Wednesday, July 3, 2024

ਹੁਣ ਹੱਥੋ ਹੱਥ ਲੱਗਣਗੀਆਂ ਬੁਢਾਪਾ ਤੇ ਹੋਰ ਪੈਨਸ਼ਨਾਂ – ਸੁਰਜੀਤ ਕੁਮਾਰ ਜਿਆਣੀ

PPN0905201605ਫਾਜ਼ਿਲਕਾ, 9 ਮਈ (ਵਨੀਤ ਅਰੋੜਾ)- ਪੰਜਾਬ ਸਰਕਾਰ ਬੁਢਾਪਾ, ਵਿਧਵਾ, ਆਸ਼ਰਿਤ ਬੱਚੇ ਅਤੇ ਅੰਗਹੀਣਾਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਨੂੰ ਮੰਜੂਰ ਕਰਨ ਦੀ ਪ੍ਰਕ੍ਰਿਆ ਨੂੰ ਹੋਰ ਸੁਖਾਲਾ ਕਰਦਿਆਂ ਆਰਜੀ ਅਤੇ ਫੌਰੀ ਤੌਰ ਤੇ ਇਹ ਪੈਨਸ਼ਨ ਮੰਜੂਰ ਕਰਨ ਦੇ ਅਧਿਕਾਰ ਉਪ ਮੰਡਲ ਮੈਜਿਸਟ੍ਰੇਟਾਂ ਨੂੰ ਦੇ ਦਿੱਤੇ ਗਏ ਹਨ।ਇਸ ਤਰਾਂ ਕਰਨ ਨਾਲ ਹੁਣ ਨਵੀਂਆਂ ਪੈਨਸ਼ਨਾਂ ਹੱਥੋ ਹੱਥ ਲੱਗ ਸਕਣਗੀਆਂ ਅਤੇ ਲੋੜਵੰਦ ਲੋਕਾਂ ਨੂੰ ਪੈਨਸ਼ਨ ਲੱਗਣ ਦਾ ਇੰਤਜਾਰ ਨਹੀਂ ਕਰਨਾ ਪਵੇਗਾ। ਉੱਥੇ ਹੀ ਹੁਣ ਸਰਕਾਰ ਨੇ ਪੈਨਸ਼ਨ ਲਗਾਉਣ ਲਈ ਅਰਜੀ ਦੇਣ ਦੀ ਪ੍ਰਕਿਰਿਆ ਨੂੰ ਹੋਰ ਸੁਖਾਲਾ ਕਰ ਦਿੱਤਾ ਹੈ। ਇਹ ਜਾਣਕਾਰੀ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ, ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਦਿੱਤੀ।
ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਦੱਸਿਆ ਕਿ ਨਵੀਂ ਬੁਢਾਪਾ ਪੈਨਸ਼ਨ ਲਗਵਾਉਣ ਲਈ ਹੁਣ ਪਰ ਪ੍ਰਕਾਰ ਤੋਂ ਮੁਕੰਮਲ ਅਰਜੀ ਫਾਰਮ ਐਸ.ਡੀ.ਐਮ. ਦਫ਼ਤਰ ਵਿਚ ਜਮਾਂ ਹੋਣਗੇ। ਐਸ.ਡੀ.ਐਮ. ਵੱਲੋਂ ਤਿੰਨ ਦਿਨ ਵਿਚ ਆਰਜੀ ਤੌਰ ਤੇ ਪ੍ਰੋਵਿਜਨਲ ਪੈਨਸ਼ਨ ਮੰਜੂਰ ਕਰ ਦਿੱਤੀ ਜਾਵੇਗੀ। ਜੇਕਰ ਅਰਜੀ ਫਾਰਮ 1 ਤੋਂ 20 ਤਾਰੀਖ ਤੱਕ ਜਮਾਂ ਹੁੰਦਾ ਹੈ ਤਾਂ ਲਾਭਪਾਤਰੀ ਨੂੰ ਉਸੇ ਮਹੀਨੇ ਪੈਨਸ਼ਨ ਮਿਲ ਜਾਵੇਗੀ ਅਤੇ ਜੇਕਰ ਫਾਰਮ ਕਿਸੇ ਮਹੀਨੇ ਦੀ 20 ਤਾਰੀਖ ਤੋਂ ਬਾਅਦ ਜਮਾਂ ਹੁੰਦੇ ਹਨ ਤਾਂ ਪੈਨਸ਼ਨ ਅਗਲੇ ਮਹੀਨੇ ਤੋਂ ਲਾਗੂ ਹੋਵੇਗੀ।
ਆਰਜੀ ਪੈਨਸ਼ਨ ਮੰਜੂਰ ਕਰਨ ਤੋਂ ਬਾਅਦ ਇਹ ਸਾਰੀਆਂ ਅਰਜੀਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੂੰ ਭੇਜ ਦਿੱਤੀਆਂ ਜਾਣਗੀਆਂ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ 1 ਮਹੀਨੇ ਵਿਚ ਇੰਨ੍ਹਾਂ ਅਰਜੀਆਂ ਦੀ ਪੜਤਾਲ ਮੁਕੰਮਲ ਕਰਵਾਉਣਗੇ। ਜੇਕਰ ਪੜਤਾਲ ਦੌਰਾਨ ਅਰਜੀ ਯੋਗ ਪਾਈ ਜਾਂਦੀ ਹੈ ਤਾਂ ਪੈਨਸ਼ਨ ਪੱਕੀ ਕਰ ਦਿੱਤੀ ਜਾਵੇਗੀ ਅਤੇ ਜੇਕਰ ਪੜਤਾਲ ਦੌਰਾਨ ਕੋਈ ਅਰਜੀ ਅਯੋਗ ਪਾਈ ਜਾਂਦੀ ਹੈ ਤਾਂ ਸਬੰਧਤ ਸਿਫਾਰਸ਼ਕਰਤਾ/ਤਸਦੀਕਕਰਤਾ ਤੋਂ ਲਾਭਪਾਤਰੀ ਵੱਲੋਂ ਵਸੂਲ ਕੀਤੀ ਰਕਮ ਤੋਂ ਦੁੱਗਣੀ ਰਕਮ ਵਸੂਲ ਕੀਤੀ ਜਾਵੇਗੀ। ਇਹ ਵਸੂਲੀ ਭੋਂ ਮਾਲੀਆ ਏਰੀਅਰ ਵਜੋਂ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਦੇ ਨਿਯਮਾਂ ਅਧੀਨ ਅਰਜੀਫਾਰਮਾ ਨੂੰ ਤਸਦੀਕ ਕਰਨ ਦੀ ਪ੍ਰਕਿਰਿਆ ਨੂੰ ਵੀ ਸੌਖਾ ਕੀਤਾ ਗਿਆ ਹੈ ਹੁਣ ਇਹ ਅਰਜੀ ਫਾਰਮ ਸਰਪੰਚ ਅਤੇ ਇਕ ਮੈਂਬਰ ਪੰਚਾਇਤ ਵੱਲੋਂ ਜਾਂ ਇਕ ਨੰਬਰਦਾਰ ਅਤੇ ਇਕ ਮੈਂਬਰ ਪੰਚਾਇਤ ਵੱਲੋਂ ਜਾਂ ਦੋ ਮੈਂਬਰ ਪੰਚਾਇਤ ਵੱਲੋਂ ਜਾਂ ਚੇਅਰਪਰਸਨ/ਮੈਂਬਰ ਬਲਾਕ ਸਮੰਤੀ ਅਤੇ ਇਕ ਮੈਂਬਰ ਪੰਚਾਇਤ ਵੱਲੋਂ ਜਾਂ ਚੇਅਰਪਰਸਨ/ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਇਕ ਮੈਂਬਰ ਪੰਚਾਇਤ ਤੋਂ ਤਸਦੀਕ ਕਰਵਾਏ ਜਾ ਸਕਦੇ ਹਨ। ਸ਼ਹਿਰੀ ਖੇਤਰ ਵਿਚ ਨਗਰ ਕੋਂਸਲਾਂ ਦੇ ਐਮ.ਸੀ. ਅਰਜੀਫਾਰਮ ਤਸਦੀਕ ਕਰਨ ਲਈ ਅਧਿਕਾਰਤ ਹਨ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਪੈਨਸ਼ਨ ਦੀ ਰਕਮ ਵੀ ਪ੍ਰਤੀ ਮਹੀਨਾ 250 ਤੋਂ ਵਧਾ ਕੇ 500 ਰੁਪਏ ਕਰ ਦਿੱਤੀ ਗਈ ਹੈ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ: ਨਰਿੰਦਰਜੀਤ ਸਿੰਘ ਪਨੂੰ ਵੀ ਹਾਜਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply