Wednesday, July 3, 2024

ਸਾਂਝ ਕੇਂਦਰਾਂ ਨੇ ਹੁਣ ਤੱਕ 224203 ਸੇਵਾਵਾਂ ਲੋਕਾਂ ਨੂੰ ਦਿੱਤੀਆਂ – ਪੁਲਿਸ ਕਮਿਸ਼ਨਰ

PPN2904201615ਅੰਮ੍ਰਿਤਸਰ, 29 ਅਪ੍ਰੈਲ (ਜਗਦੀਪ ਸਿੰਘ ਸੱਗੂ)- ਅੰਮ੍ਰਿਤਸਰ ਦੇ ਸਾਂਝ ਕੇਂਦਰਾਂ ਵੱਲੋਂ 2012 ਤੋਂ ਲੈ ਕੇ ਹੁਣ ਤੱਕ 224203 ਸੇਵਾਵਾਂ ਲੋਕਾਂ ਨੂੰ ਦੇਣ ਤੋਂ ਇਲਾਵਾ ਔਰਤਾਂ, ਬੱਚਿਆਂ ਅਤੇ ਸਮਾਜਿਕ-ਆਰਥਿਕ ਮਸਲਿਆਂ ਨਾਲ ਸਬੰਧਤ 3730 ਦਰਖ਼ਾਸਤਾਂ ਵਿਚੋਂ 1856 ਦਾ ਨਿਪਟਾਰਾ ਕੌਂਸਲਿੰਗ ਕਰਵਾ ਕੇ ਰਾਜ਼ੀਨਾਮੇ ਰਾਹੀਂ ਕੀਤਾ ਹੈ। ਇਹ ਪ੍ਰਗਟਾਵਾ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ. ਅਮਰ ਸਿੰਘ ਚਾਹਲ ਨੇ ਕਾਨਫਰੰਸ ਹਾਲ ਪੁਲਿਸ ਲਾਈਨ, ਅੰਮ੍ਰਿਤਸਰ ਵਿਖੇ ਜ਼ਿਲ੍ਹਾ ਸਾਂਝ ਕੇਂਦਰ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਮੌਕੇ ਵਿਦੇਸ਼ੀ ਸੈਲਾਨੀਆਂ ਦੀ ਸਹੂਲਤ ਵਾਸਤੇ ਸੈਰ-ਸਪਾਟਾ ਵਿੰਗ ਸਥਾਪਿਤ ਕਰਨ ਵਾਸਤੇ ਸਰਵੇਖਣ ਕਰਨ ਸਬੰਧੀ ਵਿਚਾਰ-ਵਟਾਂਦਰਾ ਵੀ ਕੀਤਾ ਗਿਆ। ਸ. ਚਾਹਲ ਨੇ ਦੱਸਿਆ ਕਿ ਜ਼ਿਲ੍ਹਾ ਸਾਂਝ ਕੇਂਦਰਾਂ ਵੱਲੋਂ ਲੋਕਾਂ ਨੂੰ ਵੱਖ-ਵੱਖ ਸੇਵਾਵਾਂ ਆਨਲਾਈਨ ਦਿੱਤੀਆਂ ਜਾ ਰਹੀਆਂ ਹਨ ਅਤੇ ਹੁਣ ਲੋਕ ਆਪਣੇ ਮੋਬਾਈਲ ‘ਤੇ ਆਨਲਾਈਨ ਹੀ ਸਟੇਟਸ ਚੈੱਕ ਕਰ ਸਕਦੇ ਹਨ, ਜਿਸ ਨਾਲ ਉਨ੍ਹਾਂ ਦੀ ਖੱਜਲ-ਖੁਆਰੀ ਅਤੇ ਸਮੇਂ ਦੀ ਬਰਾਦੀ ਘੱਟ ਕਰਨ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਂਝ ਕੇਂਦਰਾਂ ਦੇ ਕੰਮਕਾਜ਼ ਨੂੰ ਹੋਰ ਸੁਚਾਰੂ ਰੁਪ ਨਾਲ ਕਰਨ ਲਈ ਮੈਂਬਰਾਂ ਨੂੰ ਵਧੀਆ ਭੂਮਿਕਾ ਅਦਾ ਕਰਨੀ ਚਾਹੀਦੀ ਹੈ।
ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫ਼ਸਰ ਅੰਮ੍ਰਿਤਸਰ ਸ੍ਰੀਮਤੀ ਹਰਕਮਲ ਕੌਰ ਨੇ ਇਸ ਮੌਕੇ ਕਿਹਾ ਕਿ ਸਮਾਜਿਕ ਬੁਰਾਈਆਂ ਦਾ ਖ਼ਾਤਮਾ ਕਰਕੇ ਹੀ ਸਮਾਜ ਭਲਾਈ ਦਾ ਕੰਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਵੀਆਂ ਜਾਰੀ ਕੀਤੀਆਂ ਐਪਸ ਰਾਹੀਂ ਲੋਕਾਂ ਨੂੰ ਉਨ੍ਹਾਂ ਵੱਲੋਂ ਮੰਗੀ ਗਈ ਸੇਵਾ ਦੀ ਜਾਣਕਾਰੀ ਤੁਰੰਤ ਮਿਲਦੀ ਹੈ। ਸਾਬਕਾ ਡੀ. ਸੀ. ਪੀ. ਓ ਸ. ਬਲਜੀਤ ਸਿੰਘ ਰੰਧਾਵਾ ਨੇ ਇਸ ਮੌਕੇ ਟ੍ਰੈਫਿਕ ਸਮੱਸਿਆ ਦਾ ਜ਼ਿਕਰ ਕੀਤਾ। ਜ਼ਿਲ੍ਹਾ ਸੈਰ-ਸਪਾਟਾ ਅਫ਼ਸਰ ਸ. ਬਲਰਾਜ ਸਿੰਘ ਨੇ ਦੱਸਿਆ ਕਿ ਜਦੋਂ ਕਿਸੇ ਸੈਲਾਨੀ ਦਾ ਪਾਸਪੋਰਟ ਗੁੰਮ ਹੋ ਜਾਂਦਾ ਹੈ ਤਾਂ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਣ ਵਿਚ ਕਾਫੀ ਪ੍ਰੇਸ਼ਾਨੀ ਆਉਂਦੀ ਹੈ, ਜਿਸ ਬਾਰੇ ਥਾਣਿਆਂ ਦੇ ਮੁੱਖ ਅਫ਼ਸਰਾਂ ਨੂੰ ਹਦਾਇਤਾਂ ਦੇਣ ਦੀ ਲੋੜ ਹੈ। ਸ. ਜੇ. ਐਸ ਗਿੱਲ ਨੇ ਦੱਸਿਆ ਕਿ ਲੁੱਟ-ਖੋਹ ਹੋਣ ਕਾਰਨ ਅੰਮ੍ਰਿਤਸਰ ਵਿਚ ਸੈਲਾਨੀ ਘੱਟ ਆ ਰਹੇ ਹਨ ਜਿਸ ਵੱਲ ਧਿਆਨ ਦੇਣ ਦੀ ਲੋੜ ਹੈ। ਸ. ਸੁਖਵਿੰਦਰ ਸਿੰਘ ਨੇ ਵਾਤਾਵਰਣ ਅਤੇ ਪਾਣੀ ਦੀ ਸਾਂਭ-ਸੰਭਾਲ ਵੱਲ ਧਿਆਨ ਦੇਣ ‘ਤੇ ਜ਼ੋਰ ਦਿੱਤਾ। ਸ. ਗੁਰਪਿੰਦਰ ਸਿੰਘ ਭੱਟੀ ਨੇ ਦੱਸਿਆ ਕਿ ਡੀ. ਏ. ਵੀ ਪਬਲਿਕ ਸਕੂਲ ਲਾਰੈਂਸ ਰੋਡ ਵਿਖੇ ਛੁੱਟੀ ਦੇ ਸਮੇਂ ਬਾਹਰ ਸੜਕ ‘ਤੇ ਕਾਫੀ ਜਾਮ ਲੱਗ ਜਾਂਦਾ ਹੈ, ਜਿਸ ਨੂੰ ਹੱਲ ਕੀਤਾ ਜਾਣਾ ਚਾਹੀਦਾ ਹੈ।
ਪੁਲਿਸ ਕਮਿਸ਼ਨਰ ਸ. ਚਾਹਲ ਨੇ ਬਹੁਤ ਸਾਰੀਆਂ ਦਾ ਸਮੱਸਿਆਵਾਂ ਦਾ ਮੀਟਿੰਗ ਵਿਚ ਹੀ ਹੱਲ ਕਰ ਦਿੱਤਾ ਅਤੇ ਬਾਕੀ ਸਮੱਸਿਆਵਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਇਲਾਕੇ ਵਿਚ ਸੀ ਸੀ ਟੀ ਵੀ ਕੈਮਰੇ ਲਗਵਾਉਣ ਤਾਂ ਜੋ ਜ਼ੁਰਮਾਂ ਦੀ ਰੋਕਥਾਮ ਕੀਤੀ ਜਾ ਸਕਦੇ।
ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸਕੱਤਰ ਸ੍ਰੀ ਸੁਰਜੀਤ ਸ਼ਰਮਾ, ਸ੍ਰੀ ਰਮਨ ਮਲਹੋਤਰਾ, ਸ੍ਰੀ ਰਾਜੇਸ਼ ਅਰੋੜਾ, ਸ੍ਰੀ ਕੇ ਆਰ ਬਾਵਾ, ਸ੍ਰੀ ਸੰਜੀਵ ਕੁਮਾਰ ਭੱਟੀ, ਸ੍ਰੀ ਐਸ ਕੇ ਲੂਥਰਾ, ਸ੍ਰੀਮਤੀ ਜਸਮਿੰਦਰ ਕੌਰ ਸਮੇਤ 40 ਦੇ ਕਰੀਬ ਮੈਂਬਰ ਅਤੇ ਸਬ-ਡਵੀਜ਼ਨ ਸਾਂਝ ਕੇਂਦਰਾਂ ਦੇ ਇੰਚਾਰਜ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply