Wednesday, July 3, 2024

ਕੇਜਰੀਵਾਲ ਨੇ ਐਸ.ਵਾਈ.ਐਲ ਮੁੱਦੇ’ਤੇ ਪੰਜਾਬ ਨਾਲ ਵਿਸ਼ਵਾਸਘਾਤ ਕੀਤਾ – ਮਜੀਠੀਆ

PPN0904201617ਮੱਤੇਵਾਲ, 9 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਐਸ ਵਾਈ ਐਲ ਮੁੱਦੇ ‘ਤੇ ਸੁਪਰੀਮ ਕੋਰਟ ਵਿੱਚ ਚਲ ਰਹੇ ਕੇਸ ਦੌਰਾਨ ਦਿਲੀ ਸਰਕਾਰ ਵੱਲੋਂ ਮੁੜ ਪੰਜਾਬ ਵਿਰੋਧ ਸਟੈਂਡ ਲੈਣ ਲਈ ਅਰਵਿੰਦ ਕੇਜਰੀਵਾਲ ਨੂੰ ਆੜੇ ਹੱਥੀਂ ਲਿਆ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਦੋਗਲੀ ਰਾਜਨੀਤੀ ਖੇਡਦਿਆਂ ਪੰਜਾਬ ਦੇ ਕਿਸਾਨਾਂ ਨਾਲ ਵਿਸ਼ਵਾਸਘਾਤ ਕੀਤਾ ਹੈ ਅਤੇ ਵਿਸ਼ਵਾਸ-ਘਾਤੀਆਂ ਨੂੰ ਪੰਜਾਬੀਆਂ ਨੇ ਹਮੇਸ਼ਾਂ ਸਬਕ ਸਿਖਾਇਆ ਹੈ।
ਸ: ਮਜੀਠੀਆ ਅੱਜ ਹਲਕਾ ਮਜੀਠਾ ਦੇ ਪਿੰਡ ਬੱਗਾ ਵਿਖੇ ਵਿਕਾਸ ਕਾਰਜਾਂ ਲਈ 1.67 ਕਰੋੜ ਰੁਪੈ ਗਰਾਂਟ ਦੇਣ ਆਏ ਸਨ। ਉਨਾਂ ਕਿਹਾ ਕਿ ਇੱਕ ਪਾਸੇ ਤਾਂ ਕੇਜਰੀਵਾਲ ਪੰਜਾਬ ਆ ਕੇ ਐਸ ਵਾਈ ਐਲ ਦਾ ਵਿਰੋਧ ਕਰਦਾ ਹੈ ਅਤੇ ਦੂਸਰੇ ਪਾਸੇ ਸੁਪਰੀਮ ਕੋਰਟ ਵਿੱਚ ਨਹਿਰ ਬਨਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਿਹਾ ਹੈ। ਉਨਾਂ ਕਿਹਾ ਕਿ ਇੱਕ ਹੀ ਮੁੱਦੇ ‘ਤੇ ਦੋ ਵੱਖ ਵੱਖ ਸਟੈਂਡ ਲੈ ਕੇ ਕੇਜਰੀਵਾਲ ਹੱਦ ਦਰਜੇ ਦੀ ਮੌਕਾਪ੍ਰਸਤੀ ਤੇ ਸੌੜੀ ਰਾਜਨੀਤੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਵੇਖਣਾ ਇਹ ਹੈ ਕਿ ਪੰਜਾਬ ਦੀ ‘ਆਪ’ ਲੀਡਰਸ਼ਿਪ ਕੇਜਰੀਵਾਲ ਦੇ ਪੰਜਾਬ ਵਿਰੋਧੀ ਸਟੈਂਡ ਦੀ ਹਾਮੀ ਭਰਦੀ ਹੈ ਜਾਂ ਆਪਣੀ ਜ਼ਮੀਰ ਦੀ ਆਵਾਜ਼ ਸੁਣਦਿਆਂ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਖੜਦੇ ਹਨ। ਉਹਨਾਂ ਕਿਹਾ ਕਿ ਐਸ ਵਾਈ ਐਲ ਪੰਜਾਬੀਆਂ ਲਈ ਕੋਈ ਸਿਆਸੀ ਜਾਂ ਕਾਨੂੰਨੀ ਮੁੱਦਾ ਨਹੀਂ, ਬਲਕਿ ਇਹ ਪੰਜਾਬ ਦੀ ਜਿੰਦ ਜਾਨ ਹੈ। ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਕੋਲ ਫਾਲਤੂ ਪਾਣੀ ਦਾ ਇੱਕ ਬੂੰਦ ਵੀ ਨਹੀਂ ਹੈ ਜੋ ਦੂਜੇ ਰਾਜਾਂ ਨੂੰ ਦਿੱਤੀ ਜਾ ਸਕੇ। ਪੰਜਾਬ ਨਹਿਰੀ ਪਾਣੀ ਦੀ ਪਹਿਲਾਂ ਹੀ ਕਿੱਲਤ ਦਾ ਸਾਹਮਣਾ ਕਰ ਰਿਹਾ ਹੈ ਅਤੇ ਪਾਣੀ ਦੀ ਪੂਰਤੀ ਲਈ ਟਿਊਬਲਵੈਲਾਂ ਦੀ ਵਰਤੋਂ ਕਰਨ ਨਾਲ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਖਤਰਨਾਕ ਹੱਦ ਤਕ ਡਿਗ ਚੁਕਾ ਹੈ। ਅਜਿਹੇ ਵਿੱਚ ਰਾਇਪੇਰੀਅਨ ਸਿਧਾਂਤ ਦੇ ਉਲਟ ਪਾਣੀਆਂ ਦਾ ਕੋਈ ਫੈਸਲਾ ਆਉਂਦਾ ਹੈ ਤਾਂ ਸੂਬੇ ਦੇ ਲੋਕ ਇਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਦਾ ਅਸਲ ਰਾਖਾ ਸ: ਪ੍ਰਕਾਸ਼ ਸਿੰਘ ਬਾਦਲ ਹੈ ਜਿਨ੍ਹਾਂ ਨੇ ਐਸ ਵਾਈ ਐਲ ਮੁੱਦੇ ‘ਤੇ ਸਪਸ਼ਟ ਸਟੈਂਡ ਲਿਆ ਅਤੇ ਵਿਧਾਨ ਸਭਾ ਵਿੱਚ ਬਿਲ ਪਾਸ ਕਰਾਉਂਦਿਆਂ ਨਹਿਰ ਦੀ ਜ਼ਮੀਨ ਕਿਸਾਨਾਂ ਨੂੰ ਮੁਫ਼ਤ ਵਾਪਸ ਕਰ ਦਿੱਤੀ। ਸ. ਮਜੀਠੀਆ ਨੇ ਕਿਹਾ ਕਿ ਦਿਲੀ ਦੇ ਗੁਰੂ ਘਰ ਅੱਗੋਂ ਪਿਆਊ ਨੂੰ ਢਾਹੁਣਾ ਅਤੇ ਆਪਣੀ ਵਜ਼ਾਰਤ ਵਿੱਚ ਕਿਸੇ ਵੀ ਸਿੱਖ ਨੂੰ ਨੁਮਾਇੰਦਗੀ ਨਾ ਦੇਣੀ ਵੀ ਕੇਜਰੀਵਾਲ ਦੀ ਸਿੱਖ ਮਾਰੂ ਸੋਚ ਨੂੰ ਨੰਗਾ ਕਰਦੀ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਮੂਰਖ ਸਮਝਣ ਦੀ ਗਲਤੀ ਨਾ ਕਰੇ।
ਉਹਨਾਂ ਕਿਹਾ ਕਿ ਜਿੱਥੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਰਾਜ ਦੇ ਵਿਕਾਸ ਨੂੰ ਬੁਲੰਦੀਆਂ ‘ਤੇ ਪਹੁੰਚਾਇਆ ਹੈ, ਉੱਥੇ ਕੇਜਰੀਵਾਲ ਕੇਵਲ ਇਸ਼ਤਿਹਾਰਬਾਜ਼ੀ ਕਰਕੇ ਥੁੱਕੀਂ ਵੜੇ ਪਕਾ ਰਿਹਾ ਹੈ . ਸ: ਮਜੀਠੀਆ ਨੇ ਅੱਜ ਦਰਜਨਾਂ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਵੀ ਰੱਖਿਆ।
ਇਸ ਮੌਕੇ ਉਹਨਾਂ ਨਾਲ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਸੁਖਵਿੰਦਰ ਸਿੰਘ ਗੋਲਡੀ, ਗੁਰਜਿੰਦਰ ਸਿੰਘ ਟਪਈਆਂ, ਬਲਵਿੰਦਰ ਸਿੰਘ ਬਲੋਵਾਲੀ, ਸਰਵਨ ਸਿੰਘ ਰਾਮਦਿਵਾਲੀ, ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ,ਕੁਲਵਿੰਦਰ ਸਿੰਘ ਧਾਰੀਵਾਲ, ਬਲਰਾਜ ਸਿੰਘ ਔਲਖ, ਗੌਰਵ ਬੱਬਾ, ਸਰਪੰਚ ਹਰਜੀਤ ਸਿੰਘ ਖੇੜੇਬਾਲਾਚਕ, ਸਰਪੰਚ ਕਰਮ ਸਿੰਘ ਬੱਗਾ, ਜਗੀਰ ਸਿੰਘ, ਲਖਵਿੰਦਰ ਸਿੰਘ, ਸੁਬੇਗ ਸਿੰਘ, ਪਰਮਜੀਤ ਸਿੰਘ, ਕੁਲਵਿੰਦਰ ਸਿੰਘ, ਜਰਨੈਲ ਸਿੰਘ, ਕੁਲਦੀਪ ਸਿੰਘ, ਮਨਜੀਤ ਮੰਨੂ ਆਦਿ ਮੌਜੂਦ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply