Wednesday, June 26, 2024

ਖ਼ੁਮਾਇਨੀ ਦੇ ਭਾਰਤੀ ਨੁਮਾਇੰਦੇ ਨੇ ਕੀਤਾ ਖੋਜ ਸੰਸਥਾ ਨਾਦ ਪ੍ਰਗਾਸੁ ਦਾ ਦੌਰਾ

ਸਿੱਖ-ਸੂਫ਼ੀ ਸਕੂਲ ਅਤੇ ਸਿੱਖ-ਫ਼ਾਰਸੀ ਪਰੰਪਰਾ ਦੀ ਪੁਨਰ-ਸੁਰਜੀਤੀ ਸਬੰਧੀ ਵਿਚਾਰਾਂ

PPN2603201613ਅੰਮ੍ਰਿਤਸਰ 26 ਮਾਰਚ (ਪੰਜਾਬ ਪੋਸਟ ਬਿਊਰੋ) – ਇਰਾਨ ਦੀ ਸਰਵਉੱਚ ਧਾਰਮਿਕ ਹਸਤੀ ਹਜ਼ਰਤ ਅਤਾਉਲਾ ਸਾਈਦ ਅਲੀ ਖ਼ੁਮਾਇਨੀ ਦੇ ਭਾਰਤੀ ਨੁਮਾਇੰਦੇ ਮਹਿਦੀ ਮਹਿਦਵੀਪੋਰ ਨੇ ਪਿਛਲੇ ਇਕ ਦਹਾਕੇ ਤੋਂ ਅਕਾਦਮਿਕ ਖੋਜ ਅਤੇ ਸ਼ਾਸ਼ਤਰੀ ਭਾਸ਼ਾਵਾਂ ਦੇ ਵਿਕਾਸ ਲਈ ਕਾਰਜਸ਼ੀਲ ਸੰਸਥਾ ਨਾਦ ਪ੍ਰਗਾਸੁ ਦੇ ਮੁੱਖ ਦਫਤਰ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਭਾਰਤ ਵਿਚ ਅਤੇ ਖਾਸ ਤੌਰ ‘ਤੇ ਪੰਜਾਬ ਵਿਚ ਫ਼ਾਰਸੀ ਭਾਸ਼ਾ ਦੇ ਵਿਕਾਸ ਲਈ ਉਚੇਚੇ ਯਤਨ ਕੀਤੇ ਜਾਣ ਦੀ ਲੋੜ ਹੈ ਅਤੇ ਯੂਨੀਵਰਸਿਟੀਆਂ ਵਿਚ ਕਾਰਜ ਕਰ ਰਹੇ ਵਿਦਵਾਨਾਂ/ਖੋਜਾਰਥੀਆਂ ਨੂੰ ਪ੍ਰਾਚੀਨ ਭਾਸ਼ਾਵਾਂ ਵਿਚ ਖੋਜ ਕਰਨ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸੂਫੀ ਅਧਿਐਨ ਦੇ ਪ੍ਰਸੰਗ ਵਿਚ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਜਾਬ ਵਿਚ ਵਿਹਾਰਕ ਸੂਫੀਮਤ ਹੀ ਪੜ੍ਹਾਇਆ ਜਾ ਰਿਹਾ ਹੈ ਜਦੋਂਕਿ ਸੂਫੀ ਅਨੁਭਵ ਦਾ ਸਿਧਾਂਤਕ ਪੱਖ ਵੀ ਭਾਰਤੀ ਅਕਾਦਮਿਕਤਾ ਵਿਚ ਪ੍ਰਮੁੱਖ ਰੂਪ ਵਿਚਾਰਿਆ ਜਾਣਾ ਚਾਹੀਦਾ ਹੈ।
ਇਸ ਮੌਕੇ ਸੰਸਥਾ ਦੇ ਪ੍ਰਬੰਧਕਾਂ ਨੇ ਉਨ੍ਹਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਪਤ ਸਿੰਧੂ ਦੀ ਸਭਿਅਤਾ ਦਾ ਵਿਸ਼ਵ ਦੀਆਂ ਪ੍ਰਾਚੀਨ ਭਾਸ਼ਾਵਾਂ ਨਾਲ ਵਿਚਾਰਨਯੋਗ ਨੇੜਤਾ ਰਹੀ ਹੈ ਅਤੇ ਆਧੁਨਿਕ ਯੁਗ ਵਿਚ ਤੇਜੀ ਨਾਲ ਵਾਪਰ ਰਹੇ ਪਰਿਵਰਤਨਾਂ ਦੇ ਮੱਦੇਨਜ਼ਰ ਇਨ੍ਹਾਂ ਸਬੰਧਾਂ ਨੂੰ ਮੁੜ ਅਕਾਦਮਿਕ ਖੇਤਰ ਵਿਚ ਚਿੰਤਨ ਦਾ ਵਿਸ਼ਾ ਬਣਾਇਆ ਜਾਣਾ ਚਾਹੀਦਾ ਹੈ ਜਿਵੇਂ ਕਿ ਪੰਜਾਬ ਵਿਚ ਸਿੱਖ-ਫ਼ਾਰਸੀ ਸਕੂਲ ਦੀ ਸਥਾਪਨਾ ਅਤੇ ਜਨਮਸਾਖੀਆਂ ਵਿਚ ਦਰਜ ਸਿੱਖ-ਸੂਫੀ ਸੰਬੰਧਾਂ ਅਤੇ ਪਰੰਪਰਾ ਨੂੰ ਬੌਧਿਕ ਅਭਿਆਸ ਵਿਚ ਸ਼ਾਮਿਲ ਕੀਤੇ ਜਾਣ ਦੀ ਲੋੜ ਹੈ। ਇਸ ਨਾਲ ਜਿੱਥੇ ਇਕ ਪਾਸੇ ਭਾਰਤੀ ਅਤੇ ਇਰਾਨੀ ਸਭਿਅਤਾਵਾਂ ਦੇ ਵਿਚਕਾਰ ਸਦਭਾਵਨਾਤਮਕ ਸਬੰਧ ਮਜਬੂਤ ਹੋਣਗੇ ਉੱਥੇ ਨਾਲ ਹੀ ਦੋਨੋਂ ਮੁਲਕਾਂ ਦੇ ਵਿਚਕਾਰ ਸਾਹਿਤ, ਕਲਾ ਅਤੇ ਸੰਗੀਤ ਦੇ ਅੰਤਰ-ਸੰਬੰਧਾਂ ਬਾਬਤ ਨਵੀਆਂ ਸੰਭਾਵਨਾਵਾਂ ਵੀ ਪੈਦਾ ਹੋਣਗੀਆਂ।
ਜ਼ਿਕਰਯੋਗ ਹੈ ਕਿ ਖੋਜ ਸੰਸਥਾ ਨਾਦ ਪ੍ਰਗਾਸੁ ਵੱਲੋਂ ਪਿਛਲੇ ਦਸ ਸਾਲਾਂ ਤੋਂ ਲਗਾਤਾਰ ਫਾਰਸੀ ਭਾਸ਼ਾ ਦੀ ਮੁੱਢਲੀ ਸਿਖਿਆ ਤੋਂ ਇਲਾਵਾ ਇਸ ਭਾਸ਼ਾ ਦੀਆਂ ਪ੍ਰਮੁੱਖ ਭਾਰਤੀ ਲਿਖਤਾਂ ਅਤੇ ਪ੍ਰਸਿੱਧ ਸੂਫੀ ਰਚਨਾਵਾਂ ਦਾ ਅਧਿਐਨ ਵੀ ਕਰਵਾਇਆ ਜਾਂਦਾ ਹੈ ਜਿਸ ਵਿਚ ਗੁਰੂ ਗੋਬਿੰਦ ਸਿੰਘ ਕ੍ਰਿਤ ਜਫ਼ਰਨਾਮਾ, ਭਾਈ ਨੰਦ ਲਾਲ ਰਚਿਤ ਕਲਾਮ, ਡਾ. ਗੁਲਵੰਤ ਸਿੰਘ ਦੁਆਰਾ ਅਨੁਵਾਦਿਤ ਜਪੁ ਜੀ, ਸੁਖਮਨੀ ਸਾਹਿਬ ਅਤੇ ਜਾਪੁ ਸਾਹਿਬ, ਅਤੇ ਭਾਈ ਲਕਸ਼ਵੀਰ ਸਿੰਘ ਅਨੁਵਾਦਿਤ ਜਪੁ ਜੀ ਸਮੇਤ ਚੋਣਵਾਂ ਫ਼ਾਰਸੀ ਸਾਹਿਤ ਸ਼ਾਮਿਲ ਹੈ। ਸੰਸਥਾ ਵੱਲੋਂ ਹੁਣ ਤੱਕ ਸੌ ਤੋਂ ਵੱਧ ਵਿਦਿਆਰਥੀਆਂ ਨੂੰ ਫਾਰਸੀ ਭਾਸ਼ਾ ਦੀ ਮੁੱਢਲੀ ਪੱਧਰ ਦੀ ਪੜਾਈ ਅਤੇ ਪ੍ਰਮੁੱਖ ਫ਼ਾਰਸੀ ਲਿਖਤਾਂ ਦਾ ਅਧਿਐਨ ਕਰਵਾਇਆ ਜਾ ਚੁੱਕਾ ਹੈ।ਸੰਸਥਾ ਨਾਲ ਜੁੜੇ ਵਿਦਵਾਨਾਂ/ਖੋਜਾਰਥੀਆਂ ਵੱਲੋਂ ਸਤਿਕਾਰਯੋਗ ਮਹਿਦੀ ਮਹਿਦਵੀਪੋਰ ਪ੍ਰਤੀ ਪੰਜਾਬ ਵਿਚ ਫਾਰਸੀ ਭਾਸ਼ਾ ਪੜ੍ਹ ਰਹੇ ਵਿਦਿਆਰਥੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਕਰਨ ਅਤੇ ਮੁੱਢਲੀਆਂ ਲੋੜਾਂ ਪੂਰੀ ਕਰਨ ਦੀ ਮੰਗ ਵੀ ਰੱਖੀ ਗਈ।
ਅੰਤ ਵਿਚ ਸਤਿਕਾਰਯੋਗ ਮਹਿਦੀ ਮਹਿਦਵੀਪੋਰ ਅਤੇ ਉਨ੍ਹਾਂ ਨਾਲ ਆਏ ਹੋਰ ਮਹਿਮਾਨਾਂ ਨੂੰ ਫਾਰਸੀ ਭਾਸ਼ਾ ਦੇ ਪ੍ਰਸਿੱਧ ਪੰਜਾਬੀ ਵਿਦਵਾਨ ਸਵ. ਡਾ. ਬਲਜੀਤ ਸਿੰਘ ਵੱਲੋਂ ਅਨੁਵਾਦਿਤ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਉਨ੍ਹਾਂ ਦੀ ਇਸ ਫੇਰੀ ਮੌਕੇ ਡਾ. ਹੈਦਰ ਰਜ਼ਾ ਜਾਵੇਦ, ਡਾ. ਰਿਹਾਨ, ਪ੍ਰੋ. ਜਗਦੀਸ਼ ਸਿੰਘ, ਪੁਨਿੰਦਰ ਸਿੰਘ, ਡਾ. ਸੁਖਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।

Check Also

ਲ਼ੋਕ ਸਭਾ ਚੋਣ ਲੜ ਚੁੱਕੇ ਉਮੀਦਵਾਰਾਂ ਨੂੰ ਖਰਚਾ ਰਜਿਸਟਰ ਮੇਨਟੇਨ ਕਰਨ ਸਬੰਧੀ ਦਿੱਤੀ ਟ੍ਰੇਨਿੰਗ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ 2024 ਦੌਰਾਨ ਚੋਣ ਲੜ ਚੁੱਕੇ ਉਮੀਦਵਾਰਾਂ …

Leave a Reply