Friday, July 5, 2024

ਸ਼੍ਰੋਮਣੀ ਤੇ ਦਿਲੀ ਗੁਰਦੁਆਰਾ ਕਮੇਟੀਆਂ ਸਿਖ ਰਹਿਤ ਮਰਯਾਦਾ ਦਾ ਪ੍ਰਕਾਸ਼ਨ ਅਤੇ ਪ੍ਰਚਾਰਨ ਕਿਉਂ ਕਰਦੀਆਂ ਰਹੀਆਂ – ਪੰਥਕ ਤਾਲਮੇਲ ਸੰਗਠਨ

ਅੰਮ੍ਰਿਤਸਰ, 30 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਸੰਗਠਨ ਕੋਰ ਕਮੇਟੀ ਜਸਵਿੰਦਰ ਸਿੰਘ ਐਡਵੋਕੇਟ ਅਕਾਲ ਪੁਰਖ ਕੀ ਫੌਜ, ਹਰਜੀਤ ਸਿੰਘ ਸੰਪਾਦਕ ਸਿੱਖ ਫੁਲਵਾੜੀ ਸਿੱਖ ਮਿਸ਼ਨਰੀ ਕਾਲਜ, ਜਸਬੀਰ ਸਿੰਘ ਸੁਖਮਨੀ ਸਾਹਿਬ ਸੁਸਾਇਟੀਆਂ, ਪ੍ਰਣਾਮ ਸਿੰਘ ਅਖੰਡ ਕੀਰਤਨੀ ਜੱਥਾ, ਰਾਣਾ ਇੰਦਰਜੀਤ ਸਿੰਘ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਖੁਸ਼ਹਾਲ ਸਿੰਘ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ, ਲੈਫ: ਜਨਰਲ ਕਰਤਾਰ ਸਿੰਘ ਗਿੱਲ ਸੰਸਾਰ ਸਿੱਖ ਸੰਗਠਨ, ਅਮਰਜੀਤ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਕੁਲਵੰਤ ਸਿੰਘ ਸਿੱਖ ਫਰੰਟ ਦਿੱਲੀ, ਸੁਰਿੰਦਰਜੀਤ ਸਿੰਘ ਪਾਲ ਕੇਸ ਸੰਭਾਲ ਪ੍ਰਚਾਰ ਸੰਸਥਾ, ਗੁਰਮਤਿ ਪ੍ਰਚਾਰ ਟਰੱਸਟ ਹਿਮਾਚਲ, ਮਹਿੰਦਰ ਸਿੰਘ ਭਾਈ ਘਨਈਆ ਸੇਵਾ ਦਲ ਹਿਮਾਚਲ, ਤਰਾਈ ਸਿੱਖ ਮਹਾਂ ਸਭਾ ਉਤਰਾਖੰਡ, ਗੁਰਸਿੱਖ ਫੈਮਿਲੀ ਕਲੱਬ, ਅੰਮ੍ਰਿਤਪਾਲ ਸਿੰਘ ਗੁਰਦੁਆਰੇ ਤਾਲਮੇਲ ਲੁਧਿਆਣਾ, ਅਕਾਲੀ ਕੌਰ ਸਿੰਘ ਮੈਮੋਰੀਅਲ ਟਰੱਸਟ ਜੰਮੂ ਅਤੇ ਰਸ਼ਪਾਲ ਸਿੰਘ ਸ਼ੁਭ ਕਰਮਨ ਸੁਸਾਇਟੀ ਨੇ ਕਿਹਾ ਦੱਖ ਦੀ ਗੱਲ ਕਿ ਕੌਮੀ ਇਕਸੁਰਤਾ, ਇਕਸਾਰਤਾ ਅਤੇ ਵਿਲੱਖਣਤਾ ਦਾ ਆਧਾਰ ਬਣਦੇ ਹਰ ਦਸਤਾਵੇਜ਼ ਨਾਲ ਖਿਲਵਾੜ ਕਰ ਕੇ ਕੌਮ ਨੂੰ ਭੰਬਲਭੂਸੇ ਵਿਚ ਪਾਇਆ ਜਾ ਰਿਹਾ ਹੈ।
ਪਿਛਲੇ ਦਿਨੀਂ ਗੁਰਦੁਆਰਾ ਸਾਹਿਬ ਬੰਗਲਾ ਸਾਹਿਬ ਦਿੱਲੀ ਵਿਖੇ ਕਥਾ ਦੌਰਾਨ ਭਾਈ ਜਸਬੀਰ ਸਿੰਘ ਰੋਡੇ ਵਲੋਂ ਸਿੱਖ ਰਹਿਤ ਮਰਯਾਦਾ ਵਾਲੇ ਕੌਮੀ ਦਸਤਾਵੇਜ਼ ਨੂੰ ਖਰੜਾ ਕਹਿ ਕੇ ਜਿਸ ਢੰਗ ਨਾਲ ਛੁਟਿਆਇਆ ਗਿਆ। ਉਸ ਦਾ ਸਿੱਖ ਸੰਗਤਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ।ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਸੰਗਠਨ ਕੋਰ ਕਮੇਟੀ ਜਸਵਿੰਦਰ ਸਿੰਘ ਐਡਵੋਕੇਟ ਅਕਾਲ ਪੁਰਖ ਕੀ ਫੌਜ, ਹਰਜੀਤ ਸਿੰਘ ਸੰਪਾਦਕ ਸਿੱਖ ਫੁਲਵਾੜੀ ਸਿੱਖ ਮਿਸ਼ਨਰੀ ਕਾਲਜ ਆਦਿ ਆਗੂਆਂ ਨੇ ਕਿਹਾ ਹੈ ਕਿ ਕੌਮ ਵਲੋਂ ਸਵਾਲ ਉਠ ਰਹੇ ਹਨ ਕਿ ਜੇ ਇਹ ਕੇਵਲ ਖਰੜਾ ਹੀ ਹੈ ਤਾਂ ਅੱਜ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿਰਮੌਰ ਸੰਸਥਾਵਾਂ ਇਸ ਦਾ ਵੱਡੇ ਪੱਧਰ ‘ਤੇ ਪ੍ਰਕਾਸ਼ਨ ਤੇ ਪ੍ਰਚਾਰਨ ਕਿਉਂ ਕਰਦੀਆਂ ਰਹੀਆਂ ਹਨ।ਜੇ ਕੌਮੀ ਸੰਸਥਾਵਾਂ ਸਹੀ ਹਨ ਤਾਂ ਫਿਰ ਇਸ ਕੌਮੀ ਦਸਤਾਵੇਜ਼ ਨੂੰ ਮਹੱਤਵਹੀਣ ਵਜੋਂ ਪੇਸ਼ ਕਰਨ ਪਿੱਛੇ ਕੀ ਮੰਤਵ ਹੈ। ਕੀ ਅੱਜ ਤੱਕ ਗੁਰੂ-ਪੰਥ ਇਸ ਰਹਿਤ ਮਰਯਾਦਾ ਅਨੁਸਾਰ ਜੋ ਸ਼ਖਸ਼ੀ ਰਹਿਣੀ ਅਤੇ ਪੰਥਕ ਰਹਿਣੀ ਨਿਭਾਉਂਦਾ ਆ ਰਿਹਾ ਹੈ ਉਹ ਬੇਲੋੜੀ ਤੇ ਅਰਥਹੀਣ ਹੀ ਹੈ।ਆਗੂਆਂ ਨੇ ਕਿਹਾ ਕਿ ਇਸ ਦਸਤਾਵੇਜ਼ ਨੂੰ ਤਿਆਰ ਕਰਨ ਲਈ ਪੰਥ-ਦਰਦੀ ਸ਼ਖਸੀਅਤਾਂ ਅਤੇ ਸੰਸਥਾਵਾਂ ਵਾਰ-ਵਾਰ ਬੈਠਦੀਆਂ ਰਹੀਆਂ ਸਨ ਅਤੇ ਕੌਮ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੀਆਂ ਰਹੀਆਂ ਹਨ।ਜਿਸ ਦਾ ਸਬੂਤ ਹੈ ਕਿ ਸ਼੍ਰੋਮਣੀ ਕਮੇਟੀ ਦੀ ‘ਰਹੁ-ਰੀਤ ਸਬ ਕਮੇਟੀ’ ਵਲੋਂ 4 ਤੇ 5 ਅਕਤੂਬਰ 1931, 3 ਤੇ 31 ਜਨਵਰੀ 1932 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਮਾਗਮ ਕਰਕੇ ਤਿਆਰ ਕੀਤੇ ਖਰੜੇ ਉੱਪਰ ਸ਼੍ਰੋਮਣੀ ਕਮੇਟੀ ਦੀ ਆਗਿਆ ਨਾਲ 8 ਮਈ ਅਤੇ 26 ਸਤੰਬਰ 1932 ਨੂੰ ਮੁੜ ਵਿਚਾਰਿਆ ਗਿਆ। ਖਰੜੇ ਦੀ ਪ੍ਰਵਾਨਗੀ ‘ਸਰਬ ਹਿੰਦ ਸਿੱਖ ਮਿਸ਼ਨ ਬੋਰਡ’ ਨੇ ਮਤਾ ਨੰਬਰ ਇਕ ਮਿਤੀ 1 ਅਗਸਤ 1936 ਰਾਹੀਂ ਅਤੇ ਸ਼੍ਰੋਮਣੀ ਕਮੇਟੀ ਨੇ ਮਤਾ ਨੰਬਰ 149 ਮਿਤੀ 12 ਅਕਤੂਬਰ 1936 ਰਾਹੀਂ ਦਿੱਤੀ। 7 ਜਨਵਰੀ 1945 ਨੂੰ ਸ਼੍ਰੋਮਣੀ ਕਮੇਟੀ ਦੀ ਧਾਰਮਿਕ ਸਲਾਹਕਾਰ ਕਮੇਟੀ ਨੇ ਸੋਧ ਲਈ ਸਿਫਾਰਸ਼ ਕੀਤੀ। ਸ਼੍ਰੋਮਣੀ ਕਮੇਟੀ ਨੇ ਮਤਾ ਨੰਬਰ 97 ਮਿਤੀ 3 ਫਰਵਰੀ 1945 ਰਾਹੀਂ ਸਿਫਾਰਸ਼ ਅਨੁਸਾਰ ਪ੍ਰਵਾਨਗੀ ਦੇ ਦਿੱਤੀ। ਸਿੱਧ ਹੁੰਦਾ ਹੈ ਕਿ ਪ੍ਰਵਾਨਗੀ ਤੋਂ ਬਾਅਦ ਇਹ ਦਸਤਾਵੇਜ਼ ‘ਸਿੱਖ ਰਹਿਤ ਮਰਯਾਦਾ’ ਨਾਮ ਹੇਠ ਪ੍ਰਕਾਸ਼ਿਤ ਹੁੰਦਾ ਆ ਰਿਹਾ ਹੈ।ਸੇਧ ਵੀ ਮਿਲਦੀ ਹੈ ਕਿ ਉਸਾਰੂ ਮਕਸਦ ਨਾਲ ਸੋਧਾਂ ਹੁੰਦੀਆਂ ਰਹੀਆਂ ਹਨ ਅਤੇ ਅੱਜ ਵੀ ਉਹ ਕੌਮ ਦੇ ਦਾਨੇ ਸੱਜਣਾਂ ਵਲੋਂ ਦਿੱਤਾ ਰਸਤਾ ਅਖਤਿਆਰ ਕੀਤਾ ਜਾ ਸਕਦਾ ਹੈ।ਪੰਥਕ ਤਾਲਮੇਲ ਸੰਗਠਨ ਨੇ ਦੋਸ਼ ਲਾਇਆ ਕਿ ਕੌਮ ਦੇ ਨਿਰਾਲੇਪਨ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨ ਲਈ ਹਰ ਹਰਬਾ ਵਰਤਿਆ ਗਿਆ ਹੈ।ਵਰਤਮਾਨ ਦੀ ਮੰਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਸੇਧ ਲੈ ਕੇ ਸੋਧਾਂ ਵੀ ਕੀਤੀਆਂ ਜਾਣ ਅਤੇ ਕੌਮੀ ਏਕਤਾ ਇਕਸੁਰਤਾ ਦਾ ਧਿਆਨ ਰੱਖਦਿਆਂ ਕੌਮ ਦੀ ਹੋਣੀ ਨੂੰ ਵਿਚਾਰ ਕੇ ਦੁਸ਼ਮਣ ਤਾਕਤਾਂ ਨੂੰ ਭਾਂਜ ਦਿੱਤੀ ਜਾਵੇ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply