Saturday, June 29, 2024

ਪਹਿਲੇ ਅਨੰਦ ਵਿਆਹ ਦਾ ਸਥਾਨ ਵੀ ਪਾਕਿਸਤਾਨ ਸਰਕਾਰ ਸਿੱਖਾਂ ਨੂੰ ਸੋਂਪੇਗੀ- ਸਰਨਾ ਭਰਾ

ਅੰਮ੍ਰਿਤਸਰ, 10 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਆਪਣੀ ਤਿੰਨ ਦਿਨਾਂ ਪਾਕਿਸਤਾਨ ਫੇਰੀ ਤੋ ਵਾਪਸ ਵਤਨ ਪਰਤਦਿਆਂ ਕਿਹਾ ਕਿ ਪਾਕਿਸਤਾਨ ਵਿੱਚ ਸਿੱਖ ਗੁਰਧਾਮਾਂ ਦੀ ਕਾਰ ਸੇਵਾ ਦਾ ਕਾਰਜ ਜੰਗੀ ਪੱਧਰ ‘ਤੇ ਚੱਲ ਰਿਹਾ ਹੈ ਅਤੇ ਜਲਦੀ ਹੀ ਅੱਧੀ ਦਰਜਨ ਹੋਰ ਗੁਰੂਦੁਆਰੇ ਪਾਕਿਸਤਾਨ ਸਰਕਾਰ ਦਰਸ਼ਨਾਂ ਲਈ ਖੋਹਲ ਦੇਵੇਗੀ।
ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮਰਹੂਮ ਪ੍ਰਧਾਨ ਬਾਬਾ ਸ਼ਾਮ ਸਿੰਘ ਦੀ ਅੰਤਿਮ ਅਰਦਾਸ ਵਿੱਚ ਭਾਗ ਲੈਣ ਉਪਰੰਤ ਵਾਹਗਾ ਸਰਹੱਦ ਰਾਹੀਂ ਵਰਨ ਪਰਤੇ ਸਰਨਾ ਭਰਾਵਾਂ ਨੇ ਕਿਹਾ ਕਿ ਉਹਨਾਂ ਦੀ ਪਾਕਿਸਤਾਨ ਸਰਕਾਰ ਤੇ ਪਾਕਿਸਤਾਨ ਔਕਾਬ ਬੋਰਡ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਹੋ ਚੁੱਕੀ ਹੈ ਕਿ ਉਹ ਜਲਦੀ ਹੀ ਅੱਧੀ ਦਰਜਨ ਹੋਰ ਗੁਰੂਦੁਆਰੇ ਸੰਗਤਾਂ ਦੇ ਦਰਸ਼ਨਾਂ ਲਈ ਖੋਹਲ ਦੇਣਗੇ। ਉਹਨਾਂ ਦੱਸਿਆ ਕਿ ਉਹਨਾਂ ਨੇ ਲਾਹੌਰ ਵਿੱਚ ਚੰਦੂ ਦੀ ਹਵੇਲੀ ਤੇ ਭਾਈ ਮਨੀ ਸਿੰਘ ਦੇ ਸ਼ਹੀਦੀ ਸਥਾਨ ਵਾਲੀ ਜਗ੍ਹਾ ਸਿੱਖਾਂ ਨੂੰ ਸੋਪਣ ਦੀ ਮੰਗ ਕੀਤੀ ਜਿਹੜੀ ਪ੍ਰਵਾਨ ਕਰ ਲਈ ਗਈ ਹੈ। ਉਹਨਾਂ ਦੱਸਿਆ ਕਿ ਜਿਥੇ ਭਾਈ ਮਨੀ ਸਿੰਘ ਨੂੰ ਸ਼ਹੀਦ ਕੀਤਾ ਗਿਆ ਹੈ ਉਥੇ ਇੱਕ ਪਠਾਣ ਨੇ ਦੋ ਖਰਾਦ ਲਗਾਏ ਹੋਏ ਹਨ, ਜਿਥੇ ਗੁਰੂਦੁਆਰੇ ਦਾ ਗੁੰਬਦ ਅੱਜ ਵੀ ਦਿਖਾਈ ਦੇ ਰਿਹਾ ਹੈ। ਇਸੇ ਤਰਾਂ ਚੰਦੂ ਦੀ ਹਵੇਲੀ ਜਿਥੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦਿੱਤੇ ਗਏ ਸਨ, ਵਿਖੇ ਵੀ ਅਬਾਦੀ ਬਣੀ ਹੋਈ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਸਰਕਾਰ ਤੇ ਔਕਾਬ ਬੋਰਡ ਥੋੜਾ ਜਿਹਾ ਤਰੱਦਦ ਕਰੇ ਤਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਮੁਆਵਜ਼ਾ ਦੇ ਕੇ ਜਗ੍ਹਾ ਲੈਣ ਲਈ ਤਿਆਰ ਹੈ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਪੰਜਵੀਂ ਤੇ ਛੇਵੀ ਪਾਤਸ਼ਾਹੀ ਨਾਲ ਸਬੰਧਿਤ ਗੁਰੂਦੁਆਰਾ ਮੰਜ਼ਾਲ ਸਾਹਿਬ ਵੀ ਖੋਹਲਣ ਦੀ ਗੱਲਬਾਤ ਚੱਲ ਰਹੀ ਹੈ।
ਉਹਨਾਂ ਦੱਸਿਆ ਕਿ ਰਾਵਲਪਿੰਡੀ ਵਿੱਚ ਨਿਰੰਕਾਰੀ ਮੁੱਖੀ ਬਾਬਾ ਦਿਆਲ ਸਿੰਘ ਨੇ ਇੱਕ ਨਿਰੰਕਾਰੀ ਭਵਨ ਦੀ ਉਸਾਰੀ ਕਰੀਬ 1830 ਵਿੱਚ ਕੀਤੀ ਸੀ ਅਤੇ ਇਸੇ ਜਗ੍ਹਾ ਤੇ ਬਾਬਾ ਦਿਆਲ ਸਿੰਘ ਨੇ ਅਨੰਦ ਵਿਆਹ ਕਰਨ ਦੀ ਪ੍ਰਕਿਰਿਆ 1860 ਵਿੱਚ ਸ਼ੁਰੂ ਕੀਤੀ ਸੀ ਜਿਥੇ ਪਹਿਲਾ ਅਨੰਦ ਵਿਆਹ ਹੋਇਆ ਸੀ। ਇਸ ਤੋ ਪਹਿਲਾਂ ਹਿੰਦੂ ਰਹੁਰੀਤਾਂ ਨਾਲ ਹੀ ਸਿੱਖਾਂ ਦੇ ਵਿਆਰ ਸ਼ਾਦੀਆ ਹੁੰਦੇ ਸਨ। ਇਸ ਜਗ੍ਹਾ ਦੀ ਵੀ ਪਾਕਿਸਤਾਨ ਸਰਕਾਰ ਕੋਲੋ ਮੰਗ ਕੀਤੀ ਗਈ ਹੈ ਪਰ ਉਥੇ ਸਰਕਾਰੀ ਸਕੂਲ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਆਹਲਾ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਫੈਸਲਾ ਹੋ ਗਿਆ ਹੈ ਕਿ ਸਕੂਲ ਲਈ ਵੱਖਰੇ ਕਮਰੇ ਬਣਾ ਦਿੱਤੇ ਜਾਣਗੇ ਅਤੇ ਇਹ ਸਥਾਨ ਵੀ ਅਨੰਦ ਮੈਰਿਜ ਦਾ ਮੁੱਢਲਾ ਇਤਿਹਾਸਕ ਸਥਾਨ ਅਤੇ ਸਿੱਖ ਵਿਰਾਸਤ ਦਾ ਹਿੱਸਾ ਹੈ, ਇਥੇ ਵੀ ਗੁਰੂਦੁਆਰਾ ਉਸਾਰ ਕੇ ਇਸ ਦੀ ਪੁਰਾਣੀ ਦਿੱਖ ਨੂੰ ਬਹਾਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਉਹਨਾਂ ਦੀ ਗੱਲਬਾਤ ਬੜੇ ਹੀ ਸੁਖਾਵੇ ਮਾਹੌਲ ਵਿੱਚ ਹੋਈ ਹੈ ਤੇ ਉਮੀਦ ਹੈ ਕਿ ਜਲਦੀ ਹੀ ਅੱਛੇ ਸਿੱਟੇ ਨਿਕਲਣੇ ਸ਼ੁਰੂ ਹੋ ਜਾਣਗੇ।
ਗੁਰੂਦੁਆਰਾ ਡੇਹਰਾ ਸਾਹਿਬ ਲਾਹੌਰ ਦੀ ਕਾਰ ਸੇਵਾ ਬਾਰੇ ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਕੁੱਝ ਕਾਰਨਾਂ ਕਰਕੇ ਸੇਵਾ ਦਾ ਕੰਮ ਲਟਕ ਗਿਆ ਸੀ, ਪਰ ਹੁਣ ਸੇਵਾ ਦਾ ਕੰਮ ਜੰਗੀ ਪੱਧਰ ਤੇ ਬਾਬਾ ਜਗਤਾਰ ਸਿੰਘ ਤਰਨ ਤਾਰਨ ਵਾਲਿਆਂ ਨੇ ਸ਼ੁਰੂ ਕਰ ਦਿੱਤਾ ਹੈ ਅਤੇ ਅਗਲੇ ਇੱਕ ਸਾਲ ਤੱਕ ਗੁਰੂਦੁਆਰੇ ਦੀ ਇਮਾਰਤ ਬਣ ਕੇ ਖੜੀ ਹੋ ਜਾਵੇਗੀ ਤੇ ਉਸ ਤੋ ਬਾਅਦ ਪੱਥਰ, ਟਾਈਲ ਤੇ ਹੋਰ ਕੰਮ ਚੱਲਦਾ ਰਹੇਗਾ। ਉਹਨਾਂ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਪੰਜਾ ਸਾਹਿਬ, ਨਨਕਾਣਾ ਸਾਹਿਬ ਤੇ ਡੇਹਰਾ ਸਾਹਿਬ ਲਾਹੌਰ ਵਿਖੇ ਤਿੰਨ ਤਾਰਾ ਹੋਟਲ ਵਰਗੀਆ ਸਰਾਵਾਂ ਬਣਾਈਆ ਜਾਣ ਤਾਂ ਕਿ ਸੰਗਤਾਂ ਪੂਰੇ ਆਰਾਮਮਈ ਤਰੀਕੇ ਨਾਲ ਯਾਤਰਾ ਦੌਰਾਨ ਆਰਾਮ ਕਰ ਸਕਣ। ਗੁਰੂਦੁਆਰਾ ਕਰਤਾਰਪੁਰ ਸਾਹਿਬ ਦੀ ਕਾਰ ਸੇਵਾ ਸ਼੍ਰੋਮਣੀ ਕਮੇਟੀ ਨੂੰ ਦੇਣ ਬਾਰੇ ਉਹਨਾਂ ਕਿਹਾ ਕਿ ਕਰਤਾਰਪੁਰ ਸਾਹਿਬ ਦੀ ਸੇਵਾ ਤਾਂ ਪਹਿਲਾਂ ਹੀ ਹੋ ਚੁੱਕੀ ਹੈ ਅਤੇ ਹੁਣ ਉਥੇ ਕਾਰ ਸੇਵਾ ਦਾ ਕੋਈ ਕੰਮ ਨਹੀ ਹੈ। ਉਹਨਾਂ ਕਿਹਾ ਕਿ ਇਸ ਵਾਰੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਰੂਪ ਸਿੰਘ ਨੇ ਸੇਵਾ ਦਾ ਮੰਗ ਕੀਤੀ ਸੀ, ਪਰ ਉਹਨਾਂ ਦੀ ਸੂਚਨਾ ਮੁਤਾਬਕ ਔਕਾਬ ਬੌਰਡ ਹਾਲੇ ਸੇਵਾ ਦੇਣ ਲਈ ਰਾਜ਼ੀ ਨਹੀ ਹੈ।ਉਹਨਾਂ ਕਿਹਾ ਕਿ ਰੂਪ ਸਿੰਘ ਨੇ ਐਲਾਨ ਕੀਤਾ ਹੈ ਕਿ ਬਾਬਾ ਸ਼ਾਮ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਲਗਾਈ ਜਾਵੇਗੀ ਇਹ ਵਾਅਦਾ ਪੂਰਾ ਹੁੰਦਾ ਹੈ ਜਾਂ ਨਹੀ ਇਸ ਬਾਰੇ ਤਾਂ ਸ਼੍ਰੋਮਣੀ ਕਮੇਟੀ ਹੀ ਜਾਣਦੀ ਹੈ।
ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਬਾਨੀ ਮਰਹੂਮ ਪ੍ਰਧਾਨ ਬਾਬਾ ਸ਼ਾਮ ਸਿੰਘ ਦੀ ਅੰਤਿਮ ਅਰਦਾਸ ਵਿੱਚ ਭਾਗ ਲੈਣ ਲਈ ਗਏ ਸਰਨਾ ਭਰਾਵਾਂ ਨੇ ਕਿਹਾ ਕਿ ਬਾਬਾ ਸ਼ਾਮ ਸਿੰਘ ਦੇ ਚਲੇ ਜਾਣ ਨਾਲ ਇੱਕ ਖਲਾਅ ਪੈਦਾ ਹੋ ਗਿਆ ਹੈ ਜਿਸ ਨੂੰ ਪੂਰਾ ਕੀਤਾ ਜਾਣਾ ਸੰਭਵ ਨਹੀ ਹੈ। ਉਹਨਾਂ ਕਿਹਾ ਕਿ ਬਾਬਾ ਸ਼ਾਮ ਸਿੰਘ ਨੂੰ ਜੇਕਰ ਸਿੱਖ ਇਤਿਹਾਸ ਦਾ ਚੱਲਦਾ ਫਿਰਦਾ ਸਿੱਖ ਇਨਸਾਈਕਲੋਪੀਡੀਆ ਕਹਿ ਲਿਆ ਜਾਵੇ ਤਾਂ ਕੋਈ ਅੱਤਕਥਨੀ ਨਹੀ ਹੋਵੇਗੀ। ਉਹਨਾਂ ਕਿਹਾ ਕਿ ਬਾਬਾ ਸ਼ਾਮ ਦੀ ਬਦੌਲਤ ਹੀ ਅੱਜ ਸਿੱਖ ਗੁਰਧਾਮ ਵੱਡੀ ਪੱਧਰ ਤੇ ਪਾਕਿਸਤਾਨ ਸਰਕਾਰ ਵੱਲੋ ਖੋਹਲੇ ਜਾ ਰਹੇ ਹਨ। ਉਹਨਾਂ ਕਿਹਾ ਕਿ ਜਦੋ ਗੁਰਧਾਮਾਂ ਦੀ ਸੇਵਾ ਸੰਭਾਲ ਕਰਨ ਦਾ ਸਮਾਂ ਸੀ ਉਸ ਵੇਲੇ ਤਾਂ ਸ਼੍ਰੋਮਣੀ ਕਮੇਟੀ ਨੇ ਜੱਥੇ ਹੀ ਭੇਜਣ ਦਾ ਬਾਈਕਾਟ ਕਰ ਦਿੱਤਾ ਸੀ ਜਿਸ ਦਾ ਰੋਸ ਅੱਜ ਵੀ ਪਾਕਿਸਤਾਨ ਸਰਕਾਰ, ਔਕਾਬ ਬੋਰਡ ਤੇ ਪਾਕਿਸਤਾਨ ਦੇ ਸਿੱਖਾਂ ਵਿੱਚ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਬਾਦਲਾ ਦਾ ਕਬਜ਼ਾ ਹੋਣ ਕਾਰਨ ਵੀ ਪਾਕਿਸਤਾਨ ਦੇ ਸਿੱਖ ਨਿਰਾਸ਼ ਹਨ ਕਿਉਕਿ ਉਹ ਮਹਿਸੂਸ ਕਰਦੇ ਹਨ ਕਿ ਸਿੱਖ ਨੌਜਵਾਨਾਂ ਨੂੰ ਨਸ਼ੱਈ ਬਣਾਉਣ ਤੇ ਨੌਜਵਾਨਾਂ ਵਿੱਚ ਪਤਿਤਪੁਣੇ ਨੂੰ ਵਧਾਉਣ ਵਿੱਚ ਬਾਦਲ ਸਰਕਾਰ ਦਾ ਬਹੁਤ ਵੱਡਾ ਰੋਲ ਹੈ।ਪਾਕਿਤਸਾਨ ਕਮੇਟੀ ਦੇ ਨਵੇ ਥਾਪੇ ਗਏ ਪ੍ਰਧਾਨ ਤਾਰਾ ਸਿੰਘ ਬਾਰੇ ਉਹਨਾਂ ਕਿਹਾ ਕਿ ਨੌਜਵਾਨ ਮੁੰਡਾ ਹੈ ਤੇ ਕੰਮ ਕਰਨ ਦੀ ਸਮੱਰਥਾ ਰੱਖਦਾ ਹੈ ਅਤੇ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਉਹ ਬਾਬਾ ਸ਼ਾਮ ਸਿੰਘ ਦੇ ਪੂਰਨਿਆਂ ‘ਤੇ ਚੱਲ ਕੇ ਸਿੱਖ ਗੁਰਧਾਮਾਂ ਦੀ ਸੇਵਾ ਸੰਭਾਲ ਵਿੱਚ ਵਿਸ਼ੇਸ਼ ਯੋਗਦਾਨ ਪਾਵੇਗਾ।
ਗੁਰੂਦੁਆਰਾ ਸੀਸ ਗੰਜ ਦੇ ਪਿਆਉ ਬਾਰੇ ਉਨਾਂ ਕਿਹਾ ਕਿ ਜੇਕਰ 5 ਅਪ੍ਰੈਲ ਨੂੰ ਮਨਜੀਤ ਸਿੰਘ ਜੀ. ਕੇ ਨੂੰ ਸ਼ਾਮੀਂ ਕਾਰਚਾਈ ਦਾ ਪਤਾ ਲੱਗ ਗਿਆ ਸੀ ਤਾਂ ਉਸ ਨੇ ਤੁਰੰਤ ਦਿੱਲੀ ਦੇ ਮੁੱਖ ਮੰਤਰੀ ਤੇ ਕੇਦਰੀ ਮਕਾਨ ਉਸਾਰੀ ਤੇ ਵਿਕਾਸ ਮੰਤਰੀ ਨਾਲ ਗੱਲਬਾਤ ਕਿਉ ਨਹੀ ਕੀਤੀ? ਉਹਨਾਂ ਕਿਹਾ ਕਿ ਇਹ ਸਭ ਇੱਕ ਸਾਜਿਸ਼ ਤਹਿਤ ਜੀ ਕੇ ਸਿਰਸਾ ਬਾਦਲਾਂ ਦੇ ਇਸ਼ਾਰੇ ‘ਤੇ ਕਰਵਾਇਆ ਹੈ ਤੇ ਇਸ ਸਾਜਿਸ਼ ਨੂੰ ਵੀ ਜਲਦੀ ਹੀ ਜਨਤਾ ਦੀ ਕਚਿਹਰੀ ਵਿੱਚ ਨੰਗਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਉਹ ਦਿੱਲੀ ਦੇ ਲੈਫਟੀਨੈਂਟ ਗਵਰਨਰ, ਮੁੱਖ ਮੰਤਰੀ ਦਿੱਲੀ ਤੇ ਕੇਂਦਰੀ ਮਕਾਨ ਉਸਾਰੀ ਮੰਤਰੀ ਕੋਲੋ ਸਮਾਂ ਲੈ ਕੇ ਅਗਲੇ ਦੋ ਚਾਰ ਦਿਨਾਂ ਵਿੱਚ ਮਿਲ ਕੇ ਸਪੱਸ਼ਟ ਕਰਨਗੇ ਕਿ ਹੈਰੀਟੇਜ਼ ਬਚਾਏ ਜਾਂਦੇ ਹਨ ਬਰਬਾਦ ਨਹੀ ਕੀਤੇ ਜਾਂਦੇ। ਉਨਾਂ ਕਿਹਾ ਕਿ ਦਿੱਲੀ ਵਿੱਚ ਸਿਰਫ ਗੁਰੂਦੁਆਰਾ ਸੀਸ ਗੰਜ ਦੇ ਪਿਆਉ ਦਾ ਜਲ ਹੀ ਪੀਣ ਵਾਲਾ ਹੈ ਜਿਥੇ ਹਰ ਰੋਜ਼ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਜਲ ਛੱਕ ਤ੍ਰਿਪਤ ਹੁੰਦੀਆਂ ਹਨ। ਇਸ ਸਮੇਂ ਮਨਿੰਦਰ ਸਿੰਘ ਧੁੰਨਾ ਵੀ ਉਹਨਾਂ ਦੇ ਨਾਲ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply