Wednesday, July 3, 2024

ਕਿਸਾਨ ਖੇਤੀ ਦੇ ਨਾਲ ਸਹਾਇਕ ਧੰਦੇ ਜ਼ਰੂਰ ਅਪਨਾਉਣ – ਰਣੀਕੇ

PPN0905201604ਅੰਮ੍ਰਿਤਸਰ, 8 ਮਈ (ਜਗਦੀਪ ਸਿੰਘ ਸੱਗੂ)- ਪਸ਼ੂ ਪਾਲਣ ਵਿਭਾਗ ਵੱਲੋਂ ਸਰਹੱਦੀ ਇਲਾਕੇ ਦੇ ਕਿਸਾਨਾਂ ਨੂੰ ਘੱਟ ਪੈਸੇ ਲਗਾ ਕੇ ਵੱਧ ਕਮਾਈ ਕਰਨ ਲਈ ਉਤਸ਼ਾਹਿਤ ਕਰਨ ਦੇ ਮਨੋਰਥ ਨਾਲ ਸੂਰ ਪਾਲਣ ਵਿਸ਼ੇ ‘ਤੇ ਇਕ ਵਿਸ਼ੇਸ ਸੈਮੀਨਾਰ ਵੇਰਕਾ ਵਿਖੇ ਕਰਵਾਇਆ ਗਿਆ, ਜਿਸ ਵਿਚ ਕਿੱਤਾ ਮਾਹਿਰਾਂ ਦੇ ਨਾਲ-ਨਾਲ ਸੂਰ ਪਾਲ ਰਹੇ ਕਿਸਾਨਾਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ। ਇਸ ਕੈਂਪ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਸ਼ੁਰੂ ਕਰਨ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਘੱਟ ਰਹੀਆਂ ਖੇਤੀ ਜੋਤਾਂ ਅਤੇ ਵੱਧ ਰਹੇ ਘਰਾਂ ਦੇ ਖਰਚੇ ਪੂਰੇ ਕਰਨ ਲਈ ਜ਼ਰੂਰੀ ਹੈ ਕਿ ਕਿਸਾਨ ਝੋਨੇ-ਕਣਕ ‘ਤੇ ਨਿਰਭਰ ਨਾ ਰਹਿਣ ਬਲਕਿ ਪਸ਼ੂ ਪਾਲਣ ਵਰਗੇ ਸਹਾਇਕ ਧੰਦੇ ਅਪਨਾਉਣ ਤਾਂ ਜੋ ਰੋਜ਼ਮਰਾ ਦੀਆਂ ਜ਼ਰੂਰਤਾਂ ਲਈ ਆੜਤੀਆਂ ਜਾਂ ਸ਼ਾਹੂਕਾਰਾਂ ‘ਤੇ ਨਿਰਭਰ ਨਾ ਹੋਣਾ ਪਵੇ। ਸ. ਰਣੀਕੇ ਨੇ ਦੱਸਿਆ ਕਿ ਕਿਸਾਨ ਬਹੁਤ ਥੋੜ੍ਹੇ ਖਰਚ ਨਾਲ ਸੂਰ ਪਾਲਣ ਦਾ ਧੰਦਾ ਸ਼ੁਰੂ ਕਰਕੇ ਚੰਗੀ ਕਮਾਈ ਕਰ ਸਕਦੇ ਹਨ। ਉਨਾਂ ਦੱਸਿਆ ਕਿ ਸਰਕਾਰ ਵੱਲੋਂ ਇਸ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਕਈ ਸਕੀਮਾਂ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
ਇਸ ਮੌਕੇ ਸੰਬੋਧਨ ਕਰਦੇ ਡਾ. ਪਵਨ ਮਲਹੋਤਰਾ ਡਿਪਟੀ ਡਾਇਰੈਕਟਰ ਪਸ਼ੁੂ ਪਾਲਣ ਨੇ ਕਿਸਾਨਾਂ ਨੂੰ ਦੱਸਿਆ ਕਿ ਜੇਕਰ ਇਸ ਧੰਦੇ ਨੂੰ ਮਾਹਿਰਾਂ ਦੀ ਸਲਾਹ ਨਾਲ ਆਧੁੁਨਿਕ ਢੰਗ ਨਾਲ ਸ਼ੁਰੂ ਕੀਤਾ ਜਾਵੇ ਤਾਂ ਚੰਗੀ ਕਮਾਈ ਕੀਤੀ ਜਾ ਸਕਦੀ ਹੈ। ਸੈਮੀਨਾਲ ਵਿਚ ਭਾਗ ਲੈਣ ਆਏ ਸੂਰ ਪਾਲਕ ਸ. ਸਿਮਰਨਜੀਤ ਸਿੰਘ ਪਿੰਡ ਲਿੱਧੜ, ਗੁਰਮੀਤ ਸਿੰਘ ਪਿੰਡ ਬਾਠ ਅਤੇ ਦਲਜੀਤ ਸਿੰਘ ਪਿੰਡ ਰਾਜਾਸਾਂਸੀ ਨੇ ਇਸ ਧੰਦੇ ਬਾਰੇ ਆਪਣੇ ਵਿਚਾਰ ਕਿਸਾਨਾਂ ਨਾਲ ਸਾਂਝੇ ਕੀਤੇ ਅਤੇ ਦੱਸਿਆ ਕਿ ਕਿਵੇਂ ਉਹ ਘੱਟ ਰਕਮ ਲਗਾ ਕੇ ਵਧੀਆ ਮੁਨਾਫਾ ਕਮਾ ਰਹੇ ਹਨ।
ਪ੍ਰੋਗਰਾਮ ਵਿਚ ਸਟੇਟ ਨੋਡਲ ਅਫਸਰ ਡਾ. ਪਰਵਿੰਦਰ ਕੌਰ ਅਤੇ ਕਿੱਤਾ ਮਾਹਿਰ ਡਾ. ਸਾਕੇਤ ਗੁਰਦਾਸਪੁਰ ਨੇ ਭਾਗ ਲੈਣ ਪਹੁੰਚੇ ਕਰੀਬ ਸੌ ਦੇ ਕਰੀਬ ਸੂਰ ਪਾਲਕਾਂ ਅਤੇ ਇਸ ਧੰਦੇ ਵਿਚ ਰੁਚੀ ਰੱਖਣ ਵਾਲੇ ਕਿਸਾਨਾਂ ਨੂੰ ਸੂਰਾਂ ਦੀਆਂ ਨਸਲਾਂ ਦੀ ਚੋਣ, ਵਧੀਆ ਸ਼ੈਡ ਬਨਾਉਣ ਦੇ ਢੰਗ, ਸੰਤੁਲਿਤ ਖੁਰਾਕ ਅਤੇ ਟੀਕਾਕਰਨ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਮਾਹਿਰਾਂ ਨੇ ਇਸ ਮੌਕੇ ਸੂਰ ਪਾਲਕਾਂ ਨੂੰ ਉਨਾਂ ਦੀਆਂ ਸਮੱਸਿਆਵਾਂ ਦੇ ਹੱਲ ਵੀ ਦੱਸੇ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply