Friday, July 5, 2024

ਕੁਮਾਰ ਵਿਸ਼ਵਾਸ ਨਸ਼ਿਆਂ ਦੇ ਨਾਂ ਤੇ ਪੰਜਾਬ ਨੂੰ ਬਦਨਾਮ ਕਰਨ ਤੋਂ ਪਹਿਲਾ ਦਿੱਲੀ ਬਾਰੇ ਸੋਚਣ- ਪਰਮਿੰਦਰਪਾਲ ਸਿੰਘ

Parminder Pal Singh

ਨਵੀਂ ਦਿੱਲੀ, 12 ਮਈ (ਅੰਮ੍ਰਿਤ ਲਾਲ ਮੰਨਣ)- ਆਮ ਆਦਮੀ ਪਾਰਟੀ ਦੇ ਆਗੂ ਕੁਮਾਰ ਵਿਸ਼ਵਾਸ ਵੱਲੋਂ ਪੰਜਾਬ ਵਿੱਚ ਨਸ਼ਿਆਂ ਬਾਰੇ ਕੱਢੇ ਗਏ ਗੀਤ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਨੇ ਆਮ ਆਦਮੀ ਪਾਰਟੀ ਦੀ ਸਿੱਖ ਵਿਰੋਧੀ ਮਾਨਸਿਕਤਾ ਨਾਲ ਜੋੜਿਆ ਹੈ।ਦਲ ਦੇ ਬੁਲਾਰੇ ਪਰਮਿੰਦਰਪਾਲ ਸਿੰਘ ਨੇ ਵਿਸ਼ਵਾਸ ਨੂੰ ਪੰਜਾਬ ਦੇ ਨਸ਼ਿਆਂ ਦੀ ਗੱਲ ਕਰਨ ਤੋਂ ਪਹਿਲਾਂ ਦਿੱਲੀ ਵਿਖੇ ਖੁਲੇ ਆਮ ਵਿੱਕ ਰਹੇ ਗੁੱਟਕਾ, ਗਾਂਜਾ, ਸੁਲਫ਼ਾ, ਭੁੱਕੀ, ਅਫੀਮ ਸਣੇ ਸਾਰੇ ਨਸ਼ਿਆਂ ਦੇ ਨਾਲ ਦਿੱਲੀ ਐਨ.ਸੀ.ਆਰ ਵਿਚ ਰੋਜ਼ਾਨਾ ਹੋਟਲਾਂ, ਕੋਠੀਆਂ ਅਤੇ ਫਾਰਮ ਹਾਉਸਾਂ ਵਿਚ ਹੋ ਰਹੀਆਂ ਰੇਵ ਪਾਰਟੀਆਂ ਬਾਰੇ ਵੀ ਗੀਤ ਲਿੱਖਣ ਦੀ ਸਲਾਹ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਵਿਚ ਬੇਸ਼ਕ ਅੱਖਾਂ ਵਿਚ ਘੱਟਾ ਪਾਉਣ ਵਾਸਤੇ ਗੁੱਟਕੇ ਦੀ ਵਿਕਰੀ ਤੇ ਸਰਕਾਰੀ ਰੋਕ ਲੱਗੀ ਹੋਈ ਹੈ ਪਰ ਪੂਰੀ ਦਿੱਲੀ ਵਿਚ ਗੁੱਟਕਾ ਤੇ ਬਾਕੀ ਨਸ਼ੇ ਦਾ ਸਮਾਨ ਖੁਲੇਆਮ ਵਿੱਕਣ ਦਾ ਅਕਸਰ ਨਸ਼ੇੜਿਆਂ ਵੱਲੋਂ ਦਾਅਵਾ ਕੀਤਾ ਜਾਉਂਦਾ ਹੈ।ਦਿੱਲੀ ਦੇ ਨਸ਼ੇ ਨੂੰ ਨਜ਼ਰਅੰਦਾਜ਼ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕਰਨ ਦੀ ਮੁਹਿੰਮ ਚਲਾਉਣ ਦਾ ਵੀ ਉਨ੍ਹਾਂ ਨੇ ਆਪ ਪਾਰਟੀ ਤੇ ਦੋਸ਼ ਲਗਾਇਆ। ਜਾਰੀ ਹੋਏ ਗੀਤ ਦੀ ਵੀਡੀਓ ਦੀ ਗੱਲ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਕੁਮਾਰ ਵਿਸ਼ਵਾਸ ਨੇ ਇੱਕ ਸਾਬਤ ਸੂਰਤ ਸਿੱਖ ਨੌਜਵਾਨ ਕਿਸਾਨ ਨੂੰ ਨਸ਼ਾ ਕਰਦਾ ਹੋਇਆ ਵਿਖਾ ਕੇ ਨੌਜਵਾਨ ਪੰਜਾਬੀਆਂ ਦੀ ਭਵਿੱਖ ਦੀ ਤਰੱਕੀ ਦੀ ਰਾਹ ਵਿਚ ਕੰਢੇ ਬੀਜ ਦਿੱਤੇ ਹਨ।ਕਿਉਂਕਿ ਸਿੱਖ ਵਿਰੋਧੀ ਟੋਲੇ ਦੇ ਇਸ ਅਖੌਤੀ ਗੀਤ ਤੋਂ ਬਾਅਦ ਪੰਜਾਬ ਦੇ ਨੌਜਵਾਨਾਂ ਨੂੰ ਫੌਜ ਦੀ ਭਰਤੀ ਅਤੇ ਹੋਰ ਨੌਕਰੀਆਂ ਪ੍ਰਾਪਤ ਕਰਨ ਲਈ ਜਾਣ ਤੇ ਹੁਣ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਵੇਗਾ।ਜਦਕਿ ਆਲ ਇੰਡੀਆ ਇੰਸਟੀਚਿਊਟ ਆੱਫ ਮੈਡੀਕਲ ਸਾਇੰਸ ਦੀ ਹਾਲਿਆ ਰਿਪੋਰਟ ਵਿਚ ਪੰਜਾਬ ਦੀ 2.77 ਕਰੋੜ ਆਬਾਦੀ ਵਿਚੋਂ ਨਸ਼ੇੜੀਆਂ ਦੀ ਤਾਦਾਦ 0.66 ਫੀਸਦੀ ਹੋਣ ਦਾ ਖੁਲਾਸਾ ਸਾਹਮਣੇ ਆਇਆ ਹੈ ਜਿਸਦਾ ਮਤਲਬ ਹੈ ਕਿ ਪੰਜਾਬ ਵਿਚ ਕੁਲ ਮਿਲਾਕੇ 16 ਹਜਾਰ ਨਸ਼ੇੜੀ ਹਨ।
ਉਨਾਂ੍ਹ ਨੇ ਕੇਜਰੀਵਾਲ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਦਿੱਲੀ ਵਿਖੇ ਜਨਾਨੀਆਂ ਲਈ ਵੱਖਰਾ ਸ਼ਰਾਬ ਦਾ ਠੇਕਾ ਮਯੂਰ ਵਿਹਾਰ ਵਿਖੇ, ਦਿੱਲੀ ਦੇ ਹਰ ਮਾਲ ਵਿਚ ਤਿੰਨ ਸ਼ਰਾਬ ਦੇ ਠੇਕੇ ਖੋਲਣ ਦੇ ਨਾਲ ਹੀ ਰਿਹਾਇਸ਼ੀ ਕਲੋਨੀਆਂ ਵਿਚ ਲਗਭਗ 500 ਨਵੇਂ ਠੇਕੇ ਖੁਲਣ ਦਾ ਖੁਲਾਸਾ ਕਰਦੇ ਹੋਏ ਨਵੇਂ ਲਗਭਗ 250 ਰੈਸਟੋਰੈਂਟ ਨੂੰ ਬਾਰ ਦਾ ਲਾਇਸੰਸ ਮਿਲਣ ਦਾ ਵੀ ਦਾਅਵਾ ਕੀਤਾ।ਉਨ੍ਹਾਂ ਸਵਾਲ ਕੀਤਾ ਕਿ ਦਿੱਲੀ ਵਿਖੇ ਸ਼ਰਾਬ ਦੀਆਂ ਨਦੀਆਂ ਵਹਾਉਣ ਵਾਲੇ ਕੀ ਪੰਜਾਬ ਦੇ ਨਸ਼ੇ ਬਾਰੇ ਗੱਲ ਕਰਨ ਦਾ ਹੱਕ ਰਖਦੇ ਹਨ ?
ਉਨ੍ਹਾਂ ਕਿਹਾ ਕਿ ਪੰਜਾਬ ਅੱਜ ਵੀ ਕਣਕ, ਚਾਵਲ, ਮਸ਼ਰੂਮ, ਧਾਗਾ, ਹੌਜ਼ਰੀ, ਟ੍ਰੈਕਟਰ ਤੇ ਕਾਰਬਾਈਨ ਹਾਰਵੇਸਟਰ ਦੇ ਉਤਪਾਦਨ ਵਿਚ ਨੰਬਰ 1 ਹੋਣ ਦੇ ਨਾਲ ਹੀ ਪੂਰੇ ਦੇਸ਼ ਦੀ 80 ਫੀਸਦੀ ਸਾਇਕਲ ਬਣਾਉਂਦਾ ਹੈ। ਬੀਤੇ ਦਿਨੀਂ ਫੌਜ ਦੀ ਪੰਜਾਬ ਵਿਚ ਹੋਈ ਭਰਤੀ ਵਿਚ ਹਿੱਸਾ ਲੈਣ ਆਏ 10 ਹਜਾਰ ਤੋਂ ਵੱਧ ਨੌਜਵਾਨਾਂ ਦੇ ਹੋਏ ਡੋਪ ਟੈਸਟ ਵਿਚ ਪੰਜਾਬ ਦਾ ਇੱਕ ਵੀ ਨੌਜਵਾਨ ਦਾ ਨਸ਼ੇ ਦੇ ਸੈਂਪਲ ਦਾ ਪਾਜੀਟਿਵ ਨਾ ਆਉਣਾ ਵੀ ਪੰਜਾਬ ਦੀ ਕਾਇਮ ਜਵਾਨੀ ਨੂੰ ਦਿਖਾਉਂਦਾ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ 1980 ਵਿਚ ਪੰਜਾਬ ਨੂੰ ਬਦਨਾਮ ਕਰਨ ਦੀ ਚਲਾਈ ਗਈ ਮੁਹਿੰਮ ਤੇ ਆਪ ਪਾਰਟੀ ਹੁਣ ਕਦਮ ਤਾਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਪੰਜਾਬ ਦੀ ਜਨਤਾ ਇਨ੍ਹਾਂ ਪੰਜਾਬ ਵਿਰੋਧੀ ਤਾਕਤਾਂ ਨੂੰ 2017 ਵਿਚ ਮੂੰਹ ਤੋੜ ਜਵਾਬ ਦੇਵੇਗੀ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply