Monday, July 8, 2024

ਰੈੱਡ ਕਰਾਸ ਦੇ ਪੰਘੂੜੇ ਵਿੱਚ 100ਵੀਂ ਬੱਚੀ ਦੀ ਆਮਦ ‘ਤੇ ਵਿਸ਼ੇਸ਼ ਸਮਾਗਮ

PPN1301201607 PPN1301201609
ਬੇਟੀ ਬਚਾਓ, ਬੇਟੀ ਪੜ੍ਹਾਓ’ ਤਹਿਤ ਕਰਵਾਇਆ ਸੈਮੀਨਾਰ ਤੇ ਮਨਾਈ ਕੁੜੀਆਂ ਦੀ ਲੋਹੜੀ

ਅੰਮ੍ਰਿਤਸਰ, 12 ਜਨਵਰੀ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ)- ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਜਨਵਰੀ 2008 ਤੋਂ ਸ਼ੁਰੂ ਕੀਤੀ ਗਈ ਨਿਵੇਕਲੀ ਪੰਘੂੜਾ ਸਕੀਮ ਤਹਿਤ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਅੰਮ੍ਰਿਤਸਰ ਵਿਖੇ ਰੱਖੇ ਗਏ ਪੰਘੂੜੇ ਵਿਚ 100ਵੀਂ ਬੱਚੀ ਦੀ ਆਮਦ ‘ਤੇ ਰੈਡ ਕਰਾਸ ਦੀ ਚੇਅਰਪਰਸਨ ਡਾ. ਤਰੁਨਦੀਪ ਕੌਰ ਆਈ. ਆਰ. ਐਸ, ਸੁਪਤਨੀ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਦੀ ਅਗਵਾਈ ਹੇਠ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਅਤੇ ਕੁੜੀਆਂ ਦੀ ਲੋਹੜੀ ਮਨਾਈ ਗਈ। ਜ਼ਿਲ੍ਹੇ ਵਿਚ ਪੰਘੂੜਾ ਸਕੀਮ ਦੀ ਸ਼ੁਰੂਆਤ ਕਰਨ ਵਾਲੇ ਸੀਨੀਅਰ ਆਈ. ਏ. ਐਸ ਸ. ਕਾਹਨ ਸਿੰਘ ਪੰਨੂੰ ਨੇ ਇਸ ਸਮਾਗਮ ਵਿਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਇਸ ਮੌਕੇ ਸ. ਪੰਨੂੰ ਅਤੇ ਡਾ. ਤਰੁਨਦੀਪ ਕੌਰ ਨੇ ਪੰਘੂੜੇ ਵਿੱਚ ਆਈ 100ਵੀਂ ਬੱਚੀ ਨੂੰ ਪ੍ਰਾਪਤ ਕੀਤਾ ਅਤੇ ‘ਲਾਪਾ’ ਸਕੀਮ ਅਧੀਨ ਸਵਾਮੀ ਗੰਗਾ ਨੰਦ ਭੂਰੀ ਵਾਲੇ ਫਾਊਂਡੇਸ਼ਨ ਧਾਮ, ਪਿੰਡ ਤਲਵੰਡੀ ਖੁਰਦ ਲੁਧਿਆਣਾ ਵਿਖੇ ਭੇਜਣ ਦੀ ਪ੍ਰਕਿਰਿਆ ਪੂਰੀ ਕੀਤੀ। ਇਸ ਨਿਵੇਕਲੀ ਸਕੀਮ ਅਧੀਨ ਹੁਣ ਤੱਕ ਕੁਲ ਬੱਚਿਆਂ ਦੀ ਗਿਣਤੀ 119 ਹੋ ਗਈ ਹੈ ਜਿਨ੍ਹਾਂ ਵਿਚ 19 ਲੜਕੇ ਅਤੇ 100 ਲੜਕੀਆਂ ਸ਼ਾਮਿਲ ਹਨ। ਇਨ੍ਹਾ ਵਿਚੋਂ 84 ਦੀ ਵਧੀਆ ਘਰਾਂ ਵਿਚ ਅਡਾਪਸ਼ਨ ਕਰਵਾ ਦਿੱਤੀ ਗਈ ਹੈ ਜਦਕਿ 35 ਲਈ ਅਡਾਪਸ਼ਨ ਦੀ ਪ੍ਰਕਿਰਿਆ ਚੱਲ ਰਹੀ ਹੈ।
ਇਸ ਤੋਂ ਪਹਿਲਾਂ ਰੈਡ ਕਰਾਸ ਵਿਖੇ ਵਾਹਿਗੁਰੂ ਦੇ ਸ਼ੁਕਰਾਨੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਭੋਗ ਉਪਰੰਤ ਸਮਾਗਮ ਦੀ ਸ਼ੁਰੂਆਤ ਹੋਈ। ਪਵਨ ਪਬਲਿਕ ਸਕੂਲ, ਛੇਹਰਟਾ ਦੀਆਂ ਵਿਦਿਆਰਥਣਾਂ ਨੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਵਿਸ਼ੇ ‘ਤੇ ਸ਼ਾਨਦਾਰ ਸਕਿੱਟ ਪੇਸ਼ ਕੀਤੀ। ਇਸ ਤੋਂ ਇਲਾਵਾ ਜੀ ਜੀ ਐਸ ਐਸ ਸਕੂਲ, ਸ਼ਿਵਾਲਾ ਰੋਡ, ਅੰਮ੍ਰਿਤਸਰ ਦੀਆਂ ਵਿਦਿਆਰਥਣਾਂ ਨੇ ਧੀਆਂ ਬਾਰੇ ਗੀਤ ਪੇਸ਼ ਕੀਤਾ। ਇਸ ਮੌਕੇ ਧੀਆਂ ਦੀ ਲੋਹੜੀ ਮਨਾਈ ਗਈ ਜਿਸ ਦੌਰਾਨ ਗਿੱਧੇ ਦੀਆਂ ਵੀ ਧਮਾਲਾਂ ਪਈਆਂ। ਇਸ ਮੌਕੇ 31 ਨਵਜੰਮੀਆਂ ਬੱਚੀਆਂ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਕਾਹਨ ਸਿੰਘ ਪੰਨੂੰ ਨੇ ਕਿਹਾ ਕਿ ਰੈਡ ਕਰਾਸ ਵਿਖੇ ਸਥਾਪਿਤ ਕੀਤਾ ਗਿਆ ਇਹ ਪੰਘੂੜਾ ਸਮਾਜ ਦੀ ਸੋਚ ਨੂੰ ਬਦਲਣ ਦਾ ਇਕ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮਾਪੇ ਆਪਣੇ ਬੱਚੇ ਨੂੰ ਛੱਡ ਜਾਣ ਤਾਂ ਇਹ ਜ਼ਿੰਮੇਵਾਰੀ ਸਮਾਜ ਨੂੰ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਸਮਾਜਿਕ ਵਰਤਾਰਾ ਚਿੰਤਾ ਤੇ ਚਿੰਤਨ ਦਾ ਵਿਸ਼ਾ ਹੈ। ਉਨ੍ਹਾਂ ਇਸ ਗੱਲ ‘ਤੇ ਸੰਤੁਸ਼ਟੀ ਪ੍ਰਗਟਾਈ ਕਿ ਉਨ੍ਹਾਂ ਵੱਲੋਂ ਸ਼ੁਰੂ ਕੀਤੀ ਗਈ ਇਹ ਸਕੀਮ ਅੱਜ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਅਤੇ ਡਾ ਤਰੁਨਦੀਪ ਕੌਰ ਦੀ ਅਗਵਾਈ ਵਿਚ ਬਹੁਤ ਵਧੀਆ ਚੱਲ ਰਹੀ ਹੈ। ਉਨ੍ਹਾ ਕਿਹਾ ਕਿ ਹਰੇਕ ਥਾਂ ‘ਤੇ ਅਜਿਹਾ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ।
ਇਸ ਮੌਕੇ ਚੇਅਰਪਰਸਨ ਡਾ. ਤਰੁਨਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਪਿਤ ਕੀਤਾ ਗਿਆ ਇਹ ਪੰਘੂੜਾ ਉਨ੍ਹਾਂ ਬੱਚਿਆਂ ਲਈ ਜੀਵਨਦਾਨ ਬਣਿਆ ਹੋਇਆ ਹੈ, ਜਿਨ੍ਹਾਂ ਦੇ ਮਾਪੇ ਕਿਸੇ ਕਾਰਨ ਇਨ੍ਹਾਂ ਨੂੰ ਪਾਲਣ-ਪੋਸ਼ਣ ਤੋਂ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਲਾਵਾਰਿਸ ਅਤੇ ਪਾਲਣ-ਪੋਸ਼ਣ ਤੋਂ ਅਸਮਰੱਥ ਰਹਿਣ ਵਾਲੇ ਮਾਪੇ ਅਣਚਾਹੇ ਬੱਚੇ ਨੂੰ ਇਸ ਪੰਘੂੜੇ ਵਿਚ ਰੱਖ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੰਘੂੜੇ ਵਿਚ ਪ੍ਰਾਪਤ ਹੋਣ ਉਪਰੰਤ ਬੱਚੇ ਨੂੰ ਰੈਡ ਕਰਾਸ ਵੱਲੋਂ ਮੈਡੀਕਲ ਸਹਾਇਤਾ ਦਿਵਾ ਕੇ ਤੰਦਰੁਸਤ ਹਾਲਤ ਵਿਚ ਉਸ ਦੀ ਸੁਰੱਖਿਆ, ਪਾਲਣ-ਪੋਸ਼ਣ ਅਤੇ ਚੰਗੇ ਭੱਵਿਖ ਲਈ ਸਰਕਾਰ ਵੱਲੋਂ ਘੋਸ਼ਿਤ ਕੀਤੀਆਂ ਸੰਸਥਾਵਾਂ (ਲੀਗਲ ਅਡਾਪਸ਼ਨ ਐਂਡ ਪਲੇਸਮੈਂਟ ਏਜੰਸੀੇ) ਵਿਚ ਪ੍ਰਵਰਿਸ਼ ਲਈ ਤਬਦੀਲ ਕਰਕੇ ਸਰਕਾਰ ਵੱਲੋਂ ਨਿਰਧਾਰਿਤ ਪ੍ਰਕਿਰਿਆ ਪੂਰੀ ਕਰਨ ਉਪਰੰਤ ਲੋੜਵੰਦ ਪਰਿਵਾਰਾਂ ਨੂੰ ਅਡਾਪਸ਼ਨ ਕਰਵਾ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਧੀਆਂ ਅਤੇ ਪੁੱਤਰਾਂ ਵਿਚ ਫਰਕ ਨਹੀਂ ਕਰਨਾ ਚਾਹੀਦਾ ਅਤੇ ਧੀਆਂ ਨੂੰ ਵੀ ਪੁੱਤਰਾਂ ਵਾਂਗ ਪਿਆਰ ਦੇਣ ਅਤੇ ਪਾਲਣ-ਪੋਸ਼ਣ ਦੀ ਲੋੜ ਹੈ। ਉਨ੍ਹਾਂ ਅਜਿਹਾ ਸਮਾਜ ਸਿਰਜਣ ਦਾ ਸੱਦਾ ਦਿੱਤਾ ਜਿਥੇ ਬੇਟੀਆਂ ਖੁੱਲ੍ਹ ਕੇ ਵਿਚਰ ਸਕਣ।
ਇਸ ਮੌਕੇ ਸੀ. ਜੇ. ਐਮ ਮੈਡਮ ਗਿਰੀਸ਼ ਬਾਂਸਲ, ਸਹਾਇਕ ਕਮਿਸ਼ਨਰ ਮੈਡਮ ਅਮਨਦੀਪ ਕੌਰ, ਸਕੱਤਰ ਰੈੱਡ ਕਰਾਸ ਸੁਸਾਇਟੀ ਮੈਡਮ ਵਿਨੇ ਸ਼ਰਮਾ, ਪੈਟਰਨ ਮੈਡਮ ਰਿਸ਼ੀ ਰਾਗਿਨੀ, ਸ. ਉੱਤਮ ਸਿੰਘ, ਸ੍ਰੀਮਤੀ ਗੁਰਮੀਤ ਕੌਰ, ਸ੍ਰੀ ਸੰਜੇ ਮਹੇਸ਼ਵਰੀ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਗੁਰਿੰਦਰਜੀਤ ਕੌਰ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਬੀ. ਐਸ ਬੁੱਟਰ, ਕਰਨਲ ਸ਼ੌਕਰ, ਮੈਡਮ ਤਲਵਾੜ, ਕੇ. ਐਸ ਮਾਨ, ਮਨਜੀਤ ਕੌਰ, ਵਧੀਕ ਸਕੱਤਰ ਠਾਕੁਰ ਰਣਧੀਰ ਸਿੰਘ, ਸੁਪਰਡੈਂਟ ਸ੍ਰੀ ਦਵਿੰਦਰ ਸ਼ਰਮਾ, ਸੀ. ਡੀ. ਪੀ. ਓ ਹਰਦੀਪ ਕੌਰ, ਸੁਮਨ ਬਾਲਾ, ਮੀਨਾ ਦੇਵੀ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply