Wednesday, July 3, 2024

ਜ਼ਿਲ੍ਹੇ ਦੇ 17 ਹਜ਼ਾਰ ਛੋਟੇ ਵਪਾਰੀਆਂ ਨੂੰ ਮਿਲੇਗਾ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦਾ ਲਾਭ

PPN0505201604ਅੰਮ੍ਰਿਤਸਰ, 5 ਮਈ (ਜਗਦੀਪ ਸਿੰਘ ਸੱਗੂ)- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਛੋਟੇ ਵਪਾਰੀਆਂ ਨੂੰ ਲਾਭ ਦੇਣ ਲਈ ਸ਼ੁਰੂ ਕੀਤੀ ਗਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦਾ ਲਾਭ ਜ਼ਿਲ੍ਹੇ ਦੇ 17 ਹਜ਼ਾਰ ਦੇ ਕਰੀਬ ਛੋਟੇ ਵਪਾਰੀਆਂ ਨੂੰ ਮਿਲੇਗਾ। ਇਹ ਪ੍ਰਗਟਾਵਾ ਡੀ ਈ ਟੀ ਸੀ ਸ. ਹਰਿੰਦਰ ਪਾਲ ਸਿੰਘ ਨੇ ਅੱਜ ਜ਼ਿਲ੍ਹੇ ਦੇ ਵਪਾਰਕ ਸੰਗਠਨਾਂ ਦੇ ਪ੍ਰਤੀਨਿਧੀਆਂ ਨਾਲ ਕੀਤੀ ਅਹਿਮ ਮੀਟਿੰਗ ਦੌਰਾਨ ਕੀਤਾ। ਏ. ਈ. ਟੀ. ਸੀ ਸ੍ਰੀ ਜਸਪਿੰਦਰ ਸਿੰਘ ਅਤੇ ਵਪਾਰ ਮੰਡਲ ਮਾਝਾ ਜ਼ੋਨ ਦੇ ਪ੍ਰਧਾਨ ਸ. ਰਜਿੰਦਰ ਸਿੰਘ ਮਰਵਾਹਾ ਦੀ ਹਾਜ਼ਰੀ ਵਿਚ ਹੋਈ ਇਸ ਮੀਟਿੰਗ ਦੌਰਾਨ ਸ. ਹਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪਹਿਲਾਂ ਸ਼ਹਿਰ ਵਿਚ ਵਪਾਰੀਆਂ ਦੇ ਫਾਰਮ ਭਰਨ ਲਈ ਵੱਖ-ਵੱਖ ਥਾਵਾਂ ‘ਤੇ ਕੈਂਪ ਲਗਾਏ ਗਏ ਸਨ। ਉਨ੍ਹਾਂ ਕਿਹਾ ਕਿ ਭਲਕੇ ਤੋਂ ਮਹਿਕਮੇ ਵੱਲੋਂ ਵਪਾਰਕ ਸੰਗਠਨਾਂ ਨਾਲ ਸਾਂਝੇ ਤੌਰ ‘ਤੇ ਵਪਾਰੀਆਂ ਦੇ ਕਾਰਡ ਬਣਾਉਣ ਦੀ ਮੁਹਿੰਮ ਵਿੱਢੀ ਜਾ ਰਹੀ ਹੈ, ਜਿਸ ਤਹਿਤ ਘਰ-ਘਰ ਜਾ ਕੇ ਵਪਾਰੀਆਂ ਤੱਕ ਪਹੁੰਚ ਕੀਤੀ ਜਾਵੇਗੀ ਤਾਂ ਜੋ ਕੋਈ ਵੀ ਲਾਭਪਾਤਰੀ ਇਸ ਦੇ ਲਾਭ ਤੋਂ ਵਾਂਝਾ ਨਾ ਰਹਿ ਸਕੇ। ਉਨ੍ਹਾਂ ਦੱਸਿਆ ਕਿ ਇਸ ਲਈ ਵਿਭਾਗ ਦੇ ਸਾਰੇ ਈ ਟੀ ਓਜ਼ ਅਤੇ ਇੰਸਪੈਕਟਰਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ।
ਸ. ਹਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਆਬਕਾਰੀ ਤੇ ਕਰ ਵਿਭਾਗ ਨਾਲ ਜੁੜੇ ਲਗਭਗ 2.50 ਲੱਖ ਛੋਟੇ ਵਪਾਰੀਆਂ ਨੂੰ ਲਾਭ ਦਿੱਤਾ ਜਾਵੇਗਾ ਜਿਨ੍ਹਾਂ ਦੀ ਸਾਲਾਨਾ ਸੇਲ ਇਕ ਕਰੋੜ ਰੁਪਏ ਤੋਂ ਘੱਟ ਹੈ।ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਕੈਸ਼ ਲੈਸ ਬੀਮਾ ਸਿਹਤ ਕਵਰ 50 ਹਜ਼ਾਰ ਰੁਪਏ ਹੈ ਜਦਕਿ ਕਿ ਨਿੱਜੀ ਦੁਰਘਟਨਾ ਵਿੱਚ ਮੌਤ ਅਤੇ ਅਪੰਗਤਾ ਦੀ ਸਥਿਤੀ ਵਿੱਚ ਬੀਮਾ ਕਵਰ 5 ਲੱਖ ਰੁਪਏ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਅੱਗ ਲੱਗਣ ਕਾਰਨ ਹੋਏ ਨੁਕਸਾਨ ਲਈ ਬੀਮਾ ਕਵਰ 5 ਲੱਖ ਰੁਪਏ ਹੈ। ਉਨ੍ਹਾਂ ਕਿਹਾ ਕਿ ਕੈਸ਼ ਲੈਸ ਇਲਾਜ ਕਰਵਾਉਣ ਲਈ ਜ਼ਿਲ੍ਹੇ ਦੇ 38 ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੀ ਸੂਚੀ ਸਰਕਾਰ ਵੱਲੋਂ ਜਾਰੀ ਕਰ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਕੇਵਲ 30 ਰੁਪਏ ਵਿਚ ਵਪਾਰੀ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ ਅਤੇ ਉਨ੍ਹਾਂ ਨੂੰ ਕੇਵਲ ਆਧਾਰ, ਰਾਸ਼ਨ ਕਾਰਡ ਅਤੇ ਆਰ. ਸੀ ਦੀ ਕਾਪੀ ਜਮ੍ਹਾਂ ਕਰਵਾਉਣ ਦੀ ਲੋੜ ਹੈ। ਉਨ੍ਹਾਂ ਛੋਟੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਉਣ। ਇਸ ਮੌਕੇ ਵਪਾਰਕ ਸੰਗਠਨਾਂ ਦੇ ਪ੍ਰਤੀਨਿਧਾਂ ਨੇ ਇਸ ਯੋਜਨਾ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਲਈ ਆਪਣੇ ਸੁਝਾਅ ਵੀ ਦਿੱਤੇ। ਇਸ ਮੌਕੇ ਸ੍ਰੀ ਗਿੰਨੀ ਭਾਟੀਆ, ਸ੍ਰੀ ਸੰਦੀਪ ਖੋਸਲਾ, ਸ੍ਰੀ ਰਾਜੇਸ਼ ਅਰੋੜਾ, ਸ. ਵਿਕਰਮਜੀਤ ਸਿੰਘ ਬੱਗਾ, ਸ. ਹਰਪਾਲ ਸਿੰਘ ਵਾਲੀਆ ਮੈਂਬਰ ਆਬਕਾਰੀ ਤੇ ਕਰ ਸਲਾਹਕਾਰ ਕਮੇਟੀ, ਸ. ਤਰਲੋਚਨ ਸਿੰਘ ਢੀਂਗਰਾ, ਸ੍ਰੀ ਹਰਜਿੰਦਰ ਸਿੰਘ ਦੂਆ, ਸ੍ਰੀ ਨਰਿੰਦਰ ਲਾਂਭਾ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply