Friday, July 5, 2024

ਅਗਲੇ 20 ਸਮਾਰਟ ਸ਼ਹਿਰਾਂ ਵਿੱਚ ਆਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ- ਸੋਨਾਲੀ ਗਿਰੀ

PPN0806201614
PPN0806201615

ਅੰਮ੍ਰਿਤਸਰ, 8 ਜੂਨ (ਜਗਦੀਪ ਸਿੰਘ ਸੱਗੂ) – ਸਮਾਰਟ ਸਿਟੀ ਦੇ ਦੂਸਰੇ ਪੜਾਅ ਦੀ ਦੌੜ ਵਿੱਚ ਬਾਜ਼ੀ ਮਾਰਨ ਲਈ ਨਗਰ ਨਿਗਮ ਨੇ ਅੱਡੀ-ਚੋਟੀ ਦਾ ਜ਼ੋਰ ਲਗਾ ਦਿੱਤਾ ਹੈ, ਜਿਸ ਤਹਿਤ ਅੱਜ ਪਹਿਲੀ ਵਾਰ ਸ਼ਹਿਰ ਵਾਸੀਆਂ ਨੂੰ ਇਕ ਮੰਚ ‘ਤੇ ਲਿਆ ਕੇ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਬਣਾਉਣ ਲਈ ਉਨ੍ਹਾਂ ਦੇ ਵੱਡਮੁੱਲੇ ਸੁਝਾਅ ਲਏ ਗਏ। ਨਗਰ ਨਿਗਮ ਦੇ ਕਮਿਸ਼ਨਰ ਮੈਡਮ ਸੋਨਾਲੀ ਗਿਰੀ ਅਤੇ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਦੀ ਅਗਵਾਈ ਹੇਠ ਸਥਾਨਕ ਗੁਰੂ ਨਾਨਕ ਭਵਨ ਵਿਖੇ ਕੀਤੀ ਗਈ ਵਿਸ਼ਾਲ ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਗੈਰ-ਸਰਕਾਰੀ ਸੰਗਠਨਾਂ, ਮਾਰਕੀਟ ਤੇ ਸ਼ਾਪਕੀਪਰ ਐਸੋਸੀਏਸ਼ਨਾਂ, ਮੁਹੱਲਾ ਸੁਧਾਰ ਕਮੇਟੀਆਂ, ਪਾਰਕ ਵੈਲਫੇਅਰ ਐਸੋਸੀਏਸ਼ਨਾਂ, ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਸ਼ਹਿਰ ਵਾਸੀਆਂ ਨੇ ਭਰਵੀਂ ਸ਼ਮੂਲੀਅਤ ਕਰਕੇ ਆਪਣੇ ਵਿਚਾਰ ਪੇਸ਼ ਕੀਤੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਨਗਰ ਨਿਗਮ ਦੇ ਕਮਿਸ਼ਨਰ ਮੈਡਮ ਸੋਨਾਲੀ ਗਿਰੀ ਨੇ ਕਿਹਾ ਕਿ ਸਮਾਰਟ ਸਿਟੀ ਦੇ ਪਹਿਲੇ ਪੜਾਅ ਵਿਚ ਅੰਮ੍ਰਿਤਸਰ ਕਿਸੇ ਕਾਰਨ ਇਕ ਅੰਕ ਤੋਂ ਵੀ ਘੱਟ ਦੇ ਫਰਕ ਨਾਲ ਪਹਿਲੇ 20 ਸਮਾਰਟ ਸ਼ਹਿਰਾਂ ਵਿਚ ਆਉਣ ਤੋਂ ਖੁੰਝ ਗਿਆ ਸੀ ਅਤੇ ਇਸ ਨੂੰ ਸੂਚੀ ਵਿਚ 25ਵਾਂ ਸਥਾਨ ਹਾਸਲ ਹੋਇਆ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਨਗਰ ਨਿਗਮ ਨੇ ਅਗਲੇ 20 ਸਮਾਰਟ ਸ਼ਹਿਰਾਂ ਵਿਚ ਆਉਣ ਦਾ ਤਹੱਈਆ ਕੀਤਾ ਹੋਇਆ ਹੈ ਅਤੇ ਇਸ ਦੇ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਸ਼ਹਿਰ ਵਾਸੀਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਭੇਜੇ ਪ੍ਰਸਤਾਵ ਵਿਚ ਕੁਝ ਖਾਮੀਆਂ ਰਹਿ ਗਈਆਂ ਹਨ, ਜਿਨ੍ਹਾਂ ਨੂੰ ਦੂਰ ਕਰਨ ਲਈ ਜਨਤਾ ਦੀ ਰਾਏ ਲੈ ਕੇ ਨਵਾਂ ਪ੍ਰਸਤਾਵ ਭੇਜਿਆ ਜਾ ਰਿਹਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੱਧ ਤੋਂ ਵੱਧ ਸੁਝਾਅ ਦੇ ਕੇ ਇਸ ਮਿਸ਼ਨ ਨੂੰ ਸਫਲ ਬਣਾਉਣ। ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀ ਆਪਣੇ ਸੁਝਾਅ ਵੈੱਬਸਾਈਟ ‘ਤੇ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਲਈ ਇੰਟਰਨੈਟ ਅਤੇ ਮੋਬਾਈਲ ਫੋਨ ਵਰਤਣ ਵਾਲਾ ਹਰ ਵਿਅਕਤੀ ਫੇਸ ਬੁੱਕ ਅਕਾਊਂਟ ‘ਤੇ ਜਾ ਕੇ ਸਾਡਾ ਪੇਜ ਸ਼ਮੳਰਟ ਛਟਿੇ ਅਮਰਟਿਸੳਰ (ਸਮਾਰਟ ਸਿਟੀ ਅੰਮ੍ਰਿਤਸਰ) ਲਾਈਕ, ਸ਼ੇਅਰ, ਕੁਮੈਂਟ ਜਾਂ ਸੁਝਾਅ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵੈੱਬਸਾਈਟ ਮੇਗੋਵ (ਮਾਈਗੌਵ) ‘ਤੇ ਕੇਵਲ ਅਮਰਟਿਸੳਰ ਲਿਖ ਕੇ ਅਤੇ ਵਾਟਸਐਪ ਨੰਬਰ 80549-55463 ‘ਤੇ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਵਿਚ ਸਾਡਾ ਸਾਥ ਦੇ ਸਕਦਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ਵੀ ਵਰਤੋਂ ਕਰਕੇ ਇਸ ਦੂਸਰੇ ਪੜਾਅ ਵਿੱਚ ਆਪਣੇ ਸ਼ਹਿਰ ਨੂੰ ਸ਼ਾਮਿਲ ਕਰਵਾਉਣ ਲਈ ਸਹਿਯੋਗ ਦੇਣ।
ਇਸ ਮੌਕੇ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਨੇ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਦੂਜੇ ਪੜਾਅ ਵਿਚ ਸ਼ਹਿਰ ਨੂੰ ਸਮਾਰਟ ਸਿਟੀ ਦੀ ਸੂਚੀ ਵਿਚ ਸ਼ਾਮਿਲ ਕਰਵਾਉਣ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ, ਪਰ ਲੋਕਾਂ ਦੇ ਸਾਥ ਬਿਨਾਂ ਇਹ ਅਸੰਭਵ ਹੈ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਵੀ ਅਸੀਂ ਬਹੁਤ ਮਿਹਨਤ ਨਾਲ ਕੰਮ ਕੀਤਾ ਸੀ, ਪਰੰਤੂ ਪ੍ਰਸਤਾਵ ਵਿਚ ਕੁਝ ਕਮੀਆਂ ਰਹਿ ਜਾਣ ਕਾਰਨ ਅਸੀਂ ਬਹੁਤ ਹੀ ਥੋੜ੍ਹੇ ਫਰਕ ਨਾਲ ਪਛੜ ਗਏ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਕਮੀਆਂ ਤੋਂ ਸਿੱਖ ਕੇ ਸੁਧਾਰ ਲਿਆਉਣ ਦਾ ਪੂਰਾ ਯਤਨ ਕੀਤਾ ਹੈ ਅਤੇ ਇਸ ਵੀ ਕਾਮਯਾਬੀ ਵੀ ਜ਼ਰੂਰ ਮਿਲੇਗੀ। ਉਨ੍ਹਾਂ ਕਿਹਾ ਕਿ ਵਿਕਾਸ ਪ੍ਰਾਜੈਕਟਾਂ ਕਾਰਨ ਕੱਟੇ ਗਏ ਰੁੱਖਾਂ ਦੀ ਭਰਪਾਈ ਵਜੋਂ ਸ਼ਹਿਰ ਵਿਚ ਇਕ ਲੱਖ ਪੌਦੇ ਲਗਾਉਣ ਦਾ ਟੀਚਾ ਹੈ, ਜਿਸ ਦੀ ਸ਼ੁਰੂਆਤ ਜੁਲਾਈ ਵਿਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਚੱਲ ਰਹੇ ਜ਼ਿਆਦਾਤਰ ਵਿਕਾਸ ਪ੍ਰਾਜੈਕਟ ਮੁਕੰਮਲ ਹੋਣ ਕੰਢੇ ਹਨ ਅਤੇ ਅਗਲੇ ਤਿੰਨ ਮਹੀਨਿਆਂ ਵਿਚ ਅੰਮ੍ਰਿਤਸਰ ਸ਼ਹਿਰ ਦੀ ਨੁਹਾਰ ਬਿਲਕੁਲ ਬਦਲੀ ਨਜ਼ਰ ਆਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ‘ਸਮਾਰਟ ਸੋਚ’ ਨਾਲ ਹੀ ਸ਼ਹਿਰ ਨੂੰ ‘ਸਮਾਰਟ’ ਬਣਾਇਆ ਜਾ ਸਕਦਾ ਹੈ।
ਕਮਿਸ਼ਨਰ ਮੈਡਮ ਸੋਨਾਲੀ ਗਿਰੀ ਅਤੇ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਨੇ ਇਸ ਮੌਕੇ ਸ਼ਹਿਰ ਵਾਸੀਆਂ ਕੋਲੋਂ ਸੁਝਾਅ ਲਏ ਅਤੇ ਉਨ੍ਹਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ। ਸ਼ਹਿਰ ਵਾਸੀਆਂ ਵੱਲੋਂ ਅੰਮ੍ਰਿਤਸਰ ਦੀ ਵਿਰਾਸਤੀ ਦਿੱਖ ਬਰਕਰਾਰ ਰੱਖਣ, ਮਿਆਰੀ ਸਿੱਖਿਆ ਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ, ਪ੍ਰਦੂਸ਼ਣ ਘੱਟ ਕਰਨ, ਸਫਾਈ, ਸੜਕਾਂ ਦੀ ਹਾਲਤ ਸੁਧਾਰਨ, ਹਰਿਆਵਲ ਖੇਤਰ ਵਧਾਉਣ, ਕੂੜੇ ਦੇ ਉਚਿਤ ਪ੍ਰਬੰਧਨ, ਜਨਤਕ ਪਖਾਨਿਆਂ ਦੇ ਨਿਰਮਾਣ, ਨਾਜਾਇਜ਼ ਕਬਜ਼ੇ ਹਟਾਉਣ, ਵੱਖਰੀਆਂ ਰੇਹੜੀ ਮਾਰਕੀਟਾਂ ਬਣਾਉਣ, ਸ਼ਹਿਰ ਵਿਚ ਸੀ ਸੀ ਟੀ ਵੀ ਕੈਮਰੇ ਲਗਾਉਣ, ਸਟਰੀਟ ਲਾਈਟਾਂ ਲਈ ਆਟੋ ਆਨ-ਆਫ ਸਿਸਟਮ, ਫਾਇਰ ਬ੍ਰਿਗੇਡਾਂ ਦੀ ਵੱਖ-ਵੱਖ ਪੁਆਇੰਟਾਂ ਉੱਤੇ ਤਾਇਨਾਤੀ ਅਤੇ ਇਨ੍ਹਾਂ ਦੀ ਅਪਗ੍ਰੇਡੇਸ਼ਨ, ਅਵਾਰਾ ਪਸ਼ੂਆਂ ਅਤੇ ਕੁੱਤਿਆਂ ਦੀ ਰੋਕਥਾਮ, ਵਾਟਰ ਹਾਰਵੈਸਟਿੰਗ ਪ੍ਰਣਾਲੀ, ਪਾਰਕਿੰਗ ਦੀ ਸਹੂਲਤ, ਡੇਅਰੀਆਂ ਨੂੰ ਸ਼ਹਿਰ ਤੋਂ ਬਾਹਰ ਲਿਜਾਣ ਆਦਿ ਜਿਹੇ ਸੁਝਾਅ ਦਿੱਤੇ ਗਏ।
ਡਿਪਟੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ੍ਰੀ ਜੇ. ਏਲਨਚੇਜ਼ੀਅਨ ਨੇ ਇਸ ਮੌਕੇ ਸ਼ਹਿਰ ਦੀ ਸੁਰੱਖਿਆ, ਟ੍ਰੈਫਿਕ ਵਿਵਸਥਾ ਅਤੇ ਹੋਰਨਾਂ ਪਹਿਲੂਆਂ ਸਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ ਅਤੇ ਇਨ੍ਹਾਂ ਨੂੰ ਹੋਰ ਬਿਹਤਰ ਬਣਾਉਣ ਸਬੰਧੀ ਸ਼ਹਿਰ ਵਾਸੀਆਂ ਦੇ ਸੁਝਾਅ ਲਏ। ਉਨ੍ਹਾਂ ਕਿਹਾ ਕਿ ਪੁਲਿਸ 24 ਘੰਟੇ ਸ਼ਹਿਰ ਵਾਸੀਆਂ ਦੀ ਸੇਵਾ ਵਿਚ ਹਾਜ਼ਰ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਜਲਦ ਹੀ ਵੱਖਰੇ ਵਾਟਸਐਪ ਨੰਬਰ ਚਾਲੂ ਕੀਤੇ ਜਾ ਰਹੇ ਹਨ, ਜਿਨ੍ਹਾਂ ‘ਤੇ ਕਿਸੇ ਵੀ ਮੁੱਦੇ ‘ਤੇ ਫੌਰਨ ਕਾਰਵਾਈ ਹੋਵੇਗੀ।
ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਦੇ ਡਾ ਬਲਵਿੰਦਰ ਸਿੰਘ ਨੇ ਸਮਾਰਟ ਸਿਟੀ ਸਬੰਧੀ ਪ੍ਰੋਜੈਕਟਰ ‘ਤੇ ਆਪਣੀ ਪ੍ਰਭਾਵਸ਼ਾਲੀ ਪੇਸ਼ਕਾਰੀ ਦੌਰਾਨ ਸਮਾਰਟ ਸਿਟੀ ਦੇ ਪਿਛਲੇ ਪ੍ਰਸਤਾਵ ਵਿਚ ਰਹਿ ਗਈਆਂ ਕਮੀਆਂ ਅਤੇ ਭਵਿੱਖ ਦੇ ਦਰਸ਼ਨ ਸਬੰਧੀ ਵੱਖ-ਵੱਖ ਪਹਿਲੂਆਂ ‘ਤੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੀ ਵਿਰਾਸਤੀ ਦਿੱਖ ਬਰਕਰਾਰ ਰੱਖਣੀ ਬਹੁਤ ਹੀ ਜ਼ਰੂਰੀ ਹੈ। ਇਸ ਤੋਂ ਇਲਾਵਾ ਐਕਸਿਜ਼ ਬੈਂਕ ਦੇ ਅਧਿਕਾਰੀਆਂ ਵੱਲੋਂ ਵੀ ਸਮਾਰਟ ਸਿਟੀ ਸਬੰਧੀ ਪੇਸ਼ਕਾਰੀ ਦਿੱਤੀ ਗਈ। ਸਟੇਜ ਦਾ ਸੰਚਾਲਨ ਸ. ਅਰਵਿੰਦਰ ਸਿੰਘ ਭੱਟੀ ਨੇ ਬਾਖੂਬੀ ਕੀਤਾ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply