Saturday, June 29, 2024

ਪੰਜ ਪਿਆਰਿਆਂ ਵਲੋਂ ਜਾਟ ਅੰਦੋਲਨ ਤੋਂ ਪੀੜ੍ਹਤ ਹਰਿਆਣਾ ਦੇ ਸਿੱਖਾਂ ਦੀ ਸਾਰ ਲੈਣ ਸੀ ਸਿੱਖ ਕੌਮ ਨੂੰ ਅਪੀਲ

PPN2902201619

ਅੰਮ੍ਰਿਤਸਰ, 29 ਫਰਵਰੀ (ਪੰਜਾਬ ਪੋਸਟ ਬਿਊਰੋ)- ਜਥੇਦਾਰਾਂ ਦੇ ਸਮਾਜਿਕ ਬਾਈਕਾਟ ਦਾ ਸੱਦਾ ਦੇਣ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਨੇ ਜਾਟ ਅੰਦੋਲਨ ਤੋਂ ਪੀੜ੍ਹਤ ਹਰਿਆਣਾ ਦੇ ਸਿੱਖਾਂ ਦੀ ਸਾਰ ਲੈਣ ਦੀ ਸਿੱਖ ਕੌਮ ਨੂੰ ਅਪੀਲ ਕੀਤੀ ਹੈ।
ਇੱਕ ਗੁਰਮਤਿ ਸਮਾਗਮ ਲਈ ਰਵਾਨਾ ਹੋਣ ਤੋਂ ਪਹਿਲਾਂ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜ ਪਿਆਰਾ ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਮੇਜਰ ਸਿੰਘ, ਭਾਈ ਸਤਨਾਮ ਸਿੰਘ ਝੱਜੀਆਂ, ਭਾਈ ਮੰਗਲ ਸਿੰਘ ਅਤੇ ਭਾਈ ਤਰਲੋਕ ਸਿੰਘ ਨੇ ਹਰਿਆਣਾ ਵਿੱਚ ਜਾਟ ਅੰਦੋਲਨ ਦੌਰਾਨ ਪੰਜਾਬੀਆਂ ਤੇ ਵਿਸ਼ੇਸ਼ ਕਰਕੇ ਸਿੱਖਾਂ ਦੇ ਕਾਰੋਬਾਰੀ ਅਦਾਰਿਆਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਨਿੰਦਾ ਕਰਦੇ ਹੋਏ ਨੇ ਕਿਹਾ ਕਿ ਨਵੰਬਰ 1984 ਦੇ ਸਿੱਖ ਕਤਲੇਆਮ ਬਾਅਦ ਇੱਕ ਵਾਰ ਫਿਰ ਹਰਿਆਣਾ ਵਿੱਚ ਸਿੱਖਾਂ ਨੂੰ ਹੀ ਨਿਸ਼ਾਨਾ ਬਨਾਉਣਾ ਕਿਸੇ ਡੂੰਘੀ ਸਾਜਿਸ਼ ਦਾ ਹਿੱਸਾ ਹੈ ।ਭਾਈ ਸਤਨਾਮ ਸਿੰਘ ਖੰਡੇਵਾਲਾ ਨੇ ਕਿਹਾ ਕਿ 1984 ਵਿੱਚ ਮੀਡੀਆ ਵੀ ਪੂਰੀ ਤਰ੍ਹਾਂ ਗੁਲਾਮ ਸੀ, ਲੇਕਿਨ ਹੁਣ ਤਾਂ ਮੀਡੀਆ ਦੇ ਇੱਕ ਹਿੱਸੇ ਦੀ ਜ਼ਮੀਰ ਜਾਗਦੀ ਹੈ, ਹਰਿਆਣਾ ਦੇ ਮੁੱਖ ਮੰਤਰੀ ਖੱਟੜ ਪੰਜਾਬੀ ਹਨ ਤੇ ਫਿਰ ਵੀ ਹਰਿਆਣਾ ਵਿੱਚ ਜੋ ਕੁੱਝ ਵਾਪਰਿਆ ਉਹ ਸ਼ਰਮਨਾਕ ਕਾਰਾ ਹੈ।ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚਲੇ ਜਾਟ ਅੰਦੋਲਨ ਦਾ ਪੰਜਾਬੀਆਂ ਜਾਂ ਸਿੱਖਾਂ ਨਾਲ ਕੋਈ ਲੈਣ ਦੇਣ ਨਹੀ ਸੀ, ਇਸ ਦੇ ਬਾਵਜੂਦ ਸਭ ਤੋਂ ਵੱਧ ਨੁਕਸਾਨ ਸਿੱਖਾਂ ਦੇ ਕਾਰੋਬਾਰ ਦਾ ਕੀਤਾ ਗਿਆ, ਇਸ ਸਾਜਿਸ਼ ਦਾ ਪਰਦਾਫਾਸ਼ ਹੋਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਵਾਪਰਿਆ ਘਿਨਾਉਣਾ ਵਰਤਾਰਾ ਕੇਂਦਰ ਤੇ ਹਰਿਆਣਾ ਦੀ ਭਾਜਪਾ ਸਰਕਾਰ ਦੇ ਮੱਥੇ ਤੇ ਬਦਨੁਮਾ ਕਾਲਾ ਦਾਗ ਹੈ ਜਿਸ ਨੂੰ ਧੋਣ ਲਈ ਪਤਾ ਨਹੀ ਕਿੰਨੇ ਸਾਲ ਲੱਗ ਜਾਣਗੇ।ਉਨਾਂ ਨੇ ਵਿਸ਼ਵ ਭਰ ਦੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਬਿਪਤਾ ਦੀ ਘੜੀ ਹਰਿਆਣਾ ਦੇ ਸਿੱਖਾਂ ਦੀ ਸਾਰ ਲੈਣ ਲਈ ਅੱਗੇ ਆਉਣ ਤੇ ਉਨ੍ਹਾਂ ਦੀ ਬਹੁੜੀ ਕਰਨ।ਪੰਜਾਬ ਦੀ ਅਕਾਲੀ ਸਰਕਾਰ, ਸ਼੍ਰੋਮਣੀ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਰਿਆਣਾ ਵਿੱਚ ਸਿੱਖਾਂ ਦੇ ਹੋਏ ਨੁਕਸਾਨ ਬਾਰੇ ਵੱਟੀ ਚੁੱਪ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਤਾਂ ਭਾਈਵਾਲੀ ਵਾਲੀ ਸਰਕਾਰ ਹੈ ਹਰਿਆਣੇ ਵਿੱਚ, ਮੁੱਖ ਮੰਤਰੀ ਪਰਕਾਸ਼ ਸਿਘ ਬਾਦਲ ਹੁਣ ਤੀਕ ਹਰਿਆਣਾ ਪੁੱਜ ਕੇ ਸਿੱਖਾਂ ਦੀ ਸਾਰ ਲੈ ਸਕਦੇ ਸਨ, ਪਰ ਉਨ੍ਹਾਂ ਸਿੱਧ ਕਰ ਦਿੱਤਾ ਹੈ ਕਿ ਅਕਾਲੀ ਦਲ ਪੰਜਾਬ ਦੇ ਨਾਲ ਨਾਲ ਰਾਸ਼ਟਰੀ ਪੱਧਰ ‘ਤੇ ਵੀ ਵਕਾਰ ਗਵਾ ਬੈਠਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਿਸਾਰੇ ਜਾਣ ‘ਤੇ ਸਮੁੱਚੀ ਕੌਮ ਨੇ ਉਨਾਂ ਨੂੰ ਅਪਣਾਇਆ ਹੈ ਅਤੇ ਉਹ ਨਿਰੰਤਰ ਸ਼ਬਦ ਗੁਰੂ ਦੇ ਪ੍ਰਚਾਰ, ਪ੍ਰਸਾਰ ਅਤੇ ਸਿੱਖ ਸੰਗਤ ਨੂੰ ਖੰਡੇ ਬਾਟੇ ਦੀ ਪਾਹੁਲ ਦੇ ਧਾਰਣੀ ਬਨਾਉਣ ਲਈ ਯਤਨਸ਼ੀਲ ਹਨ ।ਉਨ੍ਹਾਂ ਦੱਸਿਆ ਕਿ ਤਿੰਨ ਮਹੀਨੇ ਦੇ ਸਮੇਂ ਦੌਰਾਨ ਦੇਸ਼ ਵਿਦੇਸ਼ ਵਿੱਚ ਅਯੋਜਿਤ ਗੁਰਮਤਿ ਸਮਾਗਮਾਂ ਦੌਰਾਨ 660 ਪ੍ਰਾਣੀ ਗੁਰੁ ਵਾਲੇ ਬਣੇ ਹਨ ਅਤੇ ਸੰਗਤਾਂ ਨੇ ਉਨਾਂ ਨੂੰ ਜੋ ਮਾਣ ਸਨਮਾਨ ਬਖਸ਼ਿਆ ਹੈ ਉਸ ਨੂੰ ਸ਼ਬਦਾਂ ਨਾਲ ਬਿਆਨ ਨਹੀ ਕੀਤਾ ਜਾ ਸਕਦਾ।ਉਨਾਂ ਕਿਹਾ ਕਿ ਉਹ ਕੌਮ ਦੀ ਅਮਾਨਤ ਹਨ, ਕੌਮ ਜੋ ਵੀ ਸੇਵਾ ਲੈਣੀ ਚਾਹੇ ਉਹ ਉਸ ਨੂੰ ਨਿਭਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply