Friday, July 5, 2024

ਕੇਜਰੀਵਾਲ ਦੀ ਦੋਗਲੀ ਰਾਜਨੀਤੀ ਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ-ਮਜੀਠੀਆ

PPN2402201619
ਕੱਥੂਨੰਗਲ, 24 ਫਰਵਰੀ (ਪ.ਪ)- ਪੰਜਾਬ ਦੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਦਿਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਕੇਜਰੀਵਾਲ ਦੀ ਦੋਗਲੀ ਰਾਜਨੀਤੀ ਅਤੇ ਚਾਲਬਾਜ਼ਾਂ ਨੂੰ ਪੰਜਾਬ ਦੇ ਸੂਝਵਾਨ ਲੋਕ ਬਰਦਾਸ਼ਤ ਨਹੀਂ ਕਰਨਗੇ ਅਤੇ ਜੇਕਰ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਤਾਂ ਕੇਜਰੀਵਾਲ ਅਤੇ ‘ਆਪ’ ਨੂੰ ਆਉਣ ਵਾਲੇ ਸਮੇਂ ਵਿੱਚ ਬਹੁਤ ਵੱਡਾ ਖਮਿਆਜ਼ਾ ਭੁਗਤਣਾ ਪਵੇਗਾ।
ਸ: ਮਜੀਠੀਆ, ਜਿਹੜੇ ਕਿ ਅੱਜ ਹਲਕਾ ਮਜੀਠਾ ਦੇ ਪਿੰਡ ਮੀਆਂ ਪੰਧੇਰ ਵਿਖੇ ਵਿਕਾਸ ਕਾਰਜਾਂ ਲਈ 40 ਲੱਖ ਰੁਪਏ ਗ੍ਰਾਂਟ ਦੇਣ ਆਏ ਸਨ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਦੌਰੇ ‘ਤੇ ਆ ਰਹੇ ਸ੍ਰੀ ਕੇਜਰੀਵਾਲ ਇਹ ਦੱਸਣ ਕਿ ’84 ਦੇ ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਗਲਵੱਕੜੀਆਂ ਪਾਉਣੀਆਂ ਅਤੇ ਸਿੱਖ ਕਤਲੇਆਮ ਸੰਬੰਧੀ ਜਾਂਚ ਲਈ ਬਣਾਈ ਗਈ ਐਸ ਆਈ ਟੀ ( ਸਿਟ) ਦੀ ਫਾਈਲ ਗੁੰਮ ਹੋਣੀ ਆਦਿ ਟਾਈਟਲਰ ਨੂੰ ਬਚਾਉਣ ਦੀ ਕੋਸ਼ਿਸ਼ ਦਾ ਹਿੱਸਾ ਨਹੀਂ। ਅੱਜ ਜੱਦੋ ਕਿ ਕੇਜਰੀਵਾਲ ਦੀ ਟਾਈਟਲਰ ਨਾਲ ਨੇੜਤਾ ਤੇ ਗਹਿਰੀ ਸਾਂਝ ਦਾ ਪਰਦਾਫਾਸ਼ ਹੋ ਗਿਆ ਹੈ ਤਾਂ ਹੁਣ ਉਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਟਾਈਟਲਰ ਖ਼ਿਲਾਫ਼ ਚਿੱਠੀ ਲਿਖਣ ਦਾ ਢਕਵੰਜ ਰਚ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਉਨ੍ਹਾਂ ਨੂੰ ਚਿੱਠੀਆਂ ਲਿਖਣ ਦਾ ਚੇਤਾ ਡੇਢ ਸਾਲ ਬਾਅਦ ਹੀ ਕਿਉਂ ਆਇਆ? ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ 2017 ਵਿੱਚ ਸਿਆਸਤ ਛੱਡਣ ਬਾਰੇ ਕਹਿਣ ‘ਤੇ ਸ: ਮਜੀਠੀਆ ਨੇ ਉਹਨਾਂ ‘ਤੇ ਵਿਅੰਗ ਕਸਦਿਆਂ ਕਿਹਾ ਕਿ ਕੈਪਟਨ ਵੱਲੋਂ ਕਹੀ ਗਈ ਗਲ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ । ਉਹਨਾਂ ਕਿਹਾ ਕਿ ਕੈਪਟਨ ਨੇ 2007 ਅਤੇ 2012 ਦੌਰਾਨ ਵੀ ਇਹੀ ਗਲ ਕਹੀ ਸੀ , ਉਸ ਵਕਤ ਵੀ ਪੰਜਾਬ ਦੇ ਸੂਝਵਾਨ ਲੋਕਾਂ ਨੇ ਕੈਪਟਨ ਨੂੰ ਬਹੁਤ ਬੁਰੀ ਤਰਾਂ ਨਕਾਰਦਿਆਂ ਘਰੇ ਬਿਠਾ ਦਿੱਤਾ ਸੀ। ਉਹਨਾਂ ਕਿਹਾ ਕਿ ਕੈਪਟਨ ਦੇ ਰਾਜ ਸਮੇਂ ਕਿਸਾਨਾਂ ਨੂੰ ਬਿਜਲੀ ਦੇ ਬਿਲ ਅਦਾ ਕਰਨੇ ਪੈਂਦੇ ਸਨ ਬੇਸ਼ਕ ਬਿਜਲੀ ਵੀ ਨਹੀਂ ਆਉਂਦੀ ਸੀ। ਉਸ ਵਕਤ ਨਾ ਆਟਾ ਦਾਲ ਸਕੀਮ, ਨਾ ਪੈਨਸ਼ਨਾਂ ਤੇ ਨਾ ਹੀ ਸ਼ਗਨ ਸਕੀਮਾਂ ਸਮੇਤ ਲੋਕ ਭਲਾਈ ਸਕੀਮਾਂ ਚਲਦੀਆਂ ਸਨ। ਉਨ੍ਹਾਂ ਕਿਹਾ ਕਿ ਕੈਪਟਨ ਦਾ ਪੰਜਾਬ ਅਤੇ ਲੋਕ ਭਲਾਈ ਸਕੀਮਾਂ ਵਲ ਕਦੀ ਵੀ ਧਿਆਨ ਨਹੀਂ ਸੀ ਰਿਹਾ।ਉਹਨਾਂ ਕਿਹਾ ਕਿ ਲੋਕ ਸਿਆਣੇ ਤੇ ਸੂਝਵਾਨ ਹਨ , ਲੋਕ ਜਾਣਦੇ ਹਨ ਕਿ ਪੰਜਾਬ ਦੀ ਤਰੱਕੀ ਖੁਸ਼ਹਾਲੀ ਦੀ ਕਿਸ ਨੇ ਗਲ ਕੀਤੀ, ਸੁਭਾਵਕ ਹੈ ਲੋਕ ਉਸ ਪਾਰਟੀ ਨੂੰ ਸ: ਪ੍ਰਕਾਸ਼ ਸਿੰਘ ਬਾਦਲ ਨੂੰ 2017 ਵਿੱਚ ਇੱਕ ਵਾਰ ਫਿਰ ਜ਼ਰੂਰ ਮੌਕਾ ਦੇਣਗੇ। ਉਹਨਾਂ ਕਿਹਾ ਕਿ ਵਿਰੋਧੀ ਤਾਕਤਾਂ ਵੱਲੋਂ ਰਾਜ ਦੀ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਲਈ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਕਿਸੇ ਵੀ ਕੀਮਤ ‘ਤੇ ਸਫਲ ਨਹੀਂ ਹੋਣਗੀਆਂ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਸੰਵੇਦਨਸ਼ੀਲ ਮੁੱਦਿਆਂ ਨੂੰ ਬੇਲੋੜਾ ਤੂਲ ਦੇ ਕੇ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਵਿੱਚ ਹਨ, ਪਰ ਰਾਜ ਦੀ ਸੂਝਵਾਨ ਜਨਤਾ ਉਨ੍ਹਾਂ ਦੀਆਂ ਕੋਝੀਆਂ ਚਾਲਾਂ ਤੋਂ ਪੂਰੀ ਤਰ੍ਹਾਂ ਜਾਣੂ ਹੈ ਅਤੇ ਉਹ ਆਉਂਦੀਆਂ ਚੋਣਾਂ ਵਿੱਚ ਇਨ੍ਹਾਂ ਨੂੰ ਮੁੜ ਬਾਹਰ ਦਾ ਰਸਤਾ ਦਿਖਾਏਗੀ। ਪਿੰਡ ਦੀ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਵਿਰੋਧੀ ਧਿਰਾਂ ਖ਼ਜ਼ਾਨਾ ਖਾਲੀ ਹੋਣ ਦਾ ਝੂਠਾ ਪ੍ਰਚਾਰ ਕਰ ਰਹੇ ਹਨ ਜਦ ਕਿ ਅਸਲੀਅਤ ਇਹ ਹੈ ਕਿ ਵਿਕਾਸ ਲਈ ਫੰਡ ਦੀ ਕੋਈ ਕਮੀ ਨਹੀਂ ਹੈ। ਉਹਨਾਂ ਵੱਖ ਵੱਖ ਲੋਕ ਭਲਾਈ ਸਕੀਮਾਂ ਤੇ ਵਿਕਾਸ ਕਾਰਜਾਂ ‘ਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਜੇ ਖ਼ਜ਼ਾਨਾ ਖਾਲੀ ਹੁੰਦਾ ਤਾਂ ਰਾਜ ਵਿੱਚ ਲੋਕ ਭਲਾਈ ਸਕੀਮਾਂ ਤੇ ਵਿਕਾਸ ਕਾਰਜ ਕਿਵੇਂ ਕਰਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਵੱਲੋਂ ਪੰਜਾਬ ਵਿੱਚ ਕਰਵਾਏ ਲਾ ਮਿਸਾਲ ਵਿਕਾਸ ਅੱਗੇ ਸਾਰੀਆਂ ਸਿਆਸੀ ਧਿਰਾਂ ਬੌਣੀਆਂ ਹੋ ਕੇ ਰਹਿ ਗਈਆਂ ਹਨ ਅਤੇ ਹੁਣ ਉਹ ਕਿਸੇ ਨਾ ਕਿਸੇ ਢੰਗ ਨਾਲ ਪੰਜਾਬ ਦੇ ਹਾਲਾਤ ਵਿਗਾੜ ਕੇ ਆਪਣੇ ਇੱਕ ਨੁਕਾਤੀ ਪ੍ਰੋਗਰਾਮ ‘ਰਾਜ ਸੱਤਾ ‘ਤੇ ਕਾਬਜ਼ ਹੋਣ’ ਲਈ ਅੱਕੀ ਪਲਾਹੀ ਹੱਥ-ਪੈਰ ਮਾਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਦੇ ਮੁਦਈ ਹਨ ਅਤੇ ਇਨ੍ਹਾਂ ਧਿਰਾਂ ਨੂੰ ਮੂੰਹ ਨਹੀਂ ਲਾਉਣਗੇ।ਸ: ਮਜੀਠੀਆ ਕੇਂਦਰੀ ਬਜਟ ਬਾਰੇ ਗਲ ਕਰਦਿਆਂ ਆਉਣ ਵਾਲੇ ਬਜਟ ਵਿੱਚ ਕਿਸਾਨ , ਮਜ਼ਦੂਰ ਅਤੇ ਸਰਹੱਦ ‘ਤੇ ਉਦਯੋਗ ਸਥਾਪਿਤ ਕਰਨ ਪ੍ਰਤੀ ਕਈ ਖਾਸ ਯੋਜਨਾ ਪੰਜਾਬ ਨੂੰ ਦੇਣ ਦੀ ਆਸ ਪ੍ਰਗਟਾਈ ਹੈ।

           ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਜਰ ਸ਼ਿਵੀ, ਤਲਬੀਰ ਸਿੰਘ ਗਿੱਲ, ਰਵੀਪ੍ਰੀਤ ਸਿੰਘ ਸਿੱਧੂ, ਮੀਡੀਆ ਸਲਾਹਕਾਰ ਪ੍ਰੋ. ਸਰਚਾਂਦ ਸਿੰਘ, ਕੁਲਵਿੰਦਰ ਸਿੰਘ ਧਾਰੀਵਾਲ, ਸੁਖਵਿੰਦਰ ਸਿੰਘ ਗੋਲਡੀ, ਐਸਈ ਮਨਿੰਦਰਪਾਲ ਸਿੰਘ, ਬੀਡੀਓ ਜ਼ੀਨਤ ਖਹਿਰਾ, ਸਰਪੰਚ ਬਲਦੇਵ ਸਿੰਘ ਮੀਆਂ ਪੰਧੇਰ, ਰਾਜਾ ਮੀਆਂ ਪੰਧੇਰ, ਸੁਰਿੰਦਰ ਪਾਲ ਗੋਕਲ, ਸਰਵਨ ਸਿੰਘ ਰਾਮਦਿਵਾਲੀ, ਬਲਦੇਵ ਰਾਜ ਆਦਿ ਸ਼ਖਸੀਅਤਾਂ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply