Wednesday, July 3, 2024

ਕਾਂਗਰਸ ਸਰਕਾਰਾਂ ਸਮੇਂ ਪੰਜਾਬ ਦੇ ਹੱਕ ਖੋਹੇ ਜਾਂਦੇ ਰਹੇ, ਪਰ ਹੁਣ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ – ਮਜੀਠੀਆ

PPN2004201614

ਕੱਥੂਨੰਗਲ, 20 ਅਪ੍ਰੈਲ (ਪੰਜਾਬ ਪੋਸਟ ਬਿਊਰੋ) ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਦਰਿਆਈ ਪਾਣੀਆਂ ਦੇ ਮੁੱਦੇ ‘ਤੇ ਪੰਜਾਬ ਦੇ ਹੱਕ ਲਈ ਲੋਕਾਂ ਨੂੰ ਇੱਕਜੁੱਟ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰਾਂ ਸਮੇਂ ਪੰਜਾਬ ਦੇ ਹੱਕ ਖੋਹੇ ਜਾਂਦੇ ਰਹੇ ਹਨ, ਪਰ ਹੁਣ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਕਿਸੇ ਵੀ ਕੀਮਤ ‘ਤੇ ਪੰਜਾਬ ਦਾ ਇਕ ਬੂੰਦ ਪਾਣੀ ਵੀ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ।  ਸ: ਮਜੀਠੀਆ ਅੱਜ ਪਿੰਡ ਕੱਥੂਨੰਗਲ ਵਿਖੇ ਹਲਕਾ ਮਜੀਠਾ ਦੇ ਸ਼ਗਨ ਸਕੀਮਾਂ ਦੇ 191 ਲਾਭਪਾਤਰੀਆਂ ਨੂੰ ਕਰੀਬ 29 ਲੱਖ ਦੀ ਸਹਾਇਤਾ ਰਾਸ਼ੀ ਵੰਡਣ ਆਏ ਸਨ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਦਰਿਆਈ ਪਾਣੀ ਇਸ ਲਈ ਜੀਵਨ ਰੇਖਾ ਹੈ। ਉਹਨਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਐਸਵਾਈਐਲ ਮੁੱਦੇ ‘ਤੇ ਦੂਹਰੀਆਂ ਖੇਡਾਂ ਖੇਡਣ ਦੇ ਪੰਜਾਬ ਵਿਰੋਧੀ ਕਾਰਿਆਂ ਦੀ ਸਖ਼ਤ ਆਲੋਚਨਾ ਕੀਤੀ।
ਸ: ਮਜੀਠੀਆ ਨੇ ਕਿਹਾ ਕਿ ਲੋਕ ਪੱਖੀ ਸਰਕਾਰਾਂ ਦਾ ਉਦੇਸ਼ ਮੁਨਾਫ਼ਾ ਕਮਾਉਣਾ ਨਹੀਂ ਸਗੋਂ ਉਨ੍ਹਾਂ ਦਾ ਟੀਚਾ ਲੋਕਾਂ ਨੂੰ ਸਹੂਲਤਾਂ ਦੇਣ ਵੱਲ ਹੋਣਾ ਚਾਹੀਦਾ ਹੈ ਅਤੇ ਪੰਜਾਬ ਸਰਕਾਰ ਵਿਕਾਸ ਦੇ ਨਾਲ-ਨਾਲ ਲੋਕਾਂ ਨੂੰ ਸਹੂਲਤਾਂ ਦੇ ਕੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾ ਰਹੀ ਹੈ। ਉਹਨਾਂ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਦੇਸ਼ ਦਾ ਅਜਿਹਾ ਪਹਿਲਾ ਸੂਬਾ ਹੈ ਜਿੱਥੇ ਗਰੀਬ ਵਰਗ ਦੀਆਂ ਲੜਕੀਆਂ ਨੂੰ ਸ਼ਗਨ ਸਕੀਮ ਤਹਿਤ 15000/- ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਸz: ਪ੍ਰਕਾਸ਼ ਸਿੰਘ ਬਾਦਲ ਅਤੇ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸ਼ਗਨ ਸਕੀਮ ਅਧੀਨ 9 ਸਾਲ ਦੌਰਾਨ 4,92,887 ਲਾਭਪਾਤਰੀਆਂ ਨੂੰ 739.33 ਕਰੋੜ ਰੁਪਏ ਵੰਡੇ ਹਨ । ਵਿੱਤੀ ਸਾਲ 2015-16 ਦੌਰਾਨ ਮਹੀਨਾ ਫਰਵਰੀ ਤੱਕ 60,046 ਲਾਭਪਾਤਰੀਆਂ ਨੂੰ 90.07 ਕਰੋੜ ਰੁਪਏ ਦੀ ਵਿੱਤੀ ਮਦਦ ਕੀਤੀ ਹੈ । ਉਹਨਾਂ ਦੱਸਿਆ ਕਿ ਸ਼ਗਨ ਸਕੀਮ ਦਾ ਲਾਭ ਹੁਣ ਆਰਥਿਕ ਤੌਰ ‘ਤੇ ਪਛੜਿਆ ਹਰੇਕ ਵਰਗ ਲੈ ਸਕਦਾ ਹੈ, ਚਾਹੇ ਉਹ ਕਿਸੇ ਵੀ ਜਾਤ-ਬਰਾਦਰੀ ਨਾਲ ਸੰਬਧਤ ਹੋਵੇ। ਉਹਨਾਂ ਦੱਸਿਆ ਕਿ ਕਾਂਗਰਸ ਸਰਕਾਰ ਨੇ ਦੋ – ਤਿੰਨ ਸਾਲ ਲੋਕਾਂ ਨੂੰ ਇਸ ਸਕੀਮ ਤੋਂ ਵਾਂਝਿਆਂ ਰੱਖਿਆ ਸੀ, ਜਿਸ ਦੇ ਹੁਣ ਅਕਾਲੀ ਭਾਜਪਾ ਸਰਕਾਰ ਵੱਲੋਂ ਕਰੋੜਾਂ ਦਾ ਬਕਾਇਆ ਵੀ ਦਿੱਤਾ ਜਾ ਰਿਹਾ ਹੈ। ਉਹਨਾਂ ਕਲਿਆਣਕਾਰੀ ਸਕੀਮਾਂ ਦੇ ਲਾਭ ਹਾਸਲ ਕਰਨ ਵਿੱਚ ਮੁਸ਼ਕਿਲ ਆਉਣ ‘ਤੇ ਸਰਕਾਰ ਦੇ ਧਿਆਨ ਵਿੱਚ ਲਿਆਉਣ ਦੀ ਲੋਕਾਂ ਨੂੰ ਅਪੀਲ ਕਰਦਿਆਂ ਜ਼ਿੰਮੇਵਾਰ ਸਰਕਾਰੀ ਅਧਿਕਾਰੀਆਂ ਨੂੰ ਵੀ ਆਪਣੀ ਡਿਊਟੀ ਬਾਖੂਬੀ ਨਿਭਾਉਣ ਦੀ ਤਾਈਦ ਕੀਤੀ। ਇਸ ਮੌਕੇ ਉਹਨਾਂ ਬਜ਼ੁਰਗਾਂ ਨੂੰ ਪੈਨਸ਼ਨ ਰਾਸ਼ੀ 500 ਰੁਪੈ ਮਹੀਨਾ ਕਰਨ, 50 ਹਜ਼ਾਰ ਸਾਲਾਨਾ ਫਰੀ ਇਲਾਜ ਸੰਬੰਧੀ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦਾ ਲਾਭ ਗਰੀਬ ਵਰਗ ਤੋਂ ਇਲਾਵਾ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ ਨੂੰ ਦੇਣ, ਆਟਾ ਦਲ ਸਕੀਮ, ਮੁੱਖ ਮੰਤਰੀ ਤੀਰਥ ਯਾਤਰਾ ਆਦਿ ਸਕੀਮਾਂ ਦਾ ਲਾਭ ਉਠਾਉਣ ਲਈ ਵੀ ਲੋਕਾਂ ਨੂੰ ਪ੍ਰੇਰਿਆ। ਇਸ ਮੌਕੇ ਸਾਬਕਾ ਵਿਧਾਇਕ ਰਣਜੀਤ ਸਿੰਘ ਵਰਿਆਮ ਨੰਗਲ, ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ, ਰੇਸ਼ਮ ਸਿੰਘ ਭੁੱਲਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਯੂਥ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਜੋਧ ਸਿੰਘ ਸਮਰਾ, ਸੁਖਵਿੰਦਰ ਸਿੰਘ ਗੋਲਡੀ, ਗੁਰਜਿੰਦਰ ਸਿੰਘ ਟਪਈਆਂ, ਤਰੁਨ ਅਬਰੋਲ ਪ੍ਰਧਾਨ ਮਜੀਠਾ ਨਗਰ ਕੌਂਸਲ, ਤਰਸੇਮ ਸਿੰਘ ਸਿਆਲਕਾ, ਗਗਨਦੀਪ ਸਿੰਘ ਭਕਨਾ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਕੁਲਵਿੰਦਰ ਸਿੰਘ ਧਾਰੀਵਾਲ, ਗੌਰਵ ਬੱਬਾ, ਬਲਵਿੰਦਰ ਸਿੰਘ ਬਲੋਵਾਲੀ,ਦੁਰਗਾ ਦਾਸ ਪਟਵਾਰੀ, ਦਵਿੰਦਰ ਸਿੰਘ ਬੌਬੀ ਢਿੱਲੋਂ, ਜਸਪਾਲ ਸਿੰਘ ਭੋਆ, ਬੱਬੀ ਭੰਗਵਾਂ, ਦਿਲਬਾਗ ਸਿੰਘ ਲਹਿਰਕਾ, ਕਿਰਪਾਲ ਸਿੰਘ ਰਾਮ ਦਿਵਾਲੀ, ਸਵਰਨ ਸਿੰਘ ਰਾਮਦਿਵਾਲੀ ਆਦਿ ਤੋਂ ਇਲਾਵਾ ਪਿੰਡਾਂ ਦੇ ਪੰਚ ਤੇ ਸਰਪੰਚ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply