ਅੰਮ੍ਰਿਤਸਰ, 5 ਮਈ (ਜਗਦੀਪ ਸਿੰਘ ਸੱਗੂ)- ਪੰਜਾਬ ਸਰਕਾਰ ਵੱਲੋਂ ਅਰਬਨ ਹਾਟ ਵਿਖੇ ਕਰਵਾਇਆ ਜਾ ਰਿਹਾ 15 ਦਿਨਾ ‘ਅੰਮ੍ਰਿਤਸਰ ਹੈਰੀਟੇਜ ਮੇਲਾ’ ਭਲਕੇ 6 ਮਈ ਨੂੰ ਦੁਪਹਿਰ 12 ਵਜੇ ਧੂਮ-ਧੜੱਕੇ ਨਾਲ ਸ਼ੁਰੂ ਹੋਵੇਗਾ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਦੱਸਿਆ ਕਿ 6 ਤੋਂ 20 ਮਈ ਤੱਕ ਕਰਵਾਏ ਜਾ ਰਹੇ ਰਾਸ਼ਟਰੀ ਪੱਧਰ ਦੇ ਇਸ ਮੇਲੇ ਵਿਚ 20 ਰਾਜਾਂ ਦੇ ਕਲਾਕਾਰ ਅਤੇ ਦਸਤਕਾਰ ਜਿਥੇ ਆਪਣੇ ਹੁਨਰ ਅਤੇ ਕਲਾ ਦਾ ਪ੍ਰਦਰਸ਼ਨ ਕਰਨਗੇ ਉਥੇ ਇਨ੍ਹਾਂ ਸੂਬਿਆਂ ਦੇ ਪਕਵਾਨ ਤਿਆਰ ਕਰਨ ਦੇ ਮਾਹਿਰ ਆਪਣੇ-ਆਪਣੇ ਰਾਜਾਂ ਦੇ ਲਜ਼ੀਜ਼ ਪਕਵਾਨਾਂ ਦਾ ਸਵਾਦ ਚਖਾਉਣਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ 150 ਦੇ ਕਰੀਬ ਸਟਾਲ ਲੱਗਣਗੇ, ਜਿਥੇ ਭਾਰਤ ਭਰ ਤੋਂ ਸੱਭਿਆਚਾਰ ਅਤੇ ਦਸਤਕਾਰੀ ਦੇ ਨਮੂਨੇ ਅਤੇ ਪਕਵਾਨ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ।
ਉਨ੍ਹਾਂ ਦੱਸਿਆ ਕਿ ਮੇਲੇ ਵਿਚ ਜਿਥੇ ਵੱਖ-ਵੱਖ ਰਾਜਾਂ ਦੇ ਕਲਾਕਾਰ ਉਥੋਂ ਦੇ ਲੋਕ ਗੀਤ, ਨਾਚ ਅਤੇ ਹੋਰ ਸਭਿਆਚਾਰਕ ਵੰਨਗੀਆਂ ਪੇਸ਼ ਕਰਨ ਲਈ ਆ ਰਹੇ ਹਨ, ਉਥੇ ਪੰਜਾਬ ਖਾਸ ਕਰਕੇ ਅੰਮ੍ਰਿਤਸਰ ਦੇ ਕਲਾਕਾਰ ਵੀ ਪੰਜਾਬ ਦੇ ਵਿਰਸੇ ਅਤੇ ਸੱਭਿਆਚਾਰ ਦੀ ਝਲਕ ਪੇਸ਼ ਕਰਨਗੇ। ਸ੍ਰੀ ਰੂਜਮ ਨੇ ਦੱਸਿਆ ਕਿ ਮੇਲੇ ਲਈ ਦਾਖ਼ਲਾ ਬਿਲਕੁਲ ਮੁਫ਼ਤ ਹੋਵੇਗਾ। ਉਨਾਂ ਦੱਸਿਆ ਕਿ ਸਭਿਆਚਾਰਕ ਪ੍ਰੋਗਰਾਮ ਰੋਜ਼ਾਨਾ ਸ਼ਾਮ ਨੂੰ ਹੋਵੇਗਾ ਅਤੇ ਮੇਲਾ ਸਵੇਰ ਤੋਂ ਦੇਰ ਰਾਤ ਤੱਕ ਚੱਲੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਖੁੱਲ੍ਹਾ ਸੱਦਾ ਦਿੰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਮੇਲੇ ਵਿਚ ਪਹੁੰਚ ਕੇ ਇਸ ਮੇਲੇ ਦਾ ਲੁਤਫ਼ ਉਠਾਉਣ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media