Friday, July 5, 2024

ਅੰਮ੍ਰਿਤਸਰ ਵਿਖੇ ਦੋ-ਰੋਜ਼ਾ ਸਾਹਿਤ ਉਤਸਵ-2016 ਦਾ ਪਹਿਲਾ ਦਿਨ

PPN0803201613 PPN0803201614ਅੰਮ੍ਰਿਤਸਰ, 8 ਮਾਰਚ (ਜਗਦੀਪ ਸਿੰਘ ਸੱਗੂ)- “ਪੰਜਾਬ ਦੇ ਕਾਲਜਾਂ ਵਿਚ ਪੜ੍ਹ ਰਹੇ ਵਿਦਿਆਰਥੀਆਂਫ਼ਖੋਜਾਰਥੀਆਂ ਨੂੰ ਯੂਨੀਵਰਸਿਟੀ ਦੀ ਅਕਾਦਮਿਕ ਖੋਜ ਅਤੇ ਚਿੰਤਨ ਨਾਲ ਜੋੜਨ ਲਈ ਸਾਹਿਤ ਉਤਸਵ-2016 ਨਿਸ਼ਚਿਤ ਰੂਪ ਨਾਲ ਇਕ ਮੀਲ ਪੱਥਰ ਸਾਬਿਤ ਹੋਵੇਗਾ। ਇਸ ਸਾਹਿਤ ਉਤਸਵ ਦੌਰਾਨ ਹੋ ਰਹੀਆਂ ਗੰਭੀਰ ਵਿਚਾਰਾਂ ਤੋਂ ਸੰਕੇਤ ਮਿਲਦਾ ਹੈ ਕਿ ਆਯੋਜਕ ਸੰਸਥਾ ਉੱਚ ਪੱਧਰੀ ਅਕਾਦਮਿਕ ਖੋਜ ਅਦਾਰੇ ਦੀ ਭੂਮਿਕਾ ਨਿਭਾਅ ਰਹੀ ਹੈ।” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਅਕਾਦਮਿਕ ਖੋਜ ਅਤੇ ਚਿੰਤਨ ਦੇ ਖੇਤਰ ਵਿਚ ਕਾਰਜਸ਼ੀਲ ਸੰਸਥਾ ਨਾਦ ਪ੍ਰਗਾਸੁ ਵੱਲੋਂ ਪੰਜਾਬ ਦੇ ਖੋਜਾਰਥੀ ਅਤੇ ਨੌਜਵਾਨ ਵਰਗ ਨੂੰ ਸਾਹਿਤ, ਚਿੰਤਨ, ਸੰਗੀਤ ਅਤੇ ਕਲਾ ਨਾਲ ਜੋੜਨ ਲਈ ਆਰੰਭ ਹੋਏ ਸਾਹਿਤ ਉਤਸਵ ਦੇ ਉਦਘਾਟਨੀ ਸੈਸ਼ਨ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ-ਚਾਂਸਲਰ, ਡਾ. ਐੱਸ. ਪੀ. ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਕਹੇ।
ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਸਮਾਜ ਨੂੰ ਵਿਕਸਿਤ ਕਰਨ ਵਿਚ ਸਾਹਿਤ ਅਤੇ ਚਿੰਤਨ ਦੀ ਅਹਿਮ ਭੂਮਿਕਾ ਰਹੀ ਹੈ। ਸਮੇਂ-ਸਮੇਂ ਇਨ੍ਹਾਂ ਬਾਰੇ ਵਿਚਾਰ ਕਰਨੀ ਵਿਦਵਾਨਾਂ ਦਾ ਨੈਤਿਕ ਫਰਜ਼ ਹੈ। ਇਸ ਮੌਕੇ ਡਾ. ਦੀਪਕ ਮਨਮੋਹਨ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਦਘਾਟਨੀ ਸੰਬੋਧਨ ਦੌਰਾਨ ਬੌਧਿਕ ਅਭਿਆਸ ਨਾਲ ਜੁੜੇ ਇਸ ਕਾਰਜ ਨੂੰ ਪੰਜਾਬ ਦੇ ਸਾਹਿਤ ਅਤੇ ਚਿੰਤਨ ਨਾਲ ਸੰਬੰਧਤ ਖੋਜਾਰਥੀਆਂ ਅਤੇ ਵਿਦਿਆਰਥੀਆਂ ਲਈ ਸ਼ੁੱਭ ਸ਼ਗਨ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਦਿਆਰਥੀਆਂ ਨੂੰ ਵਰਤਮਾਨ ਸਮੇਂ ਗੰਭੀਰ ਚਿੰਤਨ ਅਤੇ ਸਾਹਿਤ ਨਾਲ ਜੁੜਨ ਦੀ ਬੇਹੱਦ ਲੋੜ ਹੈ। ਉਦਘਾਟਨੀ ਸੈਸ਼ਨ ਦੌਰਾਨ ਮੁੱਖ ਭਾਸ਼ਣ ਡਾ. ਮਨਮੋਹਨ ਦੁਆਰਾ ਪ੍ਰਸਤੁਤ ਕੀਤਾ ਗਿਆ। ਉਨ੍ਹਾਂ ਨੇ ਆਲੋਚਨਾ ਸਿਧਾਂਤ ਦੇ ਪਰਿਪੇਖ ਤੋਂ ਆਪਣੇ ਵਿਚਾਰ ਪੇਸ਼ ਕਰਦਿਆਂ ਸਾਹਿਤ ਸਿਧਾਂਤ ਦੇ ਪ੍ਰਮੁੱਖ ਸੰਕਲਪਾਂ ਦੀ ਵਿਆਖਿਆ ਕੀਤੀ। ਉਨ੍ਹਾਂ ਨੇ ਹਾਜ਼ਿਰ ਵਿਦਿਆਰਥੀਆਂਫ਼ਖੋਜਾਰਥੀਆਂਫ਼ਵਿਦਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਹਿਤ ਚਿੰਤਨ ਨੇ ਕਿਸੇ ਸਾਹਿਤਕ ਪਾਠ ਦੇ ਅੰਤਰ-ਨਿਹਿਤ ਕਾਰਜਸ਼ੀਲ ਨਿਯਮਾਂ ਨੂੰ ਨਿਰਧਾਰਤ ਕਰਨਾ ਹੁੰਦਾ ਹੈ। ਇਸ ਤੋਂ ਪਹਿਲਾਂ ਸਾਹਿਤ ਉਤਸਵ ਦੀ ਸਹਿਯੋਗੀ ਸੰਸਥਾ ਖਾਲਸਾ ਕਾਲਜ ਫਾਰ ਵਿਮਨ ਦੇ ਪ੍ਰਿੰਸੀਪਲ ਡਾ. ਮਿਸਜ਼ ਸੁਖਬੀਰ ਕੌਰ ਮਾਹਲ ਨੇ ਉਦਘਾਟਨੀ ਸੈਸ਼ਨ ਦੌਰਾਨ ਹਾਜ਼ਰ ਸਾਹਿਤਕਾਰਾਂ, ਅਲੋਚਕਾਂ, ਵਿਦਵਾਨਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਨਿੱਘੀ ਜੀ ਆਇਆਂ ਆਖੀ। ਇਸ ਮੌਕੇ ਵੱਖ-ਵੱਖ ਸਾਹਿਤਕਾਰਾਂ ਦੀਆਂ ਤਿੰਨ ਪੁਸਤਕਾਂ ਵੀ ਰਿਲੀਜ਼ ਕੀਤੀਆਂ ਗਈਆਂ।
ਸਾਹਿਤ ਉਤਸਵ ਦੇ ਦੂਜੇ ਸਮਾਗਮ ਦੌਰਾਨ ਵਿਸ਼ਵ ਚਿੰਤਨ ਅਤੇ ਪੰਜਾਬੀ ਸਾਹਿਤ ਸਿਧਾਂਤ ਦੇ ਪ੍ਰਸੰਗ ਵਿਚ ਗੰਭੀਰ ਵਿਚਾਰਾਂ ਹੋਈਆਂ। ਇਸ ਸਮਾਗਮ ਦੌਰਾਨ ਡਾ. ਵੀ.ਕੇ ਤਿਵਾੜੀ ਨੇ ‘ਬਾਖ਼ਤਿਨੀ ਬਹੁ-ਵੰਦਤਾ ਅਤੇ ਸਾਹਿਤ-ਚਿੰਤਨ’ ਦੇ ਵਿਸ਼ੇ ਤੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਬਾਖਤਿਨ ਦੁਆਰਾ ‘ਪ੍ਰਤੀਪਾਦਤ ਬਹੁ-ਵੰਦਤਾ’ ਦਾ ਸਿਧਾਂਤ ਮੌਜੂਦਾ ਅਸਥਿਰ ਸਮਾਜ ਨੂੰ ਉਚਿਤ ਮਰਿਆਦਾ ਅਤੇ ਪਰਸਪਰ ਇਕਸੂਰਤਾ ਵਿਚ ਲਿਆਉਂਣ ਲਈ ਬਹੁਤ ਮੁੱਲਵਾਨ ਭੂਮਿਕਾ ਨਿਭਾਅ ਸਕਦਾ ਹੈ। ਉਨ੍ਹਾਂ ਤੋਂ ਬਾਅਦ ਡਾ. ਮਨਮੋਹਨ ਸਿੰਘ ਨੇ ‘ਨਵ-ਮਾਰਕਸਵਾਦ ਅਤੇ ਸਾਹਿਤ-ਚਿੰਤਨ’ ਵਿਸ਼ੇ ਤੇ ਗੱਲ ਕਰਦਿਆਂ ਸਨਾਤਨੀ ਮਾਰਕਸਵਾਦ ਬਾਬਤ ਗੰਭੀਰ ਟਿੱਪਣੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਸਨਾਤਨੀ ਮਾਰਕਸਵਾਦ ਨਿਰੋਲ ਆਰਥਿਕਵਾਦੀ ਅਤੇ ਤੱਤਵਾਦੀ ਹੋਣ ਕਾਰਨ ‘ਪਰਾ-ਉਸਾਰ’ ਦੀਆਂ ਸਮੱਸਿਆਵਾਂ ਨੂੰ ਅਣਢਿੱਠ ਕਰਦਾ ਹੈ। ਇਸ ਕਰਕੇ ਸਨਾਤਨੀ ਮਾਰਕਸਵਾਦ ਯਥਾਰਥ ਨੂੰ ਸਮਝਣ ਨੂੰ ਵਧੇਰੇ ਸਫਲ ਨਹੀਂ ਹੋ ਸਕਿਆ ਜਿਸ ਦੇ ਪ੍ਰਤੀਉੱਤਰ ਵਜੋਂ ਨਵ-ਮਾਰਕਸਵਾਦੀ ਚਿੰਤਨ ਪ੍ਰਣਾਲੀ ਹੋਂਦ ਵਿਚ ਆਈ। ਉਪਰੰਤ ਡਾ. ਦੀਪਇੰਦਰਜੀਤ ਕੌਰ ਰੰਧਾਵਾ ਮੁਖੀ, ਅੰਗਰੇਜ਼ੀ ਵਿਭਾਗ ਖਾਲਸਾ ਕਾਲਜ, ਪਟਿਆਲਾ ਨੇ ‘ਆਲੋਚਨਾਤਮਕ ਸਿਧਾਂਤ ਅਤੇ ਸਾਹਿਤ-ਚਿੰਤਨ’ ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕਰਦਿਆ ਕਿਹਾ ਕਿ ਆਲੋਚਨਾਤਮਕ ਸਿਧਾਂਤ ਹਰ ਤਰਾਂ ਦੇ ਨਿਰਕੁਸ਼ ਗਿਆਨ ਪ੍ਰਬੰਧ ਜਾਂ ਸਮਾਜਿਕ ਵਿਵਸਥਾ ਦਾ ਨਿਖੇਧ ਕਰਦਾ ਹੈ। ਉਪਰੰਤ ਵਿਚਾਰ-ਚਰਚਾ ਵਿਚ ਮੌਜੂਦ ਵਿਦਿਆਰਥੀਆਂਫ਼ਖੋਜਾਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ।
ਸਾਹਿਤ ਉਤਸਵ ਦੇ ਤੀਜੇ ਸਮਾਗਮ ਸਨਮੁੱਖ ਸੰਵਾਦ ਦੌਰਾਨ ਪ੍ਰਸਿੱਧ ਕਹਾਣੀਕਾਰ ਗੁਰਚਰਨ ਭੁੱਲਰ ਅਤੇ ਪਦਮਸ਼੍ਰੀ ਸੁਰਜੀਤ ਪਾਤਰ ਨਾਲ ਵਿਦਿਆਰਥੀਆਂ ਦੇ ਰੂ-ਬੂ-ਰੂ ਕਰਵਾਇਆ ਗਿਆ। ਇਸ ਦੌਰਾਨ ਜਿੱਥੇ ਇਨ੍ਹਾ ਦੋ ਸਾਹਿਤਕ ਸ਼ਖਸੀਅਤਾਂ ਨੇ ਆਪਣੀ ਸਿਰਜਣ ਪ੍ਰਕਿਰਿਆ ਹਾਜ਼ਿਰ ਪਾਠਕਾਂ ਅਤੇ ਸਰੋਤਿਆ ਨਾਲ ਸਾਂਝੀ ਕੀਤੀ ਉਥੇ ਨਾਲ ਹੀ ਉਨ੍ਹਾਂ ਨੇ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਤੋਂ ਇਲਾਵਾ ਸਾਹਿਤ ਉਤਸਵ ਦੌਰਾਨ ਪੁਸਤਕਾਂ, ਸੰਗੀਤਕ ਸਾਜ਼ਾਂ, ਚਿੱਤਰਾਂ, ਕੈਲੀਗ੍ਰਾਫੀ ਆਦਿ ਨਾਲ ਸਬੰਧਤ ਵੱਖ-ਵੱਖ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਇਸ ਉਸਤਵ ਦੇ ਪਹਿਲੇ ਦਿਨ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਦਿੱਲੀ ਯੂਨੀਵਰਸਿਟੀ, ਦਿੱਲੀ, ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ, ਖਾਲਸਾ ਕਾਲਜ ਫਾਰ ਵੂਮੈਨ ਅੰਮ੍ਰਿਤਸਰ, ਖਾਲਸਾ ਕਾਲਜ ਸਰਹਾਲੀ ਆਦਿ ਦੇ ਖੋਜਾਰਥੀਆਂ ਫ਼ਵਿਦਿਆਰਥੀਆਂ ਤੋਂ ਇਲਾਵਾ ਰਾਜ ਦੇ ਵੱਖ-ਵੱਖ ਭਾਗਾਂ ਦੇ ਵਿਦਵਾਨਾਂ ਤੇ ਚਿੰਤਨ ਨਾਲ ਜੁੜੇ ਪਾਠਕਾਂ ਨੇ ਸਾਹਿਤ ਉਤਸਵ ਦਾ ਆਨੰਦ ਮਾਣਿਆ। ਇਸ ਤੋਂ ਇਲਾਵਾ ਸਾਹਿਤ ਉਤਸਵ ਦੌਰਾਨ ਡਾ. ਸੁਖਦੇਵ ਸਿੰਘ, ਡਾ. ਸੰਤੋਖ ਸਿੰਘ ਸ਼ਹਿਰਯਾਰ, ਡਾ. ਸੁਰਜੀਤ ਸਿੰਘ ਨਾਰੰਗ, ਡਾ. ਗੁਰਬਚਨ ਸਿੰਘ ਬਚਨ, ਡਾ. ਹਰਮੋਹਿੰਦਰ ਸਿੰਘ ਬੇਦੀ, ਡਾ. ਗੁਰਨਾਮ ਕੌਰ ਬੇਦੀ, ਸ੍ਰੀ ਜਗਦੀਸ਼ ਸਚਦੇਵਾ, ਮੋਹਨਜੀਤ, ਗੁਰਚਰਨ ਆਦਿ ਸ਼ਖਸੀਅਤਾਂ ਹਾਜ਼ਰ ਸਨ।
ਸਾਹਿਤ ਉਤਸਵ ਦੇ ਦੂਜੇ ਅਤੇ ਆਖਰੀ ਦਿਨ 9 ਮਾਰਚ ਨੂੰ ਬਸੰਤ ਰੁਤ ਨਾਲ ਜੁੜੀ ਕਵੀ ਦਰਬਾਰ ਪਰੰਪਰਾ ਦੇ ਅਨੁਸਾਰ ਇਕ ਵਿਸ਼ਾਲ ਸਮਾਗਮ ‘ਚੜ੍ਹਿਆ ਬਸੰਤ’ ਆਯੋਜਿਤ ਕੀਤਾ ਜਾਵੇਗਾ, ਜਿਸ ਵਿਚ ਬਸੰਤ ਰਾਗ ਵਾਦਨਫ਼ਗਾਇਨ ਤੋਂ ਇਲਾਵਾ ਪੰਜਾਬੀ ਅਤੇ ਪੰਜਾਬੀ ਦੀਆਂ ਉਪ-ਬੋਲੀਆਂ (ਡੋਗਰੀਫ਼ਪਹਾੜੀਫ਼ਗੋਜਰੀ ਆਦਿ) ਦੇ ਪ੍ਰਮੁੱਖ ਕਵੀ ਆਪਣੀਆਂ ਰਚਨਾਵਾਂ ਪੇਸ਼ ਕਰਨਗੇ। ਇਸ ਸਾਲ ਦਾ ਨਾਦ ਪ੍ਰਗਾਸੁ ਸ਼ਬਦ-ਸਨਮਾਨ ਸਾਹਿਤ ਚਿੰਤਨ ਦੇ ਖੇਤਰ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਪ੍ਰਸਿੱਧ ਵਿਦਵਾਨ ਡਾ. ਗੁਰਚਰਨ ਸਿੰਘ ਅਰਸ਼ੀ ਨੂੰ ਦਿੱਤਾ ਜਾ ਰਿਹਾ ਹੈ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply