Monday, July 8, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 42ਵੀਂ ਕਨਵੋਕੇਸ਼ਨ ਮਾਨਯੋਗ ਪ੍ਰੋ. ਕਪਤਾਨ ਸਿੰਘ ਸੋਲੰਕੀ ਨੇ ਵੰਡੀਆਂ ਡਿਗਰੀਆਂ

PPN1103201612ਅੰਮ੍ਰਿਤਸਰ, 11 ਮਾਰਚ (ਸੁਖਬੀਰ ਖੁਰਮਣੀਆ)- ਅੱਜ ਲੋੜ ਹੈ ਕਿ ਸਿਖਿਆ ਦੇ ਪਸਾਰ ਅਤੇ ਬੁੁਨਿਆਦੀ ਢਾਂਚੇ ਲਈ ਵਚਨਬੱਧਤਾ, ਸਮਰਪਣ ਅਤੇ ਸਖਤ ਮਿਹਤਨ ਦੇ ਨਾਲ-ਨਾਲ ਸਾਡੇ ਗੁਰੂ ਸਾਹਿਬਾਨਾਂ ਦੀਆਂ ਸਿਖਿਆਵਾਂ ਉਪਰ ਚਲਦੇ ਹੋਏ ਉਪਰਾਲੇ ਕੀਤੇ ਜਾਣ ਕਿਉਂਕਿ ਸਿਖਿਆ ਹੀ ਇਕ ਐਸਾ ਹਥਿਆਰ ਹੈ ਜਿਸ ਜ਼ਰੀਏ ਅਸੀ ਆਪਣਾ ਚੌਗਿਰਦਾ ਅਮੀਰ, ਸਵੱਛ ਅਤੇ ਸਮਰਿਧ ਬਣਾ ਸਕਦੇ ਹਾਂ। ਵਿਦਿਆਰਥੀ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਨੂੰ ਦੇਸ਼ ਪ੍ਰਤੀ ਵਫਾਦਾਰੀ ਨਾਲ ਆਪਣੇ ਕਰਤਵ ਨਿਭਾਉਣ ਦਾ ਪ੍ਰਣ ਲੈਣਾ ਚਾਹੀਦਾ ਹੈ।
ਇਹ ਵਿਚਾਰ ਅੱਜ ਇਥੇ ਪਜਾਬ ਦੇ ਗਵਰਨਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਾਂਸਲਰ, ਮਾਨਯੋਗ ਪ੍ਰੋ. ਕਪਤਾਨ ਸਿੰਘ ਸੋਲੰਕੀ ਨੇ ਯੂਨੀਵਰਸਿਟੀ ਦੀ 42ਵੀਂ ਸਾਲਾਨਾ ਕਨਵੋਕੇਸ਼ਨ ਦੀ ਪ੍ਰਧਾਨਗੀ ਕਰਦਿਆਂ ਪੇਸ਼ ਕੀਤੇ। ਇਹ ਕਨਵੋਕੇਸ਼ਨ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਕਰਵਾਈ ਗਈ ਜਿਸ ਵਿਚ 842 ਮੈਡਲ ਅਤੇ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਪ੍ਰੋ. ਸੋਲੰਕੀ ਨੇ ਕਨਵੋਕੇਸ਼ਨ ਵਿਚ ਡਿਗਰੀ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿਦਿਆਂ ਉਨ੍ਹਾਂ ਦੇ ਉਜਵਲ ਭਵਿਖ ਦੀ ਕਾਮਨਾ ਕਰਦਿਆਂ ਉਨ੍ਹਾਂ ਯੂਨੀਵਰਸਿਟੀ ਵੱਲੋ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਜਿਹੜੇ ਕਿ ਵਿਦਿਆਰਥੀਆਂ ਦੇ ਕੈਰੀਅਰ ਨੂੰ ਬਨਾਉਣ ਵਿਚ ਵੱਡਮੁੱਲਾ ਯੋਗਦਾਨ ਪਾ ਰਹੇ ਹਨ।
ਮਾਨਯੋਗ ਚਾਂਸਲਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਦੇਸ਼ ਦਾ ਭਵਿੱਖ ਤੁਹਾਡੇ ਉਪਰ ਨਿਰਭਰ ਕਰਦਾ ਹੈ ਅਤੇ ਤੁਹਾਨੂੰ ਇਕ ਵਧੀਆ ਸਮਾਜ ਲਈ ਕਰਮਸ਼ੀਲ ਰਹਿਣ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਦੀ ਉੱਨਤੀ ਉੱਥੋਂ ਦੇ ਨਾਗਰਿਕਾਂਫ਼ਨਿਵਾਸੀਆਂ ‘ਤੇ ਨਿਰਭਰ ਕਰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੇਸ਼ ਦਾ ਨਾਗਰਿਕ ਜ਼ਿੰਮੇਵਾਰ ਅਤੇ ਰਾਸ਼ਟਰ ਨੂੰ ਸਮਰਪਿਤ ਹੋਵੇਗਾ ਤਾਂ ਦੇਸ਼ ਵਿਕਾਸ ਦੇ ਰਸਤੇ ਉਪਰ ਚਲਦਾ ਹੈ। ਉਨਾਂ੍ਹ ਕਿਹਾ ਕਿ ਨਰੋਏ ਸਮਾਜ ਦੀ ਸਿਰਜਣਾ ਲਈ ਅਧਿਆਪਕਾਂ ਦਾ ਆਪਣੇ ਕਿੱਤੇ ਪ੍ਰਤੀ ਜ਼ਿੰੰਮੇਵਾਰੀ ਅਤੇ ਸਮਰਪਣ ਹੋਰ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਡਿਗਰੀ ਵੰਡ ਸਮਾਰੋਹ ਭਾਵੇਂ ਕਿ ਇਕ ਤਕਨੀਕੀ ਸਮਾਗਮ ਹੁੰਦਾ ਹੈ ਪਰ ਇਸ ਵਿਚ ਵਿਦਿਆਰਥੀਆਂ ਦੀਆਂ ਭਾਵਨਾਵਾਂ ਵੀ ਸ਼ਾਮਿਲ ਹੁੰਦੀਆਂ ਹਨ ਜਿਨ੍ਹਾਂ ਨੇ ਇਕ ਸਖਤ ਮਿਹਨਤ ਤੋਂ ਬਾਅਦ ਆਪਣੀ ਡਿਗਰੀ ਪ੍ਰਾਪਤ ਕੀਤੀ ਹੁੰਦੀ ਹੈ ਜਿਸ ਵਿਚ ਉਨ੍ਹਾਂ ਦੇ ਪਰਿਵਾਰ, ਅਧਿਆਪਕਾਂ ਅਤੇ ਦੋਸਤਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਵਿਦਿਆਰਥੀਆਂ ਨੂੰ ਇਸ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਦੇ ਹੋਏ ਉਨ੍ਹਾਂ ਦਾ ਰਿਣ ਉਤਾਰਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਕਥਨੀ ਅਤੇ ਕਰਨੀ ਇਕ ਹੋਣੀ ਚਾਹੀਦੀ ਹੈ ਅਤੇ ਆਤਮ ਵਿਸ਼ਵਾਸ ਨਾਲ ਅੱਗੇ ਵਧਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਇਸ ਡਿਗਰੀ ਵੰਡ ਸਮਾਰੋਹ ਵਿਚ ਸਾਡੀਆਂ ਧੀਆਂ ਦੀ ਗਿਣਤੀ ਵੱਧ ਹੈ ਅਤੇ ਇਹ ਬਹੁਤ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਲੜਕਿਆਂ ਨੂੰ ਇਸ ‘ਤੇ ਈਰਖਾ ਨਾਲ ਕਰਦੇ ਹੋਏ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿਉਂਕਿ ਇਕ ਔਰਤ ਪੂਰੇ ਪਰਿਵਾਰ ਦੀ ਪਰਵਰਿਸ਼ ਕਰਦੀ ਹੈ ਅਤੇ ਜੇਕਰ ਔਰਤ ਪੜ੍ਹੀ ਲਿਖੀ ਹੈ ਤਾਂ ਉਹ ਆਪਣੇ ਪਰਿਵਾਰ ਦੇ ਨਾਲ-ਨਾਲ ਚੌਗਿਰਦੇ ਨੂੰ ਵੀ ਸਿਖਿਅਤ ਕਰਦੀ ਹੈ।
ਉਨ੍ਹਾਂ ਕਿਹਾ ਕਿ ਗਿਆਨ ਦੀ ਕੋਈ ਸੀਮਾਂ ਨਹੀਂ ਹੁੁੰਦੀ ਜੋ ਕਿ ਮਨੁੱਖਾਂ ਦੀ ਸਾਰੇ ਖੇਤਰਾਂ ਵਿਚ ਮਦਦ ਕਰਦਾ ਹੈ। ਉਨ੍ਹਾਂ ਕਿਹਾ ਕਿ ਗਿਆਨ ਤੋਂ ਉਪਰ ਕੋਈ ਵੀ ਅਸਰਦਾਰ ਅਤੇ ਸ਼ਕਤੀਸ਼ਾਲੀ ਨਹੀਂ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਅਤੇ ਸਿਖਿਆ ਅਦਾਰੇ ਨਵੀਆਂ ਗਿਆਨ ਧਾਰਾਵਾਂ ਪੈਦਾ ਕਰਨ ਵਿਚ ਅਹਿਮ ਰੋਲ ਅਦਾ ਕਰਦੀਆਂ ਹਨ। ਉਨ੍ਹਾਂ ਵਾਈਸ-ਚਾਂਸਲਰ ਪ੍ਰੋ. ਬਰਾੜ ਨੂੰ ਮਿਆਰੀ ਅਤੇ ਨੈਤਿਕਤਾ ਭਰਪੂਰ ਸਿਖਿਆ ਮੁਹਈਆ ਦੇਣ ‘ਤੇ ਵਧਾਈ ਦਿੱਤੀ।
ਪ੍ਰੋ. ਸੋਲੰਕੀ ਨੇ ਕਿਹਾ ਕਿ ਇਹ ਯੂਨੀਵਰਸਿਟੀ ਉਸ ਵਡਪੁਰਖ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਉਪਰ ਬਣੀ ਹੈ, ਜਿਨ੍ਹਾਂ ਨੇ ਸਰਬੱਤ ਮਾਨਵਤਾ ਦੇ ਭਲੇ ਲਈ ਉਪਦੇਸ਼ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਸਾਨੂੰ ਗੁਰੂ ਜੀ ਦੀਆਂ ਸਿਖਿਆਵਾਂ ‘ਤੇ ਚੱਲਕੇ ਗੌਰਵਮਈ ਅਤੇ ਰਾਸ਼ਟਰੀ ਚੇਤਨਾ ਪੈਦਾ ਕਰਨੀ ਚਾਹੀਦੀ ਹੈ ਅਤੇ ਪ੍ਰਾਪਤ ਕੀਤੀ ਸਿਖਿਆ ਸਮਾਜ ਭਲਾਈ ਅਤੇ ਲੋੜਵੰਦਾਂ ਦੀ ਸੇਵਾ ਨੂੰ ਪ੍ਰਤੀਬੱਧਤਾ ਨਾਲ ਸਮਰਪਿਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਲਈ ਆਪਣੇ ਪਰਿਵਾਰ ਨੂੰ ਕੁਰਬਾਨ ਕੀਤਾ ਅਤੇ ਉਨ੍ਹਾਂ ਦੇ ਪੂਰਨਿਆਂ ‘ਤੇ ਚਲਦੇ ਹੋਏ ਦ੍ਰਿੜ ਨਿਸਚੇ ਨਾਲ ਆਪਣਾ ਮੁਕਾਮ ਹਾਸਲ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ। ਦੇਸ਼ ਦੀ ਅਜ਼ਾਦੀ ਵਿਚ ਲੱਖਾਂ ਭਾਰਤੀਆਂ ਦਾ ਯੋਗਦਾਨ ਹੈ ਜਿਸ ਵਿਚ ਪੰਜਾਬ ਨਿਵਾਸੀਆਂ ਦਾ ਯੋਗਦਾਨ ਵੱਧ ਹੈ ਜੋ ਸਾਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ।
ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਸਿਘ ਬਰਾੜ ਨੇ ਕਨਵੋਕੇਸ਼ਨ ਵਿੱਚ ਭਾਗ ਲੈਣ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ‘ਤੇ ਪਜਾਬ ਦੇ ਰਾਜਪਾਲ ਨੇ ਲਗਪਗ 842 ਸਕਾਲਰਜ਼ ਅਤੇ ਵਿਦਿਆਰਥੀਆਂ ਨੂੰ ਪੀ.ਐਚ.ਡੀ., ਐਮ.ਫਿਲ., ਐਮ.ਟੈਕ., ਐਲ.ਐਲ.ਐਮ., ਐਮ.ਐਸ.ਸੀ., ਐਮ.ਬੀ.ਏ., ਐਮ.ਬੀ.ਈ., ਐਮ.ਕਾਮ., ਐਮ.ਏ., ਬੀ.ਟੈਕ., ਬੀ.ਐਸ.ਸੀ., ਐਲ.ਐਲ.ਬੀ., ਬੀ.ਸੀ.ਏ., ਬੀ.ਬੀ.ਏ., ਬੀ.ਕਾਮ ਅਤੇ ਬੀ.ਏ. ਆਦਿ ਕੋਰਸਾਂ ਦੀਆਂ ਡਿਗਰੀਆਂ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ।
ਆਪਣੇ ਸਵਾਗਤੀ ਭਾਸ਼ਣ ਵਿਚ ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਸ ਸਿਘ ਬਰਾੜ ਨੇ ਯੂਨੀਵਰਸਿਟੀ ਦੀਆਂ ਉਪਲੱਬਦੀਆਂ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਯੂਨੀਵਰਸਿਟੀ ਨੇ ਹੁਣ ਤਕ ਸਿਖਿਆ, ਖੋਜ, ਖੇਡਾਂ ਅਤੇ ਸਭਿਆਚਾਰਕ ਗਤਿਵਿਧੀਆਂ ਦੇ ਖੇਤਰ ਵਿਚ ਪੂਰੀ ਲਗਨ ਅਤੇ ਮਿਹਨਤ ਨਾਲ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੂੰ ਭਾਰਤ ਦੀ ਉੱਚ ਵਿਦਿਅਕ ਅਦਾਰਿਆਂ ਦਾ ਮੁਲਾਂਕਣ ਕਰਨ ਵਾਲੀ ਸੰਸਥਾ ਨੈਸ਼ਨਲ ਅਸੈਸਮੈਂਟ ਐਂਡ ਐਕਰੀਡੀਟੀਸ਼ਨ ਕੌਂਸਲ (ਨੈਕ), ਬੰਗਲੌਰ ਵੱਲੋਂ ਤੀਜੀ ਵਾਰ ਸਰਵ-ਉੱਚ ਗਰੇਡ (4 ਵਿਚੋਂ 3.51) ਨਾਲ ਵੀ ਨਿਵਾਜਿਆ ਹੈ।
ਪ੍ਰੋ. ਬਰਾੜ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਕਿੱਤਾਮੁਖੀ ਕੋਰਸਾਂ ਨੂੰ ਵਧਾਉਣ ਲਈ ਯੂਨੀਵਰਸਿਟੀ ਵਿਖੇ ਯੂਨੀਵਰਸਿਟੀ ਇੰਸਟੀਚਿਊਟ ਟੈਕਨਾਲੋਜੀ ਸਥਾਪਿਤ ਕੀਤਾ ਜਾ ਰਿਹਾ ਹੈ ਜਿਸ ਵਿਚ ਸਿਵਲ, ਮਕੈਨੀਕਲ, ਇਲੈਕਟ੍ਰੀਕਲ ਅਤੇ ਕੈਮੀਕਲ ਇੰਜੀਨਿਅਰਿੰਗ ਸ਼ੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨਾਂ੍ਹ ਕੋਰਸਾਂ ਨਾਲ ਇਸ ਖਿੱਤੇ ਦੇ ਵਿਦਿਆਰਥੀਆਂ ਨੂੰ ਲਾਹਾ ਪ੍ਰਾਪਤ ਹੋਵੇਗਾ। ਯੂਨੀਵਰਸਿਟੀ ਵੱਲੋਂ ਪਿੰਡਾਂ ਦੀ ਨੁਹਾਰ ਬਦਲਣ ਲਈ ਪੰਜ ਪਿੰਡ ਲੁਧੜ, ਬਦਾਦਪੁਰਾ, ਚੁੰਗ, ਮਿਠੜਾ ਅਤੇ ਗੁਗਰਾਂ ਨੂੰ ਅਡਾਪਟ ਕਰਦਿਆਂ ਇਨਾਂ੍ਹ ਪਿੰਡਾਂ ਦੇ ਲੋਕਾਂ ਦੀ ਸਿਹਤ, ਵਿਦਿਆ ਅਤੇ ਆਰਥਿਕ ਤਰੱਕੀ ਲਈ ਪਾਲਿਸੀ ਤਿਆਰ ਕੀਤੀ ਜਾ ਰਹੀ ਹੈ।
ਯੂਨੀਵਰਸਿਟੀ ਦੇ ਰਜਿਸਟਰਾਰ, ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ ਨੇ ਇਸ ਮੌਕੇ ਤੇ ਮਚ ਦਾ ਸਚਾਲਣ ਕੀਤਾ ਜਦੋਂਕਿ ਡੀਨ, ਅਕਾਦਮਿਕ ਮਾਮਲੇ, ਪ੍ਰੋ. ਪਰਮਜੀਤ ਸਿੰਘ ਨੇ ਧਨਵਾਦ ਦਾ ਮਤਾ ਪੇਸ਼ ਕੀਤਾ। ਇਸ ਤੋਂ ਪਹਿਲਾਂ ਡਾ. ਰੇਣੂ ਭਾਰਦਵਾਜ, ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ) ਅਤੇ ਪ੍ਰੋ. ਟੀ.ਐਸ. ਬੇਨੀਪਾਲ ਨੇ ਅਕਾਦਮਿਕ ਪ੍ਰੋਸੈਸ਼ਨ ਦੀ ਅਗਵਾਈ ਕੀਤੀ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply