Wednesday, July 3, 2024

ਸ਼ਾਮ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਈਨ ਰਾਹੀਂ ਕਣਕ ਦੀ ਕਟਾਈ ‘ਤੇ ਮੁਕੰਮਲ ਪਾਬੰਦੀ

ਅੰਮ੍ਰਿਤਸਰ, 20 ਅਪ੍ਰੈਲ (ਜਗਦੀਪ ਸਿੰਘ ਸੱਗੂ)- ਜ਼ਿਲ੍ਹਾ ਮੈਜਿਸਟ੍ਰੇਟ ਅੰਮ੍ਰਿਤਸਰ ਸ੍ਰੀ ਵਰੁਣ ਰੂਜਮ ਨੇ ਜ਼ਾਬਤਾ ਫ਼ੌਜਦਾਰੀ ਸੰਘਤਾ, 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਅੰਮ੍ਰਿਤਸਰ ਦੀ ਹਦੂਦ ਅੰਦਰ ਸ਼ਾਮ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਈਨ ਰਾਹੀਂ ਕਣਕ ਦੀ ਕਟਾਈ ‘ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਰਬੀ ਦਾ ਸੀਜ਼ਨ ਸ਼ੁਰੂ ਹੋਣ ਉਪਰੰਤ ਜ਼ਿਲ੍ਹਾ ਅੰਮ੍ਰਿਤਸਰ ਦੀਆਂ ਮੰਡੀਆਂ ਵਿਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ। ਹਾਰਵੈਸਟਰ ਕੰਬਾਈਨ ਵਾਲਿਆਂ ਵੱਲੋਂ ਕਣਕ ਨੂੰ ਸਹੀ ਤਰ੍ਹਾਂ ਪੱਕਣ ਤੋਂ ਪਹਿਲਾਂ ਵੱਧ ਨਮੀ ਵਾਲੀ ਕਣਕ ਕੱਟ ਦਿੱਤੀ ਜਾਦੀ ਹੈ ਅਤੇ ਅਤੇ ਕਿਸਾਨਾਂ ਵੱਲੋਂ ਵੱਧ ਨਮੀ ਵਾਲੀ ਕਣਕ ਮੰਡੀਆਂ ਵਿਚ ਲਿਆਉਣ ਕਾਰਨ ਖ਼ਰੀਦ ਏਜੰਸੀਆਂ ਵੱਲੋਂ ਕਣਕ ਦੀ ਬੋਲੀ ਨਹੀਂ ਕੀਤੀ ਜਾਂਦੀ, ਜਿਸ ਕਾਰਨ ਮੰਡੀਆਂ ਵਿਚ ਤਣਾਅਪੂਰਨ ਸਥਿਤੀ ਪੈਦਾ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ। ਇਸ ਸਥਿਤੀ ਨੂੰ ਤੁਰੰਤ ਨਿਪਟਾਉਣ ਦੀ ਅਤਿਅੰਤ ਲੋੜ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਇਕ ਵੱਖਰੇ ਹੁਕਮ ਰਾਹੀਂ ਜ਼ਿਲ੍ਹੇ ਦੀ ਹਦੂਦ ਅੰਦਰ ਕੰਬਾਈਨ ਰਾਹੀਂ ਕਣਕ ਦੀ ਕਟਾਈ ਉਪਰੰਤ ਨਾੜ ਨੂੰ ਅੱਗ ਲਾ ਕੇ ਸਾੜਨ ‘ਤੇ ਵੀ ਮੁਕੰਮਲ ਪਾਬੰਦੀ ਲਗਾਈ ਹੈ ਅਤੇ ਹੁਕਮ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਇਹ ਧਿਆਨ ਵਿਚ ਆਇਆ ਹੈ ਕਿ ਕਣਕ ਦੀ ਕਟਾਈ ਜ਼ਿਆਦਾਤਰ ਕੰਬਾਈਨ ਮਸ਼ੀਨ ਦੁਆਰਾ ਕੀਤੀ ਜਾਂਦੀ ਹੈ ਅਤੇ ਕਣਕ ਦੇ ਨਾੜ ਨੂੰ ਪੈਲੀ ਵਿਚ ਛੱਡ ਦਿੱਤਾ ਜਾਂਦਾ ਹੈ। ਬਾਅਦ ਵਿਚ ਨਾੜ ਨੂੰ ਅੱਗ ਲਾ ਕੇ ਸਾੜਿਆ ਜਾਂਦਾ ਹੈ। ਕਈ ਵਾਰ ਕਣਕ ਦੇ ਨਾੜ ਨੂੰ ਨਸ਼ਟ ਕਰਨ ਦੇ ਮੰਤਵ ਲਈ ਲਗਾਈ ਅੱਗ ਨਾਲ ਲਾਗਲੀਆਂ ਫ਼ਸਲਾਂ, ਘਰਾਂ, ਦਰਖ਼ਤਾਂ, ਪਸ਼ੂਆਂ ਵਗੈਰਾ ਨੂੰ ਵੀ ਅੱਗ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਜਿਸ ਨਾਲ ਕਾਫੀ ਮਾਲੀ/ਜਾਨੀ ਨੁਕਸਾਨ ਹੁੰਦਾ ਹੈ। ਇਸ ਤੋਂ ਇਲਾਵਾ ਧਰਤੀ ਵਿਚਲੇ ਕਈ ਤੱਤ ਤਬਾਹ ਹੋ ਜਾਂਦੇ ਹਨ ਅਤੇ ਧਰਤੀ ਦੀ ਉਪਜਾਊ ਸ਼ਕਤੀ ‘ਤੇ ਵੀ ਅਸਰ ਪੈਂਦਾ ਹੈ। ਸਿੱਟੇ ਵਜੋਂ ਜਨਜੀਵਨ ਪ੍ਰਭਾਵਿਤ ਹੁੰਦਾ ਹੈ ਅਤੇ ਵਾਤਾਵਰਨ ਵੀ ਗੰਧਲਾ ਹੁੰਦਾ ਹੈ। ਇਸ ਲਈ ਇਸ ਸਥਿਤੀ ਨੂੰ ਮੁੱਖ ਰੱਖਦਿਆਂ ਦੇ ਨਾੜ ਨੂੰ ਅੱਗ ਲਾ ਕੇ ਸਾੜਨ ਤੋਂ ਰੋਕਣ ਦੀ ਅਤਿਅੰਤ ਜ਼ਰੂਰਤ ਹੈ। ਇਹ ਹੁਕਮ 10 ਜੂਨ 2016 ਤੱਕ ਲਾਗੂ ਰਹਿਣਗੇ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply