Monday, July 8, 2024

ਅਕਾਲੀ-ਭਾਜਪਾ ਫਿਰਕੂ ਸਿਆਸਤ ਖੇਡ ਰਹੇ ਹਨ, ‘ਆਪ’ ਉਨ੍ਹਾਂ ਲਈ ਗੰਭੀਰ ਚੁਣੌਤੀ ਬਣ ਕੇ ਉਭਰੀ – ਕੇਜਰੀਵਾਲ

ਡੇਰਾ ਬਾਬਾ ਨਾਨਕ ਸਰਹੱਦ ਤੋਂ ਗੁ: ਕਰਤਾਰਪੁਰ ਸਾਹਿਬ (ਪਾਕਿਸਤਾਨ) ਮੱਥਾ ਟੇਕਿਆ

ਗੁਰਦਾਸਪੁਰ, 4 ਜੁਲਾਈ (ਪੰਜਾਬ ਪੋਸਟ ਬਿਊਰੋ) – ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਗੱਠਜੋੜ ਉੱਤੇ ਫ਼ਿਰਕੂ ਸਿਆਸਤ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਉਦਿਆਂ ਕਿਹਾ ਹੈ ਕਿ ਕੇਵਲ ਆਮ ਆਦਮੀ ਪਾਰਟੀ ਹੀ ਇੱਕੋ-ਇੱਕ ਅਜਿਹੀ ਪਾਰਟੀ ਹੈ, ਜਿਸ ਦਾ ਫਿਰਕੂ ਏਕਤਾ ਵਿੱਚ ਵਿਸ਼ਵਾਸ ਬਹੁਤ ਮਜ਼ਬੂਤ ਹੈ ਅਤੇ ਇਸੇ ਪਾਰਟੀ ਨੇ ਫ਼ਿਰਕੂ ਤਾਕਤਾਂ ਨੂੰ ਗੰਭੀਰ ਚੁਣੌਤੀ ਦਿੱਤੀ ਹੈ।
ਕੇਜਰੀਵਾਲ ਨੇ ਕਿਹਾ,”ਆਮ ਆਦਮੀ ਪਾਰਟੀ ਨੇ ਕਿਉਂਕਿ ਫ਼ਿਰਕੂ ਤਾਕਤਾਂ (ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ) ਨੂੰ ਇੱਕ ਗੰਭੀਰ ਚੁਣੌਤੀ ਦਿੱਤੀ ਹੈ, ਇਸੇ ਲਈ ਉਨ੍ਹਾਂ ਦਾ ਪੂਰਾ ਜ਼ੋਰ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ‘ਤੇ ਲੱਗਾ ਹੋਇਆ ਹੈ।” ਉਨ੍ਹਾਂ ਇਹ ਗੱਲ ਬੀਤੇ ਦਿਨੀਂ ਮਾਲੇਰਕੋਟਲਾ ਵਿਖੇ ਵਾਪਰੀ ਕੁਰਾਨ ਸ਼ਰੀਫ਼ ਦੀ ਬੇਅਦਬੀ ਦੀ ਘਟਨਾ ਦੇ ਸੰਦਰਭ ਵਿੱਚ ਆਖੀ, ਜਿਸ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਨੂੰ ਫਸਾਉਣ ਦੀ ਡੂੰਘੀ ਸਾਜ਼ਿਸ਼ ਰਚੀ ਗਈ ਹੈ।
ਪੰਜਾਬ ਵਿੱਚ ਬਣਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਵੀ ਪਵਿੱਤਰ ਧਾਰਮਿਕ ਗ੍ਰੰਥ ਦੀ ਬੇਅਦਬੀ ਦੀਆਂ ਅਜਿਹੀਆਂ ਘਟਨਾਵਾਂ ਨੂੰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਅਜਿਹੇ ਅਣਮਨੁੱਖੀ ਕਾਰੇ ਕਰਨ ਵਾਲੇ ਸਾਰੇ ਦੋਸ਼ੀਆਂ ਨੂੰ ਬੇਨਕਾਬ ਕਰੇਗੀ।
ਕੇਜਰੀਵਾਲ ਨੇ ਕਿਹਾ ਕਿ ਇਹ ਕਿੰਨੀ ਸ਼ਰਮਨਾਕ ਗੱਲ ਹੈ ਕਿ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ ਉਨ੍ਹਾਂ (ਸ਼੍ਰੋਮਣੀ ਅਕਾਲੀ ਦਲ) ਨੇ ਪਵਿੱਤਰ ਕੁਰਆਨ ਸ਼ਰੀਫ਼ ਨੂੰ ਵੀ ਨਹੀਂ ਬਖ਼ਸ਼ਿਆ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇੱਥੇ ਕੋਈ ਸਿਆਸਤ ਖੇਡਣ ਲਈ ਨਹੀਂ, ਸਗੋਂ ਪੂਰੇ ਸਿਆਸੀ ਢਾਂਚੇ ਨੂੰ ਬਦਲਣ ਲਈ ਆਈ ਹੈ।
ਅੱਜ ਇੱਥੇ ‘ਪੰਜਾਬ ਕ੍ਰਿਸਚੀਅਨ ਯੂਨਾਈਟਿਡ ਫ਼ਰੰਟ’ ਦੇ ਇੱਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ,”ਪ੍ਰਧਾਨ ਮੰਤਰੀ ਬਣਨ ਤੋਂ ਬਾਅਦ, ਨਰਿੰਦਰ ਮੋਦੀ ਜ਼ਿਆਦਾਤਰ ਉਡਾਣਾਂ ਹੀ ਭਰਦੇ ਰਹੇ ਹਨ ਅਤੇ ਜਦੋਂ ਵੀ ਕਦੇ ਉਹ ਭਾਰਤ ਵਿੱਚ ਹੁੰਦੇ ਹਨ, ਤਾਂ ਉਹ ਕੋਈ ਵਿਕਾਸ ਕਾਰਜ ਕਰਨ ਦੀ ਥਾਂ ਦਿੱਲੀ ਸਰਕਾਰ ਦੇ ਕੰਮਕਾਜ ਵਿੱਚ ਵਿਘਨ ਪਾਉਣ ਲਈ ਕੋਈ ਨਾ ਕੋਈ ਯੋਜਨਾ ਉਲੀਕਦੇ ਰਹਿੰਦੇ ਹਨ।”
ਮੋਦੀ ਉੱਤੇ ਆਪਣੇ ਤਿੱਖੇ ਹਮਲੇ ਜਾਰੀ ਰਖਦਿਆਂ ਕੇਜਰੀਵਾਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਪਹਿਲਾਂ ਤਾਂ ਆਮ ਲੋਕਾਂ ਨੂੰ ‘ਅੱਛੇ ਦਿਨ ਆਉਣ’ ਦੇ ‘ਸੁਫ਼ਨੇ’ ਵਿਖਾਏ ਪਰ ਬਾਅਦ ਵਿੱਚ ਆਪਣੇ ਉਨ੍ਹਾਂ ਹੀ ਵਾਅਦਿਆਂ ਨੂੰ ‘ਚੁਣਾਵੀ ਜੁਮਲੇ’ ਕਰਾਰ ਦੇ ਦਿੱਤਾ। ਪਰ ਇਸ ਦੇ ਉਲਟ, ਆਮ ਆਦਮੀ ਪਾਰਟੀ ਜਨਤਾ ਨਾਲ ਕੀਤੇ ਆਪਣੇ ਸਾਰੇ ਵਾਅਦੇ ਪੂਰੇ ਕਰਨ ਵਿੱਚ ਯਕੀਨ ਰਖਦੀ ਹੈ ਤੇ ਦਿੱਲੀ ਦੀ ਮਿਸਾਲ ਸਭ ਦੇ ਸਾਹਮਣੇ ਹੈ।
ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਸਮਾਜ ਦੇ ਸਾਰੇ ਵਰਗ ਹੁਣ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ‘ਕੁਸ਼ਾਸਨ’ ਅਤੇ ‘ਭੈੜੇ ਪ੍ਰਬੰਧਾਂ’ ਤੋਂ ਅੱਕ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਸ ਸਰਹੱਦੀ ਸੂਬੇ ਵਿੱਚ ਪੂਰਨ ਬਹੁਮੱਤ ਨਾਲ ਸੱਤਾ ਵਿੱਚ ਆਵੇਗੀ।
ਕੇਜਰੀਵਾਲ ਨੇ ਕਿਹਾ,”ਇਸ ਵੇਲੇ ਪੰਜਾਬ ਦੇ ਕੋਣੇ-ਕੋਣੇ ਵਿੱਚ ਨਸ਼ੇ ਸ਼ਰੇਆਮ ਸਪਲਾਈ ਹੋ ਰਹੇ ਹਨ ਕਿਉਂਕਿ ਇਸ ਧੰਦੇ ਨੂੰ ਸਿਆਸੀ ਸਰਪ੍ਰਸਤੀ ਹਾਸਲ ਹੈ ਤੇ ਨਸ਼ਿਆਂ ਦੇ ਸਪਲਾਇਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਪੁਲਿਸ ਵੀ ਕੇਵਲ ਮਾੜਾ-ਮੋਟਾ ਨਸ਼ਾ ਕਰਨ ਵਾਲੇ ਲੋਕਾਂ ਖ਼ਿਲਾਫ਼ ਝੂਠੇ ਕੇਸ ਦਰਜ ਕਰ ਰਹੀ ਹੈ।” ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਜਿਹੇ ਸਾਰੇ ਝੂਠੇ ਕੇਸ ਵਾਪਸ ਲੈ ਲਏ ਜਾਣਗੇ।ਕੇਜਰੀਵਾਲ ਨੇ ਮਜੀਠੀਆ ਬਾਰੇ ਆਪਣਾ ਬਿਆਨ ਦੁਹਰਾਉਾਂਦਿਆਂ ਆਖਿਆ,”ਮੈਂ ਇੱਕ ਵਾਰ ਫਿਰ ਦੁਹਰਾਉਂਦਾ ਹਾਂ ਕਿ ਇੱਕ ਵਾਰ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਅਸੀਂ ਮਜੀਠੀਆ ਨੂੰ ਜੇਲ੍ਹ ਭੇਜਾਂਗੇ।” ਕੇਜਰੀਵਾਲ ਨੇ ਕਿਹਾ,”ਪੰਜਾਬ ਵਿੱਚ ਐਤਕੀਂ ਆਮ ਆਦਮੀ ਪਾਰਟੀ ਦਾ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ-ਕਾਂਗਰਸ ਨਾਲ ਹੋਵੇਗਾ ਕਿਉਂਕਿ ਕਾਂਗਰਸ ਇਹ ਚੋਣਾਂ ਗੁਪਤ ਸਮਝੌਤੇ ਅਧੀਨ ਲੜੇਗੀ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply