਮੁੱਖ ਵਿਗਿਆਨੀਆਂ ਅਤੇ ਵਿਦਵਾਨਾਂ ਵੱਲੋਂ ਰਸਾਇਣਾਂ ਦੇ ਮਾਰੂ ਪ੍ਰਭਾਵ ਅਤੇ ਕਿਰਨਾਂ ਦਾ ਮਨੁੱਖੀ ਸਿਹਤ ਅਤੇ ਜੀਵ-ਵਿਭਿੰਨਤਾ ‘ਤੇ ਅਸਰ ਬਾਰੇ ਚਰਚਾ ਕੀਤੀ ਗਈ।
ਯੂਨੀਵਰਸਿਟੀ ਦੇ ਸਾਬਕਾ ਨਿਰਦੇਸ਼ਕ ਖੋਜ, ਪ੍ਰੋ. ਏ.ਕੇ. ਠੁਕਰਾਲ ਨੇ ਸਮਾਪਤੀ ਸਮਾਗਮ ਦੀ ਪ੍ਰਧਾਨਗੀ ਕੀਤੀ। ਡਾ. ਅਵਿਨਾਸ਼ ਕੌਰ ਨਾਗਪਾਲ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਵਿਭਾਗ ਦੇ ਡਾ. ਰੇਣੂ ਭਾਰਦਵਾਜ ਨੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਕਾਨਫਰੰਸ ਦੇ ਆਰਗੇਨਾਈਜ਼ਿੰਗ ਸੈਕਟਰੀ ਅਤੇ ਵਿਭਾਗ ਦੇ ਮੁਖੀ, ਡਾ. ਸਤਵਿੰਦਰਜੀਤ ਕੌਰ ਨੇ ਕਾਨਫਰੰਸ ਬਾਰੇ ਵਿਚਾਰ ਪੇਸ਼ ਕੀਤੇ। ਡਾ. ਸਰੋਜ ਅਰੋੜਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਤੋਂ ਪਹਿਲਾਂ ਰਜਿਸਟਰਾਰ ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ ਨੇ ਪੋਸਟਰ ਸੈਸ਼ਨ ਦੀ ਪ੍ਰਧਾਨਗੀ ਕੀਤੀ।ਵੱਖ-ਵੱਖ ਮੁਕਾਬਲਿਆਂ ਵਿਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਪ੍ਰੋ. ਆਈ.ਐਸ. ਗਰੋਵਰ ਯੰਗ ਸਾਇੰਸਟਿਸਟ ਐਵਾਰਡ ਨਾਲ ਸਨਮਾਨਤ ਕੀਤਾ ਗਿਆ।
ਵਿਗਿਆਨੀਆਂ ਦੀ ਇਹ ਵੀ ਰਾਏ ਸੀ ਕਿ ਚੰਗੀ ਜੀਵਨ ਜਾਂਚ ਲਈ ਜਨ ਸਾਧਾਰਣ ਵਿਚ ਪੌਸ਼ਟਿਕ ਤੱਤਾਂ ਵਾਲੀ ਖੁਰਾਕ ਅਤੇ ਕਸਰਤ ਤੇ ਹੋਰ ਸਰੀਰਿਕ ਕਿਰਿਆਂ ਬਾਰੇ ਸੋਝੀ ਪੈਦਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੌਦਿਆਂ ਵਿਚ ਵਿਚ ਮੌਜੂਦ ਐਂਟੀਔਕਸੀਡੈਂਟ ਕੈਂਸਰ ਜਿਹੀਆਂ ਬੀਮਾਰੀਆਂ ਨੂੰ ਠੀਕ ਕਰਨ ਲਈ ਲਾਹੇਵੰਦ ਹੁੰਦੇ ਹਨ, ਜਿਸ ਬਾਰੇ ਲੋਕਾਂ ਵਿਚ ਚੇਤਨਾਂ ਪੈਦਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨੌਜੁਆਨ ਪੀੜ੍ਹੀ ਅਤੇ ਬੱਚਿਆਂ ਨੂੰ ਜੰਕ ਭੋਜਨ ਤੋਂ ਬਚਾਉਂਦੇ ਹੋਏ ਕੁਦਰਤੀ ਖੁਰਾਕ ਲੈਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਵਿਗਿਆਨੀਆਂ ਨੇ ਇਹ ਵੀ ਸਿਫਾਰਿਸ਼ ਕੀਤੀ ਕਿ ਕੈਂਸਰ ਜਿਹੀਆਂ ਬੀਮਾਰੀਆਂ ਪ੍ਰਤੀ ਵੱਧ ਤੋਂ ਵੱਧ ਖੋਜ ਕੀਤੀ ਜਾਣੀ ਚਾਹੀਦੀ ਹੈ ਅਤੇ ਕੈਂਸਰ ਪੀੜਤਾਂ ਨੂੰ ਸਸਤਾ ਜਾਂ ਮੁਫਤ ਇਲਾਜ ਮੁਹਈਆ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਯੁਰਵੈਦਿਕ ਦਵਾਈ ਅਸ਼ਵਗੰਧਾ ਅਤੇ ਤੁਲਸੀ ਦੇ ਗੁਣਾਂ ਤੋਂ ਸਾਰਿਆਂ ਨੂੰ ਵਿਸ਼ੇਸ਼ ਕਰ ਨੌਜੁਆਨਾਂ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ ਕਿਉਂਕਿ ਇਨਾਂ੍ਹ ਦੋਵਾਂ ਦਵਾਈਆਂ ਵਿਚ ਹਰ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਦੂਰ ਕਰਨ ਦੇ ਤੱਤ ਮੌਜੂਦ ਹਨ।
ਅੱਜ ਹੋਏ ਵੱਖ-ਵੱਖ ਸੈਸ਼ਨਾਂ ਦੀ ਪ੍ਰਧਾਨਗੀ ਅਮਰੀਕਾ ਦੇ ਟੈਕਸਸ ਯੂਨੀਵਰਸਿਟੀ ਤੋਂ ਡਾ. ਵਿਜੈ ਲਕਸ਼ਮੀ, ਬਾਰਕ ਮੁੰਬਈ ਦੇ ਡਾ. ਕੇ ਆਰ ਭੱਟਾਚਾਰਿਆ, ਆਸਟਰੀਆ ਤੋਂ ਪ੍ਰੋ. ਜੀ. ਖਰੁਪਿਟਜ਼ਾ, ਚੇਨਈ ਤੋਂ ਬੀ. ਨਾਗਾਰੁਜਨ, ਮੁੰਬਈ ਤੋਂ ਡਾ. ਆਰ ਅਤੇ ਚੇਨਈ ਤੋਂ ਡਾ. ਐਨ. ਰਮਨਨ ਵੱਲੋਂ ਕੀਤੀ ਗਈ ਜਿਸ ਵਿਚ ਵਿਸ਼ਾ ਮਾਹਿਰਾਂ ਨੇ ਆਪਣੇ ਆਪਣੇ ਪਰਚੇ ਪੇਸ਼ ਕੀਤੇ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply