Thursday, July 4, 2024

ਸਬਜ਼ੀਆਂ ਦੀ ਸਫਲ ਕਾਸ਼ਤ ਕਰਕੇ ਮਿਸਾਲ ਬਣਿਆ ਕਿਲ੍ਹਾ ਟੇਕ ਸਿੰਘ ਦਾ ਕਿਸਾਨ ਬੂਟਾ ਸਿੰਘ

PPN0205201603ਬਟਾਲਾ, 2 ਮਈ (ਨਰਿੰਦਰ ਬਰਨਾਲ)- ਕਣਕ-ਝੋਨੇ ਦੇ ਫਸਲੀ ਚੱਕਰ ‘ਚੋਂ ਨਿਕਲ ਕੇ ਸਬਜ਼ੀਆਂ ਦੀ ਸਫਲ ਕਾਸ਼ਤ ਕਰਕੇ ਕਿਲ੍ਹਾ ਟੇਕ ਸਿੰਘ ਦਾ ਕਿਸਾਨ ਬੂਟਾ ਸਿੰਘ ਦੂਸਰੇ ਕਿਸਾਨਾਂ ਲਈ ਉਦਾਹਰਨ ਬਣਿਆ ਹੈ। ਬਟਾਲਾ ਨੇੜੇ ਪਿੰਡ ਕਿਲ੍ਹਾ ਟੇਕ ਸਿੰਘ ਦਾ ਇਹ ਕਿਸਾਨ 17 ਏਕੜ ਜ਼ਮੀਨ ਦਾ ਮਾਲਕ ਹੈ ਅਤੇ ਇਸ ਵੱਲੋਂ ਕਣਕ-ਝੋਨੇ ਦੀ ਬਜਾਏ ਹੁਣ ਸਬਜ਼ੀਆਂ ਦੀ ਖੇਤੀ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਬੂਟਾ ਸਿੰਘ ਦੇ ਖੇਤਾਂ ‘ਚ ਹੋ ਰਹੀ ਸਬਜ਼ੀਆਂ ਦੀ ਚੋਖੀ ਪੈਦਾਵਾਰ ਨੇ ਉਸਦੀ ਆਮਦਨ ‘ਚ ਵੀ ਵਾਧਾ ਕੀਤਾ ਹੈ। ਸਬਜ਼ੀ ਕਾਸ਼ਤਕਾਰ ਕਿਸਾਨ ਬੂਟਾ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਰੀਬ 10 ਸਾਲਾਂ ਤੋਂ ਸਬਜ਼ੀਆਂ ਦੀ ਕਾਸ਼ਤ ਕਰਦਾ ਆ ਰਿਹਾ ਹੈ ਅਤੇ ਪਿਛਲੇ ਕੁਝ ਸਾਲਾਂ ਤੋਂ ਉਸਨੇ ਸਬਜ਼ੀਆਂ ਹੇਠ ਆਪਣੇ ਰਕਬੇ ਨੂੰ ਹੋਰ ਵਧਾਇਆ ਹੈ। ਬੂਟਾ ਸਿੰਘ ਨੇ ਦੱਸਿਆ ਕਿ ਇਸ ਸਮੇਂ ਉਸਨੇ 6 ਏਕੜ ਟਮਾਟਰਾਂ ਦੀ ਫਸਲ ਬੀਜੀ ਹੋਈ ਹੈ, ਜਦਕਿ 2 ਏਕੜ ਬਤਾਊਂ, 1 ਏਕੜ ਕਨਾਲ ਖੀਰੇ ਦੀ ਕਾਸ਼ਤ ਕੀਤੀ ਹੋਈ ਹੈ। ਬੂਟਾ ਸਿੰਘ ਦਾ ਕਹਿਣਾ ਹੈ ਕਿ ਸਬਜ਼ੀਆਂ ਦੀ ਕਾਸ਼ਤ ਬੇਸ਼ੱਕ ਮਿਹਨਤ ਤੇ ਧਿਆਨ ਵੱਧ ਮੰਗਦੀਆਂ ਹਨ ਪਰ ਇਹ ਫਸਲਾਂ ਕਣਕ-ਝੋਨੇ ਦੇ ਮੁਕਾਬਲੇ ਵੱਧ ਮੁਨਾਫਾ ਦਿੰਦੀਆਂ ਹਨ। ਬੂਟਾ ਸਿੰਘ ਨੇ ਦੱਸਿਆ ਕਿ ਸਬਜ਼ੀ ਦੇ ਮੰਡੀਕਰਨ ਦੀ ਕੋਈ ਸਮੱਸਿਆ ਨਹੀਂ ਹੈ ਅਤੇ ਉਹ ਆਪਣੀ ਸਬਜ਼ੀ ਨੂੰ ਬਟਾਲਾ ਤੇ ਪਠਾਨਕੋਟ ਦੀਆਂ ਮੰਡੀਆਂ ‘ਚ ਵੇਚਦਾ ਹੈ। ਕਿਸਾਨ ਬੂਟਾ ਸਿੰਘ ਦਾ ਨੇ ਦੱਸਿਆ ਕਿ ਸਬਜ਼ੀਆਂ ਦੀ ਕਾਸ਼ਤ ਸਬੰਧੀ ਨਵੀਆਂ ਤਕਨੀਕਾਂ ਜਾਨਣ ਲਈ ਉਹ ਬਾਗਬਾਨੀ ਵਿਭਾਗ ਨਾਲ ਰਾਬਤਾ ਰੱਖਦੇ ਹਨ ਅਤੇ ਵਿਭਾਗ ਦੀਆਂ ਸ਼ਿਫਾਰਸ਼ਾਂ ਸਦਕਾ ਉਸਦੀਆਂ ਸਬਜ਼ੀਆਂ ਦਾ ਝਾੜ ਬਹੁਤ ਵਧੀਆ ਨਿਕਲਦਾ ਹੈ। ਕਿਸਾਨ ਬੂਟਾ ਸਿੰਘ ਨੇ ਦੱਸਿਆ ਕਿ ਸਬਜ਼ੀਆਂ ਦੀ ਕਾਸ਼ਤ ਸਦਕਾ ਪਾਣੀ ਦੀ ਬਚਤ ਵੀ ਕਾਫੀ ਹੁੰਦੀ ਹੈ ਅਤੇ ਝੌਨੇ ਵਾਂਗ ਪਾਣੀ ਲਗਾਉਣ ਦੀ ਬਜ਼ਾਏ ਸਬਜ਼ੀਆਂ ਨੂੰ ਸਿਰਫ ਵੱਤਰ ਦਾ ਪਾਣੀ ਹੀ ਲਗਾਉਣਾ ਪੈਂਦਾ ਹੈ। ਬੂਟਾ ਸਿੰਘ ਨੇ ਦੂਸਰੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਣਕ-ਝੋਨੇ ਦੇ ਫਸਲੀ ਚੱਕਰ ‘ਚੋਂ ਨਿਕਲ ਕੇ ਸਬਜ਼ੀਆਂ, ਦਾਲਾਂ ਤੇ ਹੋਰ ਫਸਲਾਂ ਦੀ ਕਾਸ਼ਤ ਕਰਕੇ ਆਪਣੀ ਆਮਦਨ ‘ਚ ਵਾਧਾ ਕਰ ਸਕਦੇ ਹਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply