Wednesday, July 3, 2024

ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਇਕ ਅੰਤਰ-ਭਾਸ਼ਾਈ ਕਵੀ ਦਰਬਾਰ ਦਾ ਆਯੋਜਨ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਖੁਰਮਨੀਆ) – ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋੋਂ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਇਕ ਅੰਤਰ-ਭਾਸ਼ਾਈ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਵਿਚ ਪੰਜਾਬੀ ਤੋਂ ਇਲਾਵਾ, ਹਿੰਦੀ, ਸੰਸਕ੍ਰਿਤ, ਊਰਦੂ ਅਤੇ ਫਾਰਸੀ ਵਿਭਾਗਾਂ ਦੇ ਖੋਜ ਵਿਦਿਆਰਥੀਆਂ ਨੇ ਹਿੱਸਾ ਲਿਆ। ਆਰੰਭ ਵਿਚ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਗੁਰਮੀਤ ਸਿੰਘ ਨੇ ਮਾਤ-ਭਾਸ਼ਾ ਦੇ ਮਹੱਤਵ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਵੱਖ-ਵੱਖ ਭਾਸ਼ਾਵਾਂ ਨਾਲ ਸਬੰਧਤ ਵਿਦਿਆਰਥੀਆਂ ਨੁੰ ਆਪਸ ਵਿਚ ਨਿਰੰਤਰ ਸੰਵਾਦ ਰਚਾਉਂਦੇ ਰਹਿਣਾ ਚਾਹੀਦਾ ਹੈ। ਡਾ. ਹਰਿਭਜਨ ਸਿੰਘ ਭਾਟੀਆ ਨੇ ਨਾ ਕੇਵਲ ਸਮਾਗਮ ਦਾ ਸੰਚਾਲਨ ਕੀਤਾ ਬਲਕਿ ਭਾਸ਼ਾ ਤੇ ਸਾਹਿਤ ਦੇ ਮਨੁੱਖੀ ਜ਼ਿੰਦਗੀ ਵਿਚ ਬੁਨਿਆਦੀ ਮਹੱਤਵ ਨੂੰ ਵੀ ਉਜਾਗਰ ਕੀਤਾ। ਡਾ. ਮਨਜਿੰਦਰ ਸਿੰਘ ਨੇ ਇਸ ਮੌਕੇ ਕਿਹਾ ਕਿ ਵਿਸ਼ਵ ਦੇ ਸਾਰੇ ਵੱਡੇ ਸਾਹਿਤਕਾਰਾਂ ਨੇ ਆਪਣੀ ਮਾਤ-ਭਾਸ਼ਾ ਵਿਚ ਹੀ ਰਚਨਾ ਕੀਤੀ ਹੈ ਜੋ ਇਸ ਗੱਲ ਦਾ ਪ੍ਰਮਾਣ ਹੈ ਕਿ ਕੋਈ ਸਾਹਿਤਕਾਰ ਆਪਣੀ ਸਿਰਜਣਾਤਮਕ ਪ੍ਰਤਿਭਾ ਨੂੰ ਆਪਣੀ ਮਾਤ-ਭਾਸ਼ਾ ਵਿਚ ਹੀ ਬੇਹਤਰੀਨ ਢੰਗ ਨਾਲ ਪ੍ਰਗਟਾ ਸਕਦਾ ਹੈ।

          ਕਵੀ ਦਰਬਾਰ ਵਿਚ ਪੰਜਾਬੀ ਵਿਭਾਗ ਦੇ ਪੋਸਟ ਡਾਕਟਰਲ ਫੈਲੋ ਡਾ. ਬਲਜੀਤ ਕੌਰ ਰਿਆੜ ਤੋਂ ਇਲਾਵਾ ਖੋਜ ਵਿਦਿਆਰਥੀ ਮਨੀਸ਼ ਕੁਮਸਾਰ, ਪਵਨਬੀਰ, ਬਲਜਿੰਦਰ ਕੌਰ, ਹਰਪ੍ਰੀਤ ਸਿੰਘ ਅਤੇ ਭੁਪਿੰਦਰ ਸਿੰਘ, ਹਿੰਦੀ ਵਿਭਾਗ ਤੋਂ ਸ਼ਮਸ਼ੇਰ, ਉਰਦੂ ਅਤੇ ਫਾਰਸੀ ਵਿਭਾਗ ਤੋਂ ਗੁਰਜੀਤ ਸਿੰਘ ਅਤੇ ਅਰਵਿੰਦਰ ਸਿੰਘ ਨੇ ਆਪਣੀਆਂ ਖ਼ੂਬਸੂਰਤ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ। ਸੰਸਕ੍ਰਿਤ ਵਿਭਾਗ ਤੋਂ ਆਏ ਖੋਜ ਵਿਦਿਆਰਥੀਆਂ ਨੇ ਵੈਦਿਕ ਮੰਤਰਾਂ ਦੇ ਸੁੰਦਰ ਉਚਾਰਨ ਨਾਲ ਸਮਾਗਮ ਦੀ ਖ਼ੂਬਸੂਰਤੀ ਵਿਚ ਵਾਧਾ ਕੀਤਾ। ਡਾ. ਹਰਿਭਜਨ ਸਿੰਘ ਭਾਟੀਆ ਨੇ ਵੀ ਇਸ ਮੌਕੇ ਆਪਣੀਆਂ ਗਜ਼ਲਾਂ ਪੇਸ਼ਕਾਰੀ ਕੀਤੀ। ਅੰਤ ਵਿਚ ਡਾ. ਗੁਰਮੀਤ ਸਿੰਘ ਨੇ ਵੱਖ-ਵੱਖ ਵਿਭਾਗਾਂ ਤੋਂ ਆਏ ਖੋਜ-ਵਿਦਿਆਰਥੀਆਂ ਦਾ ਧੰਨਵਾਦ ਕੀਤਾ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply