Wednesday, July 3, 2024

ਰਿਹਾਈ ਉਪਰੰਤ ਭਾਈ ਵਰਿਆਮ ਸਿੰਘ ਨੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

PPN0403201613ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ ਬਿਊਰੋ) – ਬਰੇਲੀ ਜੇਲ੍ਹ (ਯੂਪੀ) ‘ਚ ਲੰਮੀ ਕੈਦ ਕੱਟਣ ਤੋਂ ਬਾਅਦ ਬੀਤੇ ਦਿਨੀਂ ਰਿਹਾਅ ਹੋਏ ਸਿੱਖ ਕੈਦੀ ਭਾਈ ਵਰਿਆਮ ਸਿੰਘ ਨੇ ਜਿਵੇਂ ਯੂ ਪੀ ਦੀ ਅਖਲੇਸ਼ ਯਾਦਵ ਸਰਕਾਰ ਵੱਲੋਂ ਉਹਨਾਂ ਦੀ ਰਿਹਾਈ ਕਰਾਈ ਗਈ ਉਸੇ ਤਰਜ਼ ‘ਤੇ ਪੰਜਾਬ ਸਮੇਤ ਦੂਜੀਆਂ ਸੂਬਾ ਸਰਕਾਰਾਂ ਨੂੰ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਸੁਹਿਰਦ ਅਤੇ ਯਤਨ ਤੇਜ ਕਰਨ ਦੀ ਅਪੀਲ ਕੀਤੀ ਹੈ।

ਉਤਰ ਪ੍ਰਦੇਸ਼ ਦੇ ਪਿੰਡ ਬਰੀਬਰਾ, ਜ਼ਿਲ੍ਹਾ ਸ਼ਾਹਜਹਾਨ ਪੁਰ ਨਿਵਾਸੀ ਭਾਈ ਵਰਿਆਮ ਸਿੰਘ ਨੇ ਬਰੇਲੀ ਜੇਲ੍ਹ ਤੋਂ 25 ਸਾਲ 7 ਮਹੀਨੇ ਬਾਅਦ ਰਿਹਾਈ ਉਪਰੰਤ ਅੱਜ ਪਹਿਲੀ ਵਾਰ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਗੁਰੂ ਸ਼ੁਕਰਾਨਾ ਕਰਨ ਲਈ ਆਏ ਸਨ ਨੇ ਗੁਰੂ ਸਾਹਿਬ ਅੱਗੇ ਮੱਥਾ ਟੇਕਿਆ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਉਹਨਾਂ ਕੜਾਹ-ਪ੍ਰਸ਼ਾਦ ਦੀ ਦੇਗ ਚੜ੍ਹਾਉਣ ਤੋ ਇਲਾਵਾ ਗੁਰਬਾਣੀ ਕੀਰਤਨ ਸਰਵਣ ਕੀਤਾ। ਉਪਰੰਤ ਉਹਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਸਿੰਘ ਸਾਹਿਬ ਵੱਲੋਂ ਰਿਹਾਈ ਲਈ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ। ਉਹਨਾਂ ਹੋਰਨਾਂ ਸਿੱਖ ਕੈਦੀਆਂ ਦੀ ਰਿਹਾਈ ਲਈ ਸਿੰਘ ਸਾਹਿਬ ਨੂੰ ਦਖਲ ਦੇਣ ਦੀ ਵੀ ਅਪੀਲ ਕੀਤੀ। ਇਸ ਮੌਕੇ ਸਿੰਘ ਸਾਹਿਬ ਨੇ ਭਾਈ ਵਰਿਆਮ ਸਿੰਘ ਦੀ ਰਿਹਾਈ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਉਹਨਾਂ ਨੂੰ ਸਿਰੋਪਾਓ ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ ਗਿਆ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਜੇਲ੍ਹਾਂ ਵਿੱਚ ਬੰਦ ਹੋਰ ਅਜਿਹੇ ਸਿੱਖ ਕੈਦੀ, ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਨੂੰ ਵੀ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਭਾਈ ਵਰਿਆਮ ਸਿੰਘ ਦੀ ਰਿਹਾਈ ਸਿੱਖ ਜਗਤ ਲਈ ਚੰਗਾ ਸੁਨੇਹਾ ਹੈ ਕਿਉਂਕਿ ਅਜਿਹੇ ਸਿੱਖ ਕੈਦੀਆਂ ਦੀ ਰਿਹਾਈ ਲਈ ਸਿੱਖ ਜਗਤ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਹਨ। ਸਰਕਾਰ ਦੀ ਇਹ ਕਾਰਵਾਈ ਨਾਲ ਸਿੱਖਾਂ ਦਾ ਸਰਕਾਰ ਪ੍ਰਤੀ ਵਿਸ਼ਵਾਸ ਮਜ਼ਬੂਤ ਹੋਵੇਗਾ।ਇਸੇ ਦੌਰਾਨ ਚੁਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਵਰਿਆਮ ਸਿੰਘ ਨੇ ਰਿਹਾਈ ਲਈ ਯੂਪੀ ਸਰਕਾਰ ਖ਼ਾਸਕਰ ਜੇਲ੍ਹ ਮੰਤਰੀ ਸ: ਬਲਵੰਤ ਸਿੰਘ ਰਾਮੂਵਾਲੀਆ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਨੂੰ ਸਲਾਉਦਿਆਂ ਧੰਨਵਾਦ ਕੀਤਾ । ਉਹਨਾਂ ਕਿਹਾ ਕਿ ਉਹਨਾਂ ਦੀ ਰਿਹਾਈ ਸਿੱਖ ਭਾਈਚਾਰੇ ਵਲੋਂ ਕੀਤੇ ਗਏ ਲੰਮੇ ਸੰਘਰਸ਼ ਦਾ ਨਤੀਜਾ ਹੈ ਜਿਸ ਲਈ ਉਹ ਅਤੇ ਉਸ ਦਾ ਪਰਿਵਾਰ ਪੰਜਾਬ ਸਮੇਤ ਦੇਸ਼-ਵਿਦੇਸ਼ ਦੇ ਉਨ੍ਹਾਂ ਦੇ ਹਮਦਰਦਾਂ ਅਤੇ ਕੌਮ ਦਾ ਸਦਾ ਰਿਣੀ ਰਹੇਗਾ।
ਜੇਲ੍ਹ ਵਿੱਚ ਗੁਜ਼ਾਰੇ ਦਿਨਾਂ ਅਤੇ ਅਤੀਤ ਦੀ ਗਲ ਕਰਦਿਆਂ ਭਾਈ ਵਰਿਆਮ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ 1990 ‘ਚ ਗ੍ਰਿਫ਼ਤਾਰ ਕੀਤਾ ਗਿਆ ਤੇ ਪੰਜ ਸਾਲ ਬਾਅਦ ਉਸ ਨੂੰ ਟਾਡਾ ਤਹਿਤ ਅਪਰਾਧੀ ਐਲਾਨ ਦਿੱਤਾ ਗਿਆ ਸੀ।ਉਹਨਾਂ ਦੱਸਿਆ ਕਿ ਉਹਨਾਂ ਨੇ ਨਾਮ ਸਿਮਰਨ ਅਤੇ ਗੁਰੂ ਦਾ ਭਾਣਾ ਮੰਨ ਕੇ 25 ਸਾਲ 7 ਮਹੀਨੇ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਗੁਜ਼ਾਰੇ ਹਨ। ਉਹਨਾਂ ਦੱਸਿਆ ਕਿ ਲੰਮੀ ਕੈਦ ਦੌਰਾਨ ਉਹਨਾਂ ਇੱਕ ਵਾਰ ਵੀ ਪੈਰੋਲ ਜਾਂ ਛੁੱਟੀ ਨਹੀਂ ਮਿਲੀ।ਉਹਨਾਂ ਦੂਜੇ ਕੈਦੀ ਜੋ ਸਜਾਵਾਂ ਪੂਰੀਆਂ ਕਰ ਚੁੱਕੇ ਹਨ ਦੇ ਆਪਣੇ ਪਰਿਵਾਰਾਂ ਵਿੱਚ ਜਲਦ ਆ ਜਾਣ ਦੀ ਕਾਮਨਾ ਕੀਤੀ ।ਉਨ੍ਹਾਂ ਕੇਂਦਰ ਸਰਕਾਰ ਤੇ ਰਾਜਾਂ ਦੀਆਂ ਸਰਕਾਰਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਜੋ ਸਿੰਘ ਆਪਣੀ ਸਜ਼ਾ ਤੋਂ ਵੱਧ ਜੇਲ੍ਹਾਂ ਵਿੱਚ ਕੈਦ ਕੱਟ ਰਹੇ ਹਨ ਅਤੇ ਆਪਣੀ ਕੀਮਤੀ ਜ਼ਿੰਦਗੀ ਦਾ ਵੱਡਾ ਹਿੱਸਾ ਗੁਜ਼ਾਰ ਚੁੱਕੇ ਹਨ, ਉਨ੍ਹਾਂ ਦੀ ਤੁਰੰਤ ਰਿਹਾਈ ਲਈ ਸੁਹਿਰਦ ਯਤਨ ਹੋਣੇ ਚਾਹੀਦੇ ਹਨ ਤਾਂ ਕਿ ਉਨ੍ਹਾਂ ਨੂੰ ਤੁਰੰਤ ਰਿਹਾਅ ਕਰਾਇਆ ਜਾ ਸਕੇ । ਇਸ ਮੌਕੇ ਸਿੱਖ ਰਿਲੀਫ ਯੂ.ਕੇ ਦੇ ਆਗੂ ਪਰਮਿੰਦਰ ਸਿੰਘ ਅਮਲੋਹ ਨੇ ਜਥੇਬੰਦੀ ਵੱਲੋਂ ਭਾਈ ਵਰਿਆਮ ਸਿੰਘ ਨੂੰ ਮਕਾਨ ਬਣਾਉਣ ਲਈ 10 ਲੱਖ ਮਾਲੀ ਮਦਦ ਦੇਣ ਦਾ ਐਲਾਨ ਕੀਤਾ। ਇਸ ਮੌਕੇ ਭਾਈ ਵਰਿਆਮ ਸਿੰਘ ਦੇ ਪਰਿਵਾਰਕ ਮੈਂਬਰਾਂ ਵਿੱਚੋਂ ਉਸ ਦੀ ਪਤਨੀ ਬੀਬੀ ਸੁਖਵਿੰਦਰ ਕੌਰ, ਬੇਟਾ ਭਾਈ ਜਸਵਿੰਦਰ ਸਿੰਘ, ਨੂੰਹ ਰਣਜੀਤ ਕੌਰ ਤੋ ਇਲਾਵਾ ਭਾਈ ਸਤਨਾਮ ਸਿੰਘ, ਭਾਈ ਅਜਾਇਬ ਸਿੰਘ ਅਭਿਆਸੀ, ਪ੍ਰੋ: ਸਰਚਾਂਦ ਸਿੰਘ, ਜਨਹਿਤ ਸੇਵਾ ਸੁਸਾਇਟੀ ਜਲੰਧਰ ਦੇ ਆਗੂ ਭਾਈ ਪ੍ਰਮਜੀਤ ਸਿੰਘ, ਪਰਮਿੰਦਰ ਕੌਰ, ਪਰਮਿੰਦਰ ਸਿੰਘ ਅਮਲੋਹ ਆਦਿ ਆਗੂ ਵੀ ਮੌਜੂਦ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply