ਨਵੀਂ ਦਿੱਲੀ, 6 ਜਨਵਰੀ (ਪੰਜਾਬ ਪੋਸਟ ਬਿਊਰੋ)- ਨਵੰਬਰ 1984 ਵਿੱਚ ਵਾਪਰੇ ਸਿੱਖ ਕਤਲੇਆਮ ਨੂੰ ਸਮਰਪਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ‘ਸੱਚ ਦੀ ਕੰਧ’ ਯਾਦਗਾਰ ਮਨੁੱਖਤਾ ਨੂੰ ਸਮਰਪਿਤ ਕਰਨ ਲਈ ਕਮੇਟੀ ਨੇ ਉਲਟੀ ਗਿਣਤੀ ਸ਼ੁਰੂ ਕਰ ਦਿੱਤੀ ਹੈ। 15 ਜਨਵਰੀ 2017 ਨੂੰ ਖੁੱਲਣ ਜਾ ਰਹੀ ਯਾਦਗਾਰ ’ਚ ਅੱਜ ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੀ ਆਰੰਭਤਾ ਕੀਤੀ ਗਈ, ਜਿਸ ਦੇ ਭੋਗ 8 ਜਨਵਰੀ 2017 ਨੂੰ ਪੈਣਗੇ। ਲਗਭਗ ਸਾਢੇ ਤਿੰਨ ਸਾਲ ਅੰਦਰ ਬਣਕੇ ਤਿਆਰ ਹੋਈ ਯਾਦਗਾਰ ਨੂੰ ਆਢੀ-ਤਿਰਛੀ ਦੀਵਾਰਾਂ ਦੀ ਬਣਾਵਟ ਦੇ ਕੇ ਇਨ੍ਹਾਂ ਦੀਵਾਰਾਂ ’ਤੇ ਕਤਲੇਆਮ ਵਿੱਚ ਮਾਰੇ ਗਏ ਲਗਭਗ ਤਿੰਨ ਹਜ਼ਾਰ ਸਿੱਖਾਂ ਅਤੇ ਸਿੱਖਾਂ ਨੂੰ ਬਚਾਉਣ ਦੌਰਾਨ ਆਪਣੀ ਜਾਨ ਗਵਾਉਣ ਵਾਲੇ 2 ਹਿੰਦੂ ਵੀਰਾਂ ਅਤੇ ਇੱਕ ਮੁਸਲਿਮ ਬੀਬੀ ਦਾ ਨਾਮ ਵੀ ਉਕੇਰਿਆ ਗਿਆ ਹੈ। ਇਨ੍ਹਾਂ ਦੀਵਾਰਾਂ ਵਿਚਕਾਰ ਹੀ 4 ਢਾਂਚੇ ਬਰਾਬਰਤਾ, ਮਨੁੱਖਤਾ, ਹਲੇਮੀ ਅਤੇ ਸਹਿਣਸ਼ੀਲਤਾ ਦੇ ਪ੍ਰਤੀਕ ਵਜੋਂ ਬਣਾਏ ਗਏ ਹਨ। ਇਸ ਦੇ ਨਾਲ ਹੀ ਲਗਭਗ 250 ਦਰਸ਼ਕਾਂ ਦੀ ਖਮਤਾ ਵਾਲਾ ਓਪਨ ਏਅਰ ਥਿਟੇਰ ਵੀ ਬਣਾਇਆ ਗਿਆ ਹੈ, ਜਿਸ ’ਚ ਸ਼ਾਮ ਦੇ ਵੇਲੇ ਖੂਨ ਦੇ ਪ੍ਰਤੀਕ ਵਜੋਂ ਲਾਲ ਰੰਗ ਦੀ ਲੇਜਰ ਲਾਈਟ ਅਸਮਾਨ ਵੱਲ ਮੂੰਹ ਕਰਕੇ ਆਪਣੀ ਰੋਸ਼ਨੀ ਕਈ ਮੀਲ ਤੱਕ ਛੱਡੇਗੀ। ਇਸ ਮੌਕੇ ਹਾਜ਼ਰੀ ਭਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਯਾਦਗਾਰ ਨੂੰ ਕੌਮ ਦੀ ਇਤਿਹਾਸਕ ਇਮਾਰਤ ਦੱਸਿਆ। ਜੀ.ਕੇ. ਨੇ ਕਿਹਾ ਕਿ ਲੰਮੀ ਜੱਦੋ-ਜਹਿਦ ਤੋਂ ਬਾਅਦ ਯਾਦਗਾਰ ਦੀ ਹੋਈ ਉਸਾਰੀ ਇਤਿਹਾਸਕ ਹੋਣ ਦੇ ਨਾਲ ਹੀ ਕਾਤਲਾਂ ਵੱਲੋਂ ਕੀਤੇ ਗਏ ਕਤਲੇਆਮ ਬਾਰੇ ਜਿਥੇ ਆਉਂਦੀਆਂ ਪੀੜ੍ਹੀਆਂ ਨੂੰ ਚਾਨਣਾ ਪਾਵੇਗੀ ਉਥੇ ਨਾਲ ਹੀ ਸਿੱਖਾਂ ਨੂੰ ਬਚਾਉਣ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਤਿੰਨ ਬਹਾਦਰ ਗੈਰ ਸਿੱਖ ਮਦਦਗਾਰਾਂ ਦੀ ਕਹਾਣੀ ਨੂੰ ਵੀ ਅਮਰ ਕਰ ਦੇਵੇਗੀ। ਜੀ.ਕੇ. ਨੇ ਕਿਹਾ ਕਿ ਸਰਕਾਰਾਂ ਵੱਲੋਂ 32 ਸਾਲ ਤੋਂ ਇਨਸਾਫ ਅਤੇ ਯਾਦਗਾਰ ਬਣਾਉਣ ਲਈ ਥਾਂ ਨਾ ਦੇਣ ਦੇ ਬਾਵਜ਼ੂਦ ਸਿੱਖਾਂ ਵੱਲੋਂ ਚੜ੍ਹਦੀ ਕਲਾ ਨਾਲ ਯਾਦਗਾਰ ਦੀ ਉਸਾਰੀ ਕਰਵਾਉਣਾ ਸਿੱਖ ਵਿਰੋਧੀਆਂ ਦੇ ਮੂੰਹ ’ਤੇ ਕਰਾਰੀ ਚਪੇੜ ਹੈ। ਯਾਦਗਾਰ ਦੀਆਂ ਦੀਵਾਰਾਂ ਨੂੰ ਦਿੱਲੀ ਦੀਆਂ ਗਲੀਆਂ ਦੇ ਤੌਰ ’ਤੇ ਪ੍ਰਭਾਸ਼ਿਤ ਕਰਦੇ ਹੋਏ ਜੀ.ਕੇ. ਨੇ ਨਵੰਬਰ 1984 ਵਿੱਚ ਸਿੱਖਾਂ ਵੱਲੋਂ ਗਲੀਆਂ ਵਿੱਚ ਭੱਜਕੇ ਜਾਨ ਬਚਾਉਣ ਦੀ ਮਜ਼ਬੂਰੀ ਵੱਸ ਕੀਤੀ ਗਈ ਕੋਸ਼ਿਸ਼ ਨੂੰ ਆਢੀ-ਤਿਰਛੀ ਦੀਵਾਰਾਂ ਨਾਲ ਜੋੜਿਆ। ਜੀ.ਕੇ. ਨੇ ਦਾਅਵਾ ਕੀਤਾ ਕਿ ਯਾਦਗਾਰ ਨੂੰ ਵੇਖਣ ਆਉਣ ਵਾਲੇ ਦੇਸੀ ਅਤੇ ਵਿਦੇਸ਼ੀ ਸੈਲਾਨੀ ਇਸਦੀ ਖੂਬਸੂਰਤੀ ਅਤੇ ਇਸ ਦੇ ਡਿਜ਼ਾਇਨ ਦੇ ਕਾਇਲ ਹੋ ਜਾਣਗੇ। ਸਿਰਸਾ ਨੇ ਕਿਹਾ ਕਿ 32 ਸਾਲ ਦੌਰਾਨ ਸਿੱਖ ਕੌਮ ਨੂੰ ਜੋ ਇਨਸਾਫ ਨਹੀਂ ਮਿਲਿਆ ਉਸ ’ਤੇ ਵੀ ਯਾਦਗਾਰ ’ਚ ਸਥਾਪਿਤ ਢਾਂਚੇ ਵਿਲੱਖਣ ਵਿਅੰਗ ਕਰਦੇ ਹੋਏ ਨਜ਼ਰ ਆਉਂਦੇ ਹਨ। ਬੇਸ਼ਕ ਸਾਡੇ ਨਾਲ ਧੱਕਾ ਹੋਇਆ, ਪਰ ਫਿਰ ਵੀ 1984 ਤੋਂ ਬਾਅਦ ਅਸੀਂ ਸਿੱਖ ਕੌਮ ਦੇ ਮੁੱਢਲੇ ਸਿਧਾਂਤ ਬਰਾਬਰਤਾ, ਮਨੁੱਖਤਾ, ਹਲੇਮੀ ਅਤੇ ਸਹਿਣਸ਼ੀਲਤਾ ਦਾ ਪੱਲਾ ਨਹੀਂ ਛੱਡਿਆ। ਸਿਰਸਾ ਨੇ ਸੰਗਤਾਂ ਨੂੰ 15 ਜਨਵਰੀ ਤੋਂ ਬਾਅਦ ਯਾਦਗਾਰ ਦੇ ਦਰਸ਼ਨਾਂ ਲਈ ਆਪਣੇ ਬੱਚਿਆਂ ਦੇ ਨਾਲ ਆਉਣ ਦਾ ਵੀ ਸੱਦਾ ਦਿੱਤਾ।
Check Also
ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਮਾਮਲਾ
ਐਡਵੋਕੇਟ ਧਾਮੀ ਨੇ ਭਾਰਤ ਦੇ ਹਵਾਬਾਜ਼ੀ ਮੰਤਰੀ ਨੂੰ ਨੋਟੀਫਿਕੇਸ਼ਨ ਵਾਪਸ ਲੈਣ ਲਈ ਲਿਖਿਆ ਪੱਤਰ ਅੰਮ੍ਰਿਤਸਰ, …