Wednesday, July 3, 2024

ਪੀਣ ਵਾਲੇ ਪਾਣੀ ਦੀ ਸੰਜਮ ਨਾਲ ਵਰਤੋਂ ਕੀਤੀ ਜਾਵੇ – ਅਨਿਲ ਜੋਸ਼ੀ

ਸਿੱਧੀਆਂ ਪਾਈਪਾਂ ਲਗਾ ਕੇ ਗੱਡੀਆਂ ਅਤੇ ਵਿਹੜੇ ਧੋਣ ਵਾਲਿਆਂ ਨੂੰ ਹੋਣਗੇ ਜ਼ੁਰਮਾਨੇ

Anil Joshiਅੰਮ੍ਰਿਤਸਰ, 29 ਅਪ੍ਰੈਲ (ਜਗਦੀਪ ਸਿੰਘ ਸੱਗੂ)- ਪੀਣ ਵਾਲੇ ਪਾਣੀ ਦੀ ਦੁਰਵਰਤੋਂ ਰੋਕਣ ਦੇ ਮਕਸਦ ਨਾਲ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵੱਲੋਂ ਸੂਬੇ ਦੀਆਂ ਸਮੂਹ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਕੋਈ ਵੀ ਵਿਅਕਤੀ ਸਿੱਧੀਆਂ ਪਾਈਪਾਂ ਲਗਾ ਕੇ ਗੱਡੀਆਂ ਅਤੇ ਵਿਹੜੇ ਨਹੀਂ ਧੋਵੇਗਾ। ਇਸ ਆਦੇਸ਼ ਦੀ ਪਹਿਲੀ ਵਾਰ ਉਲੰਘਣਾ ਕਰਨ ‘ਤੇ 1000 ਰੁਪਏ, ਦੂਜੀ ਵਾਰ ਉਲੰਘਣਾ ਕਰਨ ‘ਤੇ 2000 ਰੁਪਏ ਜ਼ੁਰਮਾਨਾ ਅਤੇ ਤੀਸਰੀ ਵਾਰ ਉਲੰਘਣਾ ਕਰਨ ‘ਤੇ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ ਅਤੇ 5000 ਰੁਪਏ ਜ਼ੁਰਮਾਨਾ ਵਸੂਲ ਕਰਨ ਉਪਰੰਤ ਹੀ ਦੂਬਾਰਾ ਕੁਨੈਕਸ਼ਨ ਜੋੜਿਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਦੱਸਿਆ ਕਿ ਬੂਟਿਆਂ ਅਤੇ ਬਗੀਚਿਆਂ ਨੂੰ ਪਾਈਪ ਨਾਲ ਪਾਣੀ ਦੀ ਵਰਤੋਂ ਵੀ ਸ਼ਾਮ ਪੰਜ ਵਜੇ ਤੋਂ ਬਾਅਦ ਹੀ ਕੀਤੀ ਜਾ ਸਕੇਗੀ।
ਸ੍ਰੀ ਅਨਿਲ ਜੋਸ਼ੀ ਨੇ ਕਿਹਾ ਕਿ ਪਾਣੀ ਦੀ ਕਿੱਲਤ ਨੂੰ ਵੇਖਦਿਆਂ ਸਮੂਹ ਨਾਗਰਿਕਾਂ ਦਾ ਫ਼ਰਜ਼ ਬਣਦਾ ਹੈ ਕਿ ਪੀਣ ਵਾਲੇ ਪਾਣੀ ਦੀ ਸੰਜਮ ਨਾਲ ਵਰਤੋਂ ਕੀਤੀ ਜਾਵੇ ਤਾਂ ਜੋ ਪਾਣੀ ਦੀ ਉਪਲਬਧਤਾ ਬਾਰੇ ਕੋਈ ਪ੍ਰੇਸ਼ਾਨੀ ਨਾ ਆਵੇ ਅਤੇ ਭਵਿੱਖ ਵਿਚ ਪਾਣੀ ਦੀ ਕਿੱਲਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਇਸ ਬਾਰੇ ਹਰ ਪੰਦਰਵਾੜੇ ਰਿਪੋਰਟ ਮੁੱਖ ਦਫ਼ਤਰ ਭੇਜੀ ਜਾਵੇ, ਜਿਸ ਵਿਚ ਦਰਸਾਇਆ ਜਾਵੇ ਕਿ ਇਸ ਅਧਿਕਾਰੀ ਵੱਲੋਂ ਕਿੰਨੀ ਵਾਰ ਚੈਕਿੰਗ ਕੀਤੀ ਗਈ ਅਤੇ ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ‘ਤੇ ਕਿੰਨਾ-ਕਿੰਨਾ ਜ਼ੁਰਮਾਨਾ ਲਾਇਆ ਗਿਆ ਹੈ।
ਇਸ ਦੇ ਨਾਲ ਹੀ ਗਰਮੀ ਨੂੰ ਵੇਖਦਿਆਂ ਸ੍ਰੀ ਜੋਸ਼ੀ ਵੱਲੋਂ ਇਹ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਕਿ ਉਨ੍ਹਾਂ ਦੇ ਅਧੀਨ ਆਉਂਦੇ ਫਾਇਰ ਅਮਲੇ ਨੂੰ ਮੁਸਤੈਦ ਰਹਿਣ ਲਈ ਲਿਖਿਆ ਜਾਵੇ ਅਤੇ ਨਾਲ ਹੀ ਜਿਥੇ ਕਿਤੇ ਲੋੜੀਂਦੇ ਸਾਧਨਾਂ ਦੀ ਘਾਟ ਹੋਵੇ, ਉਹ ਵੀ ਪੂਰੀ ਕਰ ਲਈ ਜਾਵੇ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply