Wednesday, July 3, 2024

ਖ਼ਾਲਸਾ ਗਵਰਨਿੰਗ ਕੌਂਸਲ ਨੇ ਉਘੇੇ ਹਾਕੀ ਖਿਡਾਰੀ ਬਲਬੀਰ ਸਿੰਘ ਨੂੰ ‘ਭਾਰਤ ਰਤਨ’ ਦੇਣ ਦੀ ਵਕਾਲਤ

PPN0604201619ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਖੁਰਮਣੀਆ)- ਭਾਰਤ ਦੇ ਮੰਨ੍ਹੇ-ਪ੍ਰਮੰਨ੍ਹੇ ਹਾਕੀ ਖਿਡਾਰੀ ਅਤੇ 3 ਵਾਰੀ ਉਲੰਪੀਅਨ ਗੋਲਡ ਮੈਡਲਿਸਟ ਤੇ ਪਦਮਸ੍ਰੀ ਸ: ਬਲਬੀਰ ਸਿੰਘ ਸੀਨੀਅਰ ਨੂੰ ‘ਭਾਰਤ ਰਤਨ’ ਐਵਾਰਡ ਨਾਲ ਸਨਮਾਨਿਤ ਕਰਨ ਦੀ ਅਪੀਲ ਕਰਦਿਆਂ ਅੱਜ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਪੰਜਾਬ ਸਰਕਾਰ ਨੂੰ ਇਸ ਤਹਿਤ ਕਾਰਵਾਈ ਕਰਨ ਦੀ ਵਕਾਲਤ ਕੀਤੀ। ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਇੱਥੇ ਉਚੇਚੇ ਤੌਰ ‘ਤੇ ਪਹੁੰਚੇ 92 ਸਾਲਾ ਉੱਘੇ ਹਾਕੀ ਖਿਡਾਰੀ ਦੇ ਸਵਾਗਤ ਵਿੱਚ ਕਿਹਾ ਕਿ ਉਸ ਨੂੰ ਹੁਣ ਤੱਕ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਅਣਗੌਲਿਆ ਗਿਆ ਹੈ।
ਇਤਿਹਾਸਕ ਖ਼ਾਲਸਾ ਕਾਲਜ ਦੇ ਐਗਰੀਕਲਚਰ ਵਿਭਾਗ ਦੇ ਸੈਮੀਨਾਰ ਹਾਲ ਵਿਖੇ 97ਵੇਂ ਸਾਲਾਨਾ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸ: ਬਲਬੀਰ ਸਿੰਘ ਜੋ ਕਿ ਖ਼ਾਲਸਾ ਕਾਲਜ ਦੇ ਸਾਬਕਾ ਵਿਦਿਆਰਥੀ ਹਨ, ਨੇ ਆਪਣੇ ਕੈਂਪਸ ਦੇ ਨਾਭਾ ਅਤੇ ਜਿੰਦ ਹੋਸਟਲ ਵਿੱਚ ਬਿਤਾਏ ਦਿਨ ਅੱਜ ਵੀ ਯਾਦ ਹਨ ਅਤੇ ਇੱਥੋਂ ਦੇ ਹਰੇ ਭਰੇ ਮੈਦਾਨਾਂ ਵਿੱਚ ਹਾਕੀ ਦਾ ਅਭਿਆਸ ਕਰਨ ਦੇ ਵੇਲੇ ਅੱਜ ਸੁਨਿਹਰੀ ਹੋ ਰਹੇ ਹਨ। ਉਨ੍ਹਾਂ ਆਪਣੇ ਸੰਬੋਧਨ ਵਿੱਚ ਜ਼ਿੰਦਗੀ ਦੀ ਕਾਮਯਾਬੀ ਲਈ ਸਭ ਤੋਂ ਵੱਧ ਯੋਗਦਾਨ ਸਿੱਖ ਸਿਰਮੌਰ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਨੂੰ ਦੱਸਿਆ ਅਤੇ ਵਿਦਿਆਰਥੀਆਂ ਦਾ ਖੇਡ ਪ੍ਰਤੀ ਮਾਰਗ ਦਰਸ਼ਕ ਕੀਤਾ।
ਵਰਨਣਯੋਗ ਹੈ ਕਿ 1924 ਵਿੱਚ ਪੈਦਾ ਹੋਏ ਬਲਬੀਰ ਸਿੰਘ ਸੀਨੀਅਰ ਭਾਰਤੀ ਹਾਕੀ ਟੀਮ ਦੀ ਉਲੰਪਿਕ ਵਿੱਚ ਕਪਤਾਨੀ ਕਰ ਚੁੱਕੇ ਹਨ। ਉਹ ਭਾਰਤੀ ਟੀਮ ਵੱਲੋਂ 1948 ਵਿੱਚ ਉਲੰਪਿਅਨ ਖੇਡਾਂ (ਲੰਡਨ), 1952 ਦੀਆਂ ਉਲੰਪੀਅਨ ਖੇਡਾਂ (ਹੈਲਸਿੰਕੀ) ਅਤੇ 1956 ਦੀਆਂ ਉਲੰਪੀਅਨ ਖੇਡਾਂ (ਮੈਲਬੋਰਨ) ਵਿੱਚ ਟੀਮ ਦੀ ਉੱਪ ਕਪਤਾਨ ਅਤੇ ਕਪਤਾਨ ਵਜੋਂ ਅਗਵਾਈ ਕਰ ਚੁੱਕੇ ਹਨ। ਉਨ੍ਹਾਂ ਦਾ ਸਿਰਜਿਆ ਉਲੰਪਿਕ ਇਤਿਹਾਸ ਜਿਸ ਵਿੱਚ ਉਨ੍ਹਾਂ ਨੇ ਇਕੱਲਿਆ ਹੀ 5 ਗੋਲ ਕਰਕੇ 1952 ਦੀਆਂ ਉਲੰਪਿਕ ਖੇਡਾਂ ਵਿੱਚ ਭਾਰਤ ਨੂੰ 6-1 ਫ਼ਰਕ ਨਾਲ ਜਿੱਤ ਦਿਵਾਈ ਸੀ, ਦਾ ਅਜੇ ਤੱਕ ਵੀ ਰਿਕਾਰਡ ਕਾਇਮ ਹੈ।
ਸ: ਛੀਨਾ ਅਤੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਆਪਣੇ ਭਾਸ਼ਣਾਂ ਦੌਰਾਨ ਉਲੰਪੀਅਨ ਸ: ਬਲਬੀਰ ਸਿੰਘ ਵੱਲੋਂ ਖੇਡਾਂ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਹਾਸਲ ਸ਼ਾਨਦਾਰ ਉਪਲਬੱਧੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਖ਼ਾਲਸਾ ਕਾਲਜ ਦਾ ਨਾਂਅ ਦੁਨੀਆ ਵਿੱਚ ਉਜਾਗਰ ਕੀਤਾ ਹੈ। ਉਨ੍ਹਾਂ ਨੂੰ ਪਦਮਸ੍ਰੀ ਐਵਾਰਡ ਦਾ ਮਾਣ ਪਹਿਲਾਂ ਹੀ ਹਾਸਲ ਹੋ ਚੁੱਕਾ ਹੈ। ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਜ਼ਿਲ੍ਹਾ ਖੇਡ ਅਫ਼ਸਰ ਹਰਪਾਲਜੀਤ ਕੌਰ ਨੇ ਸ਼ਿਰਕਤ ਕੀਤੀ ਅਤੇ ਸਟੇਜ ਸੰਚਾਲਨ ਦੀ ਭੂਮਿਕਾ ਡੀਨ ਅਕਾਦਮਿਕ ਮਾਮਲਿਆ ਦੇ ਡਾ. ਨਵਨੀਨ ਬਾਵਾ ਨੇ ਬਾਖੂਬੀ ਨਿਭਾਈ।
ਇਸ ਤੋਂ ਪਹਿਲਾਂ ਡਾ. ਮਹਿਲ ਸਿੰਘ ਨੇ ਆਏ ਮਹਿਮਾਨਾਂ ਦਾ ਸਮਾਰੋਹ ਵਿੱਚ ਪੁੱਜਣ ‘ਤੇ ਧੰਨਵਾਦ ਕੀਤਾ ਅਤੇ ਉਲੰਪੀਅਨ ਸ: ਬਲਬੀਰ ਸਿੰਘ ਦੇ ਜੀਵਨ ‘ਤੇ ਚਾਨਣਾ ਉਨ੍ਹਾਂ ਖੇਡ ਪ੍ਰਤੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ। ਸਮਾਰੋਹ ਮੌਕੇ ਸ: ਬਲਬੀਰ ਸਿੰਘ ਤੇ ਸ: ਛੀਨਾ ਨੇ ਪ੍ਰਿੰ: ਡਾ. ਮਹਿਲ ਸਿੰਘ ਨੇ ਮਿਲ ਕੇ ਜ਼ਿਲ੍ਹਾ, ਕੌਮੀ ਅਤੇ ਕੌਮਾਂਤਰੀ ਪੱਧਰ ਦੇ ਵਾਟਰ ਪੋਲੋ, ਪਿਸਟਲ ਸ਼ੂਟਿੰਗ, ਨੈੱਟਬਾਲ, ਕਬੱਡੀ, ਤਾਈਕਵਾਂਡੋ, ਸਾਫ਼ਟਬਾਲ, ਗੱਤਕਾ, ਬਾਕਸਿੰਗ, ਬੇਸਬਾਲ, ਵਾਲੀਵਾਲ, ਕ੍ਰਿਕੇਟ ਅਤੇ ਸਾਈਕਲਿੰਗ ਆਦਿ ਵੱਖ-ਵੱਖ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੋਨ, ਚਾਂਦੀ, ਕਾਂਸ ਅਤੇ ਨਗਦ ਇਨਾਮ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਖੇਡ ਮੁੱਖੀ ਡਾ. ਦਲਜੀਤ ਸਿੰਘ ਨੇ ਖੇਡ ਸਬੰਧੀ ਸਾਲਾਨਾ ਰਿਪੋਰਟ ਪੜ੍ਹ ਕੇ ਵਿਦਿਆਰਥੀਆਂ ਦੁਆਰਾ ਖੇਡਾਂ ਹਾਸਲ ਉਪਲਬੱਧੀਆਂ ਸਬੰਧੀ ਚਾਨਣਾ ਪਾਇਆ ਅਤੇ ਦੱਸਿਆ ਕਿ ਇਸ ਵਾਰ 60 ਪ੍ਰਤੀਸ਼ਤ ਵਾਧਾ ਵਿਦਿਆਰਥੀਆਂ ਨੇ ਦਰਜ ਕਰਵਾਇਆ ਹੈ। ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਸ: ਅਜਮੇਰ ਸਿੰਘ ਹੇਰ, ਰਜਿਸਟਰਾਰ ਪ੍ਰੋ: ਦਵਿੰਦਰ ਸਿੰਘ, ਪ੍ਰੋ: ਸਤਨਾਮ ਸਿੰਘ, ਪ੍ਰੋ: ਅਮਨਦੀਪ ਕੌਰ, ਪ੍ਰੋ: ਗੁਰਦੇਵ ਸਿੰਘ, ਸ: ਬਲਜਿੰਦਰ ਸਿੰਘ ਤੋਂ ਇਲਾਵਾ ਵਿਦਿਆਰਥੀ ਮੌਜ਼ੂਦ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply