Friday, July 5, 2024

ਪਸ਼ੂ ਧਨ ਅਤੇ ਮਨੁੱਖਾਂ ਨੂੰ ਸਿਹਤਮੰਦ ਰੱਖਣ ਵਿੱਚ ਵੈਟਰਨਰੀ ਅਫ਼ਸਰਾਂ ਦਾ ਅਹਿਮ ਯੋਗਦਾਨ – ਰਣੀਕੇ

PPN1106201612

ਅੰਮ੍ਰਿਤਸਰ, 11 ਜੂਨ (ਜਗਦੀਪ ਸਿੰਘ ਸੱਗੂ)- ਪਸ਼ੂ ਧਨ ਅਤੇ ਮਨੁੱਖਾਂ ਨੂੰ ਸਿਹਤਮੰਦ ਰੱਖਣ ਵਿਚ ਵੈਟਰਨਰੀ ਅਫ਼ਸਰਾਂ ਦਾ ਅਹਿਮ ਯੋਗਦਾਨ ਹੈ। ਇਹ ਪ੍ਰਗਟਾਵਾ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਸ. ਗੁਲਜ਼ਾਰ ਸਿੰਘ ਰਣੀਕੇ ਨੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਵਿਸ਼ਵ ਵੈਟਰਨਰੀ ਦਿਵਸ ਮੌਕੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਦਾ ਮੁੱਖ ਮਹਿਮਾਨ ਵਜੋਂ ਉਦਘਾਟਨ ਕਰਨ ਮੌਕੇ ਕੀਤਾ।’ਵਨ ਹੈਲਥ’ ਮਾਟੋ ਅਧੀਨ ਕਰਵਾਏ ਗਏ ਇਸ ਸਮਾਗਮ ਮੌਕੇ ਪੰਜਾਬ ਭਰ ਵਿੱਚੋਂ ਵੈਟਰਨਰੀ ਅਫ਼ਸਰਾਂ ਨੇ ਸ਼ਿਰਕਤ ਕੀਤੀ।ਸ. ਰਣੀਕੇ ਨੇ ਕਿਹਾ ਕਿ ਇਸ ਸਮਾਗਮ ਦਾ ਮਕਸਦ ਵੈਟਰਨਰੀ ਅਫ਼ਸਰਾਂ ਨੂੰ ਮਨੁੱਖਾਂ ਅਤੇ ਪਸ਼ੂ ਧਨ ਨੂੰ ਬਿਮਾਰੀ ਰਹਿਤ ਰੱਖਣ ਲਈ ਉਨ੍ਹਾਂ ਦੀ ਭੂਮਿਕਾ ਤੋਂ ਜਾਣੂ ਕਰਵਾਉਣਾ ਹੈ, ਕਿਉਂਕਿ ਇਹ ਦੋਵੇਂ ਇਕ-ਦੂਜੇ ਨਾਲ ਜੁੜੇ ਹੋਏ ਹਨ।
ਸ. ਰਣੀਕੇ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਸ਼ੂ ਧਨ ਦੀ ਸਾਂਭ-ਸੰਭਾਲ, ਸੁਰੱਖਿਆ ਅਤੇ ਨਸਲ ਸੁਧਾਰ ਲਈ ਆਧੁਨਿਕ ਤਕਨੀਕਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਤੋਂ ਵੱਧ ਤੋਂ ਵੱਧ ਲਾਭ ਪ੍ਰਾਪਤ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਤੀ ਸਹਾਇਕ ਧੰਦਿਆਂ ਅਤੇ ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਪੱਧਰ ‘ਤੇ ਲਾਹੇਵੰਦ ਯੋਜਨਾਵਾਂ ਬਣਾ ਕੇ ਲਾਗੂ ਕੀਤੀਆਂ ਗਈਆਂ ਹਨ ਜਿਸ ਤਹਿਤ ਰਾਜ ਦੇ ਕਿਸਾਨਾਂ ਨੂੰ ਇਸ ਕਿੱਤੇ ਵੱਲ ਪ੍ਰੇਰਿਤ ਕਰਨ ਲਈ ਦੁੱਧ ਚੁਆਈ ਮਸ਼ੀਨਾਂ, ਬਲਕ ਮਿਲਕ ਕੂਲਰ ਅਤੇ ਪਸ਼ੂਆਂ ਲਈ ਅਤਿ ਆਧੁਨਿਕ ਸ਼ੈੱਡ ਬਣਾਉਣ ਲਈ ਕਰੋੜਾਂ ਰੁਪਏ ਦੀ ਸਬਸਿਡੀ ਉਪਲਬੱਧ ਕਰਵਾਈ ਗਈ ਹੈ।ਇਸੇ ਤਰਾਂ ਪਸ਼ੂ ਪਾਲਕਾਂ ਨੂੰ ਕਿੱਤੇ ਸਬੰਧੀ ਆਧੁਨਿਕ ਤਕਨੀਕਾਂ ਦੀ ਸਿਖਲਾਈ ਦੇਣ ਲਈ.ਕਰੋੜਾਂ ਰੁਪਏ ਦੀ ਲਾਗਤ ਨਾਲ ਡੇਅਰੀ ਸਿਖਲਾਈ ਕੇਂਦਰ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਇਸ ਮੌਕੇ ਵੈਟਰਨਰੀ ਅਧਿਕਾਰੀਆਂ ਨੂੰ ਇਸ ਅਹਿਮ ਦਿਹਾੜੇ ਦੀ ਵਧਾਈ ਦਿੰਦਿਆਂ ਉਨ੍ਹਾਂ ਨੂੰ ਕਿਸਾਨਾਂ ਅਤੇ ਲੋਕਾਂ ਦੇ ਹਿੱਤਾਂ ਲਈ ਕੰਮ ਕਰਨ ਦੀ ਤਾਕੀਦ ਕੀਤੀ।ਉਨ੍ਹਾਂ ਕਿਹਾ ਕਿ ਵੈਟਰਨਰੀ ਅਧਿਕਾਰੀਆਂ ਦੀ ਮਿਹਨਤ ਸਦਕਾ ਅੱਜ ਪੰਜਾਬ ਵਿਚ ਜਿਥੇ ਵਧੀਆ ਨਸਲ ਦੇ ਪਸ਼ੂ ਪੈਦਾ ਹੋ ਰਹੇ ਹਨ, ਉਥੇ ਇਨ੍ਹਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਨਵੀਆਂ ਤਕਨੀਕਾਂ ਅਤੇ ਦਵਾਈਆਂ ਈਜ਼ਾਦ ਹੋ ਰਹੀਆਂ ਹਨ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਵੈਟਰਨਰੀ ਕੌਂਸਲ ਆਫ ਇੰਡੀਆ ਦੇ ਪ੍ਰਧਾਨ ਡਾ. ਉਮੇਸ਼ ਸ਼ਰਮਾ ਨੇ ਕਿਹਾ ਕਿ ਅਜੋਕੇ ਦੌਰ ਵਿਚ ਪਸ਼ੂਆਂ ਤੋਂ ਮਨੁੱਖਾਂ ਅਤੇ ਮਨੁੱਖਾਂ ਤੋਂ ਪਸ਼ੂਆਂ ਨੂੰ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਾਗਰੂਕਤਾ ਦੀ ਘਾਟ ਕਾਰਨ ਹੀ ਅੱਜ ਸਵਾਈਨ ਫਲੂ ਅਤੇ ਬਰਡ ਫਲੂ ਵਰਗੀਆਂ ਬਿਮਾਰੀਆਂ ਪੈਰ ਪਸਾਰ ਰਹੀਆਂ ਹਨ।ਉਨ੍ਹਾਂ ਕਿਹਾ ਕਿ ਜੇਕਰ ਪਸ਼ੂਆਂ ਤੋਂ ਮਿਲਣ ਵਾਲੇ ਖਾਧ ਪਦਾਰਥ ਜਿਵੇਂ ਕਿ ਦੁੱਧ, ਮੀਟ, ਅੰਡੇ ਆਦਿ ਜ਼ਹਿਰੀਲੇ ਤੱਤਾਂ ਨਾਲ ਭਰਪੂਰ ਹੋਣਗੇ ਤਾਂ ਮਨੁੱਖ ਕਿਵੇਂ ਸਿਹਤਮੰਦ ਰਹਿ ਸਕਦਾ ਹੈ।ਇਸ ਲਈ ਮਨੁੱਖਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਪਸ਼ੂਆਂ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ।ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਐਚ. ਐਸ ਸੰਧਾ ਨੇ ਇਸ ਮੌਕੇ ਪਸ਼ੂਆਂ ਦੀਆਂ ਬਿਮਾਰੀਆਂ, ਨਸਲਾਂ ਦੀ ਚੋਣ, ਖੁਰਾਕ ਆਦਿ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ।ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਪਵਨ ਕੁਮਾਰ ਮਲਹੋਤਰਾ ਨੇ ਪੰਜਾਬ ਸਰਕਾਰ ਵੱਲੋ ਚਲਾਈਆਂ ਜਾ ਰਹੀਆਂ ਪਸ਼ੂ ਪਾਲਣ ਸੰਬੰਧੀ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਣ ਡਾ. ਭਾਵਨਾ ਨੇ ਬਾਖੂਬੀ ਕੀਤਾ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply