Monday, July 8, 2024

ਡਿਪਟੀ ਕਮਿਸ਼ਨਰ ਵੱਲੋਂ ਸੰਭਾਵਿਤ ਹੜ੍ਹਾਂ ਦੀ ਰੋਕਥਾਮ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਆਯੋਜਿਤ

PPN1606201610
ਫਾਜ਼ਿਲਕਾ, 16 ਜੂਨ (ਵਨੀਤ ਅਰੋੜਾ) – ਅੱਜ ਇੱਥੇ ਅਗੇਤੇ ਹੜ੍ਹ ਰੋਕੂ ਪ੍ਰਬੰਧ ਲਈ ਇਕ ਬੈਠਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ ਦੀ ਪ੍ਰਧਾਨਗੀ ਵਿਚ ਹੋਈ।ਮੀਟਿੰਗ ਦੌਰਾਨ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।   ਬੈਠਕ ਦੌਰਾਨ ਡਿਪਟੀ ਕਮਿਸ਼ਨਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਜ਼ਿਲ੍ਹੇ ਵਿਚ ਹੜ੍ਹਾਂ ਦੀ ਸਥਿਤੀ ਵਿਚ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਉਣ ਦੇਣ ਅਤੇ ਇਸ ਦੇ ਲਈ ਪੂਰੇ ਪ੍ਰਬੰਧ ਪਹਿਲਾਂ ਹੀ ਮੁਕੰਮਲ ਕਰ ਲਏ ਜਾਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਹੈੱਡਕੁਆਰਟਰ ਪੱਧਰ ਤੇ ਹੜ੍ਹ ਕੰਟਰੋਲ ਰੂਮ ਤਹਿਸੀਲਦਾਰ ਫਾਜ਼ਿਲਕਾ ਦੇ ਦਫ਼ਤਰ ਵਿਚ ਸਥਾਪਿਤ ਕੀਤਾ ਗਿਆ ਹੈ ਜਿਹੜਾ ਹੜ੍ਹਾਂ ਦੀ ਸਥਿਤੀ ਵਿਚ 24 ਘੰਟੇ ਕੰਮ ਕਰੇਗਾ।
ਡਿਪਟੀ ਕਮਿਸ਼ਨਰ ਨੇ ਡਰੇਨਜ਼ ਵਿਭਾਗ ਨੂੰ ਸਖ਼ਤ ਹਦਾਇਤ ਕੀਤੀ ਕਿ ਸੇਮ ਨਾਲਿਆਂ ਅਤੇ ਨਹਿਰਾਂ  ਦੀ ਸਫ਼ਾਈ 30 ਜੂਨ ਤੱਕ ਮੁਕੰਮਲ ਕਰ ਦਿੱਤੀ ਜਾਵੇ ਉਨ੍ਹਾਂ ਇਹ ਵੀ ਕਿਹਾ ਕਿ ਸਫ਼ਾਈ ਕਾਰਜਾਂ ਦੀ ਬਕਾਇਦਾ ਨਿਗਰਾਨੀ ਕੀਤੀ ਜਾਵੇਗੀ। ਵਿਭਾਗ ਨੂੰ ਹਦਾਇਤ ਕੀਤੀ ਕਿ ਖਾਸ ਤੌਰ ਤੇ ਪੁਲਾਂ ਦੇ ਹੇਠੋਂ ਸਹੀ ਤਰੀਕੇ ਨਾਲ ਸਫ਼ਾਈ ਕਰਵਾਈ ਜਾਵੇ। ਇਸੇ ਤਰ੍ਹਾਂ ਉਨ੍ਹਾਂ ਨੇ ਧੁਸੀ ਬੰਨ੍ਹ ਦੀ ਮਜ਼ਬੂਤੀ ਸਬੰਧੀ ਵੀ ਵਿਭਾਗ ਨੂੰ ਹਦਾਇਤਾਂ ਕੀਤੀਆਂ। ਕਿਸ਼ਤੀਆਂ ਦੀ ਮੁਰੰਮਤ ਕਰਨ ਦੇ ਹੁਕਮ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਸਾਰੇ ਹੀ ਵਿਭਾਗਾਂ ਨੂੰ ਕਿਹਾ ਕਿ ਉਹ ਆਪੋ ਆਪਣੇ ਵਿਭਾਗ ਨਾਲ ਸਬੰਧਤ ਅਗੇਤੇ ਕਾਰਜ ਸਮਾਂ ਰਹਿੰਦੇ ਪੂਰੇ ਕਰ ਲੈਣ। ਉਨ੍ਹਾਂ ਨੇ ਉਪ ਮੰਡਲ ਮੈਜ਼ਿਸਟ੍ਰੇਟਾਂ ਨੂੰ ਰਾਹਤ ਕੇਂਦਰ ਸਥਾਪਿਤ ਕਰਨ ਲਈ ਕਰਨ ਲਈ ਵੀ ਕਿਹਾ।
ਇਸ ਹੀ ਤਰ੍ਹਾਂ ਉਨ੍ਹਾਂ ਨੇ ਬਰਸਾਤੀ ਸੀਜ਼ਨ ਦੌਰਾਨ ਪ੍ਰਭਾਵਿਤ ਪਿੰਡਾਂ ਵਿਚ ਪੀਣ ਵਾਲੇ ਸਾਫ਼ ਪਾਣੀ ਅਤੇ ਮੈਡੀਕਲ ਸਹੂਲਤਾਂ ਦੇ ਪ੍ਰਬੰਧ ਕਰਨ ਦੇ ਵੀ ਹੁਕਮ ਦਿੱਤੇ। ਪਸ਼ੂ ਪਾਲਣ ਵਿਭਾਗ ਨੂੰ ਨਿਰਦੇਸ਼  ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦਰਿਆ ਪਾਰਲੇ ਪਿੰਡਾਂ ਵਿਚ ਪਸ਼ੂਆਂ ਦੀ ਜਨਗਣਨਾ ਕਰਵਾਈ ਜਾਵੇ। ਉਨ੍ਹਾਂ ਜ਼ਿਲ੍ਹਾ ਫੂਡ ਸਪਲਾਈ ਅਫ਼ਸਰ ਨੂੰ ਹਦਾਇਤ ਕੀਤੀ ਕਿ ਉਹ ਹੜ੍ਹਾਂ ਦੀ ਸਥਿਤੀ ਵਿਚ ਲੋਕਾਂ ਨੂੰ ਰਾਸ਼ਨ ਆਦਿ ਦੀ ਵੰਡ ਸਬੰਧੀ ਵੀ ਪ੍ਰਬੰਧ ਮੁਕੰਮਲ ਕਰ ਲੈਣ। ਉਨ੍ਹਾਂ ਕਿਹਾ ਕਿ ਹੜ੍ਹਾਂ ਦੌਰਾਨ ਬਿਜਲੀ ਆਦਿ ਦੀ ਨਿਰਵਿਘਨ ਸਪਲਾਈ ਲਈ ਪਹਿਲਾਂ ਹੀ ਖੰਭਿਆਂ ਆਦਿ ਦੀ ਮੁਰੰਮਤ ਕਰ ਲਈ ਜਾਵੇ। ਉਨ੍ਹਾਂ ਪਿੰਡਾਂ ਵਿਚ ਗੋਤਾਖੋਰਾਂ ਅਤੇ ਕਿਸ਼ਤੀਆਂ ਆਦਿ ਦੇ ਪ੍ਰਬੰਧ ਮੁਕੰਮਲ ਕਰਨ ਦੇ ਆਦੇਸ਼ ਵੀ ਦਿੱਤੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿਚ ਹੜ੍ਹਾਂ ਦੀ ਸਥਿਤੀ ਵਿਚ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਲਿਆ ਜਾਵੇ।ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ ਚਰਨਦੇਵ ਸਿੰਘ ਮਾਨ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਅਰਵਿੰਦਰ ਕੁਮਾਰ, ਐਸ.ਡੀ.ਐਮ. ਫਾਜ਼ਿਲਕਾ ਸ਼੍ਰੀ ਸੁਭਾਸ਼ ਖੱਟਕ, ਐਸ.ਡੀ.ਐਮ. ਜਲਾਲਾਬਾਦ ਸ਼੍ਰੀ ਅਵਿਕੇਸ਼ ਗੁਪਤਾ, ਐਸ.ਡੀ.ਐਮ. ਅਬੋਹਰ ਸ਼੍ਰੀ ਰਾਜਪਾਲ ਸਿੰਘ, ਡੀ.ਐਸ.ਪੀ. ਸ੍ਰੀ ਵੀਰ ਚੰਦ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਹਾਜਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply