Wednesday, July 3, 2024

ਜੰਡਿਆਲਾ ਹਲਕੇ ਦੀਆਂ ਸੰਗਤਾਂ ਨੂੰ ਲੈ ਕੇ ਵਿਸ਼ੇਸ਼ ਰੇਲ ਗੱਡੀ ਨਾਂਦੇੜ ਸਾਹਿਬ ਲਈ ਰਵਾਨਾ

PPN0505201605ਜੰਡਿਆਲਾ ਗੁਰੂ, 5 ਮਈ (ਹਰਿੰਦਰਪਾਲ ਸਿੰਘ) – ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਤਹਿਤ ਅੱਜ ਸਵੇਰੇ ਗਹਿਰੀ ਮੰਡੀ (ਜੰਡਿਆਲਾ ਗੁਰੂ) ਰੇਲਵੇ ਸਟੇਸ਼ਨ ਤੋਂ ਵਿਸ਼ੇਸ਼ ਰੇਲ ਗੱਡੀ ਨਾਂਦੇੜ ਸਾਹਿਬ ਲਈ ਰਵਾਨਾ ਹੋਈ। ਜੰਡਿਆਲਾ, ਰਈਆ ਅਤੇ ਤਰਸਿੱਕਾ ਬਲਾਕਾਂ ਦੇ 1000 ਤੋਂ ਵੱਧ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇਸ ਰੇਲ ਗੱਡੀ ਨੂੰ ਵਿਧਾਇਕ ਸ. ਬਲਜੀਤ ਸਿੰਘ ਜਲਾਲਉਸਮਾ ਨੇ ਝੰਡੀ ਦੇ ਕੇ ਰਵਾਨਾ ਕੀਤਾ।
ਸ. ਜਲਾਲਉਸਮਾ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਇਕ ਨਿਵੇਕਲਾ ਅਤੇ ਸ਼ਲਾਘਾਯੋਗ ਉਪਰਾਲਾ ਹੈ, ਜਿਸ ਤਹਿਤ ਲੋਕਾਂ ਨੂੰ ਆਪਣੇ ਗੁਰੂਧਾਮਾਂ ਅਤੇ ਤੀਰਥਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਗਰਮੀ ਅਤੇ ਵਾਢੀ ਦੇ ਸੀਜ਼ਨ ਦੇ ਬਾਵਜੂਦ ਸੰਗਤਾਂ ਵਿਚ ਦਰਸ਼ਨਾਂ ਲਈ ਉਤਸ਼ਾਹ ਦੇਖਿਆਂ ਹੀ ਬਣਦਾ ਹੈ। ਉਨ੍ਹਾਂ ਦੱਸਿਆ ਕਿ ਨਾਂਦੇੜ ਸਾਹਿਬ ਵਿਚਲੇ ਗੁਰੂਧਾਮਾਂ ਦੇ ਦਰਸ਼ਨਾਂ ਉਪਰੰਤ 10 ਮਈ ਨੂੰ ਸੰਗਤਾਂ ਵਾਪਸ ਪਰਤਣਗੀਆਂ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸ਼ਰਧਾਲੁਆਂ ਦੇ ਖਾਣ-ਪੀਣ, ਨਾਂਦੇੜ ਸਾਹਿਬ ਵਿੱਚ ਠਹਿਰਨ ਅਤੇ ਆਉਣ-ਜਾਣ ਦਾ ਸਾਰਾ ਖ਼ਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਉਨਾਂ ਇਸ ਯਾਤਰਾ ਯੋਜਨਾ ਲਈ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ, ਜਿਨ੍ਹਾਂ ਦੀ ਬਦੌਲਤ ਉਹ ਲੋਕ ਵੀ ਗੁਰੂਧਾਮਾਂ ਦੇ ਦਰਸ਼ਨ ਕਰ ਰਹੇ ਹਨ, ਜਿਨ੍ਹਾਂ ਲਈ ਆਰਥਿਕ ਤੰਗੀ ਜਾਂ ਕਿਸੇ ਹੋਰ ਕਾਰਨ ਇਹ ਸੰਭਵ ਨਹੀਂ ਸੀ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ 187 ਕਰੋੜ ਰੁਪਏ ਦਾ ਬਜਟ ਇਸ ਯੋਜਨਾ ਲਈ ਰੱਖਿਆ ਹੈ ਅਤੇ ਇਸ ਯੋਜਨਾ ਤਹਿਤ ਸ੍ਰੀ ਹਜ਼ੂਰ ਸਾਹਿਬ ਤੋਂ ਇਲਾਵਾ ਕਾਸ਼ੀ, ਮਾਤਾ ਵੈਸ਼ਨੋ ਦੇਵੀ, ਸਾਲਾਸਾਰ ਧਾਮ ਅਤੇ ਅਜਮੇਰ ਸ਼ਰੀਫ ਦਰਗਾਹ ਦੇ ਦਰਸ਼ਨ ਪੰਜਾਬ ਸਰਕਾਰ ਵੱਲੋਂ ਮੁਫ਼ਤ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਲੋਕਾਂ ਨੂੰ ਇਹ ਸਹੂਲਤ ਦਿੱਤੀ ਜਾ ਰਹੀ ਹੈ, ਜਿਸ ਵਿਚ ਸਫਰ ਦੇ ਨਾਲ-ਨਾਲ ਰਸਤੇ ਵਿਚ ਰੋਟੀ-ਪਾਣੀ, ਤੀਰਥ ਸਥਾਨ ‘ਤੇ ਦੋ ਦਿਨ ਦੀ ਮੁਫਤ ਰਿਹਾਇਸ਼ ਅਤੇ ਖਾਣੇ ਦੀ ਸਹੂਲਤ ਅਤੇ ਉਥੇ ਪਹੁੰਚਣ ਮਗਰੋਂ ਤੀਰਥ ਸਥਾਨ ਤੱਕ ਜਾਣ ਲਈ ਬੱਸਾਂ ਆਦਿ ਦਾ ਪ੍ਰਬੰਧ ਵੀ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ। ਇਥੋਂ ਤੱਕ ਕਿ ਸ਼ਰਧਾਲੂਆਂ ਨੂੰ ਸਟੇਸ਼ਨ ਤੱਕ ਛੱਡਣ ਅਤੇ ਵਾਪਸੀ ‘ਤੇ ਘਰਾਂ ਤੱਕ ਪਹੁੰਚਾਉਣ ਦੇ ਵੀ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।
ਇਸ ਮੌਕੇ ਰੇਲਵੇ ਸਟੇਸ਼ਨ ‘ਤੇ ਸੰਗਤਾਂ ਦੀ ਸਹੂਲਤ ਲਈ ਪ੍ਰਸ਼ਾਸਨ ਵੱਲੋਂ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਅਤੇ ਬੈਂਡ-ਵਾਜਿਆਂ ਨਾਲ ਸੰਗਤਾਂ ਦਾ ਸਵਾਗਤ ਕੀਤਾ ਗਿਆ। ਇਸ ਤੋਂ ਇਲਾਵਾ ਇਕ ਹੈਲਪ ਡੈਸਕ ਵੀ ਸਥਾਪਿਤ ਕੀਤਾ ਗਿਆ, ਜਿਥੇ ਡਾਕਟਰੀ ਸਹਾਇਤਾ ਆਦਿ ਦਾ ਵੀ ਪੂਰਾ ਪ੍ਰਬੰਧ ਸੀ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ, ਐਸ. ਡੀ. ਐਮ ਸ੍ਰੀ ਰੋਹਿਤ ਗੁਪਤਾ, ਡੀ. ਟੀ. ਓ ਸ੍ਰੀਮਤੀ ਲਵਜੀਤ ਕਲਸੀ, ਤਹਿਸੀਲਦਾਰ ਸ. ਗੁਰਮੰਦਰ ਸਿੰਘ, ਡੀ. ਐਸ. ਪੀ ਸ. ਭਗਵੰਤ ਸਿੰਘ ਗਿੱਲ, ਡੀ. ਡੀ. ਪੀ. ਓ ਸ. ਹਰਜਿੰਦਰ ਸਿੰਘ ਸਿੱਧੂ, ਚੇਅਰਮੈਨ ਮਾਰਕੀਟ ਕਮੇਟੀ ਜੰਡਿਆਲਾ ਗੁਰੂ ਸ. ਮਨਜੀਤ ਸਿੰਘ ਤਰਸਿੱਕਾ, ਰਾਜੀਵ ਕੁਮਾਰ ਅਤੇ ਹੋਰ ਸ਼ਖਸੀਅਤਾ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply