Friday, July 5, 2024

ਕੰਨਿਆ ਭਰੂਣ ਹੱਤਿਆ ਰੋਕਣ ਲਈ ਸਮਾਜ ਦੀ ਸੋਚ ਬਦਲਣੀ ਜ਼ਰੂਰੀ-ਵਰਿੰਦਰ ਕੌਰ ਥਾਂਦੀ

PPN0305201604ਅੰਮ੍ਰਿਤਸਰ, 3 ਮਈ (ਜਗਦੀਪ ਸਿੰਘ ਸੱਗੂ)- ਕੰਨਿਆ ਭਰੂਣ ਹੱਤਿਆ ਵਰਗੀ ਸਮਾਜਿਕ ਬੁਰਾਈ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਪੰਜਾਬ ਰਾਜ ਸਮਾਜ ਭਲਾਈ ਬੋਰਡ, ਚੰਡੀਗੜ੍ਹ ਵੱਲੋਂ ਕੰਨਿਆ ਭਰੂਣ ਹੱਤਿਆ ਖਿਲਾਫ਼ ਇਕ ਵਿਸ਼ਾਲ ਸੈਮੀਨਾਰ ਚੌਧਰੀ ਫਾਰਮ ਐਂਡ ਰਿਜ਼ੋਰਟ, ਝਬਾਲ ਰੋਡ, ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਪੰਜਾਬ ਰਾਜ ਸਮਾਜ ਭਲਾਈ ਬੋਰਡ ਦੇ ਚੇਅਰਪਰਸਨ ਸ੍ਰੀਮਤੀ ਵਰਿੰਦਰ ਕੌਰ ਥਾਂਦੀ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਜਦਕਿ ਸਮਾਗਮ ਦੀ ਪ੍ਰਧਾਨਗੀ ‘ਬੇਟੀ ਬਚਾਓ ਬੇਟੀ ਪੜ੍ਹਾਓ ਅਭਿਆਨ’ ਦੇ ਆਲ ਇੰਡੀਆ ਇੰਚਾਰਜ ਸ੍ਰੀ ਤਰੁਣ ਚੁਘ ਨੇ ਕੀਤੀ। ਸੀ. ਜੇ. ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਗਿਰੀਸ਼ ਬਾਂਸਲ ਨੇ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਭਰੂਣ ਹੱਤਿਆ ਖਿਲਾਫ਼ ਜਾਗਰੂਕਤਾ ਲਈ ਪੋਸਟਰ ਅਤੇ ਕਿਤਾਬਚੇ ਵੀ ਜਾਰੀ ਕੀਤੇ ਗਏ। ਇਸ ਤੋਂ ਇਲਾਵਾ ਵਿਦਿਆਰਥਣਾਂ ਵੱਲੋਂ ਭਰੂਣ ਹੱਤਿਆ ਖਿਲਾਫ਼ ਗੀਤ, ਗਰੁੱਪ ਡਾਂਸ ਅਤੇ ਕੋਰੀਓਗ੍ਰਾਫੀਆਂ ਪੇਸ਼ ਕਰਕੇ ਸਭਨਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ੍ਰੀਮਤੀ ਵਰਿੰਦਰ ਕੌਰ ਥਾਂਦੀ ਨੇ ਕਿਹਾ ਕਿ ਅੱਜ ਕੁੜੀਆਂ ਪ੍ਰਤੀ ਸਾਨੂੰ ਆਪਣੀ ਸੋਚ ਬਦਲਣ ਅਤੇ ਦਾਜ ਵਰਗੀਆਂ ਲਾਹਨਤਾਂ ਖਿਲਾਫ਼ ਆਵਾਜ਼ ਬੁਲੰਦ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਕੰਨਿਆਂ ਭਰੂਣ ਹੱਤਿਆ ਅਤੇ ਨਸ਼ੇ ਦੀਆਂ ਦੋ ਸਮਾਜਿਕ ਬੁਰਾਈਆਂ ਨਾਲ ਜੂਝ ਰਿਹਾ ਹੈ, ਜਿਨ੍ਹਾਂ ‘ਤੇ ਕਾਬੂ ਪਾਉਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੁੜੀਆਂ ਅੱਜ ਕਿਸੇ ਵੀ ਖੇਤਰ ਵਿਚ ਮੁੰਡਿਆਂ ਤੋਂ ਘੱਟ ਨਹੀਂ ਹਨ ਅਤੇ ਮੌਜੂਦਾ ਸਮੇਂ ਭਾਰਤ ਅੰਦਰ ਕੁੜੀਆਂ ਰੱਖਿਆ ਸੇਵਾਵਾਂ, ਹਵਾਈ ਖੇਤਰ, ਖੇਡਾਂ, ਸਿੱਖਿਆ, ਵਿਗਿਆਨ ਆਦਿ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੁੜੀਆਂ ਵੱਲੋਂ ਵੱਖ-ਵੱਖ ਖੇਤਰਾਂ ਵਿਚ ਨਿਭਾਈ ਜਾ ਰਹੀ ਇਸ ਭੂਮਿਕਾ ਸਦਕਾ ਅੱਜ ਮੁਲਕ ਅੰਦਰ ਲੜਕੀਆਂ ਦੇ ਕੰਮ ਕਰਨ ਲਈ ਉਸਾਰੂ ਮਾਹੌਲ ਬਣ ਰਿਹਾ ਪਰੰਤੂ ਅਜਿਹੀ ਉਸਾਰੂ ਸਮਾਜਿਕ ਤਬਦੀਲੀ ਦੇ ਬਾਵਜੂਦ ਮੌਜੂਦਾ ਸਮੇਂ ਮੁਲਕ ਖਾਸ ਕਰ ਪੰਜਾਬ ਅੰਦਰ ਭਰੂਣ ਹੱਤਿਆ ਵਰਗੀ ਸਮਾਜਿਕ ਬੁਰਾਈ ਹਾਲੇ ਪੂਰੀ ਤਰ੍ਹਾਂ ਖਤਮ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਸ ਸਮਾਜਿਕ ਬੁਰਾਈ ਦੇ ਖਾਤਮੇ ਲਈ ਜਿਥੇ ਹਰੇਕ ਵਰਗ ਨੂੰ ਅੱਗੇ ਆਉਣ ਦੀ ਲੋੜ ਹੈ ਉਥੇ ਵਿਸ਼ੇਸ਼ ਤੌਰ ‘ਤੇ ਨੌਜਵਾਨ ਵਰਗ ਨੂੰ ਭਰੂਣ ਹੱਤਿਆ ਦੇ ਖਾਤਮੇਂ ਲਈ ਸਰਗਰਮ ਭੂਮਿਕਾ ਨਿਭਾਉਣੀ ਪਵੇੇਗੀ ਅਤੇ ਇਸ ਦੀ ਸ਼ੁਰੂਆਤ ਸਾਨੂੰ ਆਪਣੇ ਘਰਾਂ ਤੋਂ ਹੀ ਕਰਨੀ ਪਵੇਗੀ।
‘ਬੇਟੀ ਬਚਾਓ ਬੇਟੀ ਪੜ੍ਹਾਓ ਅਭਿਆਨ’ ਦੇ ਆਲ ਇੰਡੀਆ ਇੰਚਾਰਜ ਸ੍ਰੀ ਤਰੁਣ ਚੁਘ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਸੁਪਨਾ ਹੈ ਕਿ ਹਿੰਦੁਸਤਾਨ ਨੂੰ ਅੱਗੇ ਲਿਜਾਣ ਲਈ ਭਰੂਣ ਹੱਤਿਆ ਰੋਕਣੀ ਜ਼ਰੂਰੀ ਹੈ ਅਤੇ ਇਸੇ ਲਈ ਉਨ੍ਹਾਂ ‘ਬੇਟੀ ਬਚਾਓ ਬੇਟੀ ਪੜ੍ਹਾਓ’ ਦਾ ਨਾਅਰਾ ਦਿੱਤਾ ਹੈ ਜਿਸ ਨੂੰ ਸਾਰਥਕ ਕਰਨ ਲਈ ਉਹ ਦਿਨ-ਰਾਤ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਬੇਟੇ ਦੀ ਚਾਹਤ ਨੂੰ ਛੱਡ ਕੇ ਬੇਟੀ ਨੂੰ ਵੱਧ ਤੋਂ ਵੱਧ ਸਿੱਖਿਆ ਦਿਵਾ ਕੇ ਉਸ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਕਰਨਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੇਟੀ ਦੇ ਸਿੱਖਿਅਤ ਹੋਣ ਨਾਲ ਪੂਰਾ ਪਰਿਵਾਰ ਸਿੱਖਿਅਤ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੰਨਿਆ ਭਰੂਣ ਹੱਤਿਆ ਦੀ ਇਸ ਸਮਾਜਿਕ ਬੁਰਾਈ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਰਕਾਰ ਸੰਜੀਦਾ ਯਤਨ ਕਰ ਰਹੀ ਹੈ ਪਰੰਤੂ ਇਸ ਦੇ ਨਾਲ-ਨਾਲ ਯੂਥ ਕਲੱਬਾਂ, ਪਿੰਡਾਂ ਦੀਆਂ ਪੰਚਾਇਤਾਂ ਅਤੇ ਹੋਰ ਸਮਾਜਿਕ ਸਰੋਕਾਰਾਂ ਵਾਲੀਆਂ ਸੰਸਥਾਵਾਂ ਵੱਲੋਂ ਸਾਂਝੇ ਰੂਪ ਵਿਚ ਹੰਭਲਾ ਮਾਰਿਆ ਜਾਣਾ ਜ਼ਰੂਰੀ ਹੈ।
ਸੀ. ਜੇ. ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਗਿਰੀਸ਼ ਬਾਂਸਲ ਨੇ ਇਸ ਮੌਕੇ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਔਰਤਾਂ ਨੂੰ ਦਿੱਤੀ ਜਾਣ ਵਾਲੀ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਘਰੇਲੂ ਹਿੰਸਾ ਐਕਟ-2005 ਸਬੰਧੀ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਔਰਤਾਂ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਰੇਲੂ ਹਿੰਸਾ ਦਾ ਸ਼ਿਕਾਰ ਔਰਤਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਇਹ ਔਰਤਾਂ ਆਪਣੇ ਹੱਕਾਂ ਦੀ ਰਾਖੀ ਲਈ ਬਿਨ੍ਹਾਂ ਕਿਸੇ ਡਰ ਦੇ ਲੜ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਘਰੇਲੂ ਹਿੰਸਾ ਦਾ ਸ਼ਿਕਾਰ ਔਰਤਾਂ ਦੀ ਮਦਦ ਮੈਜਿਸਟ੍ਰੇਟ, ਸੁਰੱਖਿਆ ਅਫਸਰ ਅਤੇ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਵੱਲੋਂ ਕੀਤੀ ਜਾਂਦੀ ਹੈ ਅਤੇ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਵੀ ਅਜਿਹੀਆਂ ਔਰਤਾਂ ਨੂੰ ਜਾਗਰੂਕ ਕਰਕੇ ਹੱਕਾਂ ਦੀ ਪ੍ਰਾਪਤੀ ਕਰਵਾਉਣ ਲਈ ਕਾਨੂੰਨੀ ਸਹਾਇਤਾ ਬਿਲਕੁਲ ਮੁਫਤ ਦਿੱਤੀ ਜਾਂਦੀ ਹੈ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply