Monday, July 8, 2024

ਵਿਕਾਸ ਤੇ ਲੋਕ ਪੱਖੀ ਨੀਤੀਆਂ ਸਦਕਾ ਗੱਠਜੋੜ ਦੀ ਤੀਜੀ ਵਾਰ ਬਣੇਗੀ ਸਰਕਾਰ – ਮਜੀਠੀਆ

PPN3004201618ਮਜੀਠਾ, 30 ਅਪ੍ਰੈਲ (ਪੰਜਾਬ ਪੋਸਟ ਬਿਊਰੋ)-ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਵਿੱਤੀ ਹਾਲਤ ਬਾਰੇ ਝੂਠੇ ਅਤੇ ਤਰਕਹੀਣ ਬਿਆਨਬਾਜ਼ੀ ਕਰਨ ਲਈ ਸਿਆਸੀ ਵਿਰੋਧੀਆਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਪਿਛਲੇ 9 ਸਾਲਾਂ ਵਿੱਚ ਕੀਤੇ ਗਏ ਵਿਕਾਸ ਅਤੇ ਸਮਾਜ ਦੇ ਲੋੜਵੰਦ ਲੋਕਾਂ ਲਈ ਕਲਿਆਣਕਾਰੀ ਸਕੀਮਾਂ ਰਾਹੀਂ ਲੋਕ ਪੱਖੀ ਨੀਤੀਆਂ ਲਾਗੂ ਕਰਨ ਸਦਕਾ ਅਕਾਲੀ-ਭਾਜਪਾ ਗੱਠਜੋੜ ਤੀਜੀ ਵਾਰ ਸਰਕਾਰ ਬਣਾਏਗੀ।
ਸ: ਮਜੀਠੀਆ ਅੱਜ ਮਜੀਠਾ ਵਿਖੇ ਕੱਥੂਨੰਗਲ ਅਤੇ ਮਜੀਠਾ ਸਰਕਲ ਦੇ ਕਿਸਾਨਾਂ ਨੂੰ ਟਿਊਬਵੈੱਲਾਂ ਦੇ ਸੈਂਕੜੇ ਨਵੇਂ ਕੁਨੈਕਸ਼ਨ ਜਾਰੀ ਕਰਨ ਲਈ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਪੱਖੀ ਸਰਕਾਰਾਂ ਦਾ ਕੰਮ ਮੁਨਾਫ਼ਾ ਕਮਾਉਣਾ ਨਹੀਂ ਹੁੰਦਾ ਸਗੋਂ ਰਾਜ ਦਾ ਵਿਕਾਸ ਅਤੇ ਲੋੜਵੰਦ ਲੋਕਾਂ ਦੀ ਭਲਾਈ ਲਈ ਯੋਜਨਾਵਾਂ ਨੂੰ ਅਮਲੀ ਰੂਪ ਦੇਣਾ ਹੁੰਦਾ ਹੈ, ਜਿਸ ‘ਤੇ ਅਮਲ ਕਰਦਿਆਂ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰੀ ਖ਼ਜ਼ਾਨੇ ਦੇ ਮੂੰਹ ਵਿਕਾਸ ਅਤੇ ਲੋੜਵੰਦਾਂ ਦੀ ਭਲਾਈ ਲਈ ਹਰ ਸਮੇਂ ਖੁੱਲ੍ਹੇ ਰੱਖੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਪਿੰਡਾਂ ਤੇ ਸ਼ਹਿਰਾਂ ਨੂੰ ਵਿਕਾਸ ਕੰਮਾਂ ਲਈ ਜਾਰੀ ਕੀਤੀਆਂ ਗਈਆਂ ਗਰਾਂਟਾਂ ਅਤੇ ਸਮਾਜ ਦੇ ਲੋੜਵੰਦ ਲੋਕਾਂ ਲਈ ਸ਼ੁਰੂ ਕੀਤੀਆਂ ਗਈਆਂ ਕਲਿਆਣਕਾਰੀ ਸਕੀਮਾਂ ਗਵਾਹ ਹਨ, ਕਿ ਅਸੀਂ ਕਾਂਗਰਸ ਸਰਕਾਰਾਂ ਨਾਲੋਂ ਕਈ ਗੁਣਾ ਵੱਧ ਖਰਚਾ ਰਾਜ ਦਾ ਮੁਹੰਦਰਾ ਸੰਵਾਰਨ ਅਤੇ ਲੋਕਾਂ ਦੇ ਭਲੇ ‘ਤੇ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਵਾਧੂ ਬਿਜਲੀ ਪੈਦਾ ਕਰਨ ਦਾ ਵਾਅਦਾ ਕੀਤਾ ਸੀ, ਤਾਂ ਉਹ ਪੂਰਾ ਕਰਕੇ ਵਿਖਾ ਦਿੱਤਾ। ਸਾਨੂੰ ਤਸੱਲੀ ਹੈ ਕਿ ਅੱਜ ਰਾਜ ਵਿੱਚ ਚਾਰ ਮਾਰਗੀ ਸੜਕਾਂ ਦਾ ਜਾਲ ਵਿਛ ਗਿਆ ਹੈ, ਲਿੰਕ ਸੜਕਾਂ ਦੀ ਨੁਹਾਰ ਬਦਲ ਗਈ ਹੈ ਅਤੇ ਸਮਾਜ ਦੇ ਹਰ ਖੇਤਰ ਦੇ ਲੋੜਵੰਦ ਲੋਕਾਂ ਵਿਦਿਆਰਥੀਆਂ, ਕਿਸਾਨਾਂ, ਮਜ਼ਦੂਰਾਂ, ਬਜ਼ੁਰਗਾਂ, ਲੜਕੀਆਂ, ਵਪਾਰੀਆਂ ਆਦਿ ਸਾਰਿਆਂ ਲਈ ਉਨ੍ਹਾਂ ਦੀ ਲੋੜ ਅਨੁਸਾਰ ਕਲਿਆਣਕਾਰੀ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ।
ਸ. ਮਜੀਠੀਆ ਨੇ ਕਿਹਾ ਕਿ ਕਿਸਾਨਾਂ ਦੀ ਨਵੇਂ ਕੁਨੈਕਸ਼ਨਾਂ ਦੀ ਚਿਰਾਂ ਤੋਂ ਕੀਤੀ ਜਾ ਰਹੀ ਮੰਗ ਪੂਰੀ ਕਰਨ ਲਈ ਪੰਜਾਬ ਸਰਕਾਰ ਲੰਮੇ ਸਮੇਂ ਤੋਂ ਯਤਨਸ਼ੀਲ ਸੀ, ਪਰ ਗਰੀਨ ਟ੍ਰਿਬਿਊਨਲ ਵਿੱਚ ਚੱਲਦੇ ਕੇਸ ਦਾ ਫੈਸਲਾ ਨਾ ਹੋਣ ਕਾਰਨ ਇਹ ਸੰਭਵ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਹੁਣ ਟ੍ਰਿਬਿਊਨਲ ਦੀ ਹਰੀ ਝੰਡੀ ਮਗਰੋਂ ਪੰਜਾਬ ਦੇ ਕਿਸਾਨਾਂ ਨੂੰ ਕਰੀਬ ਢਾਈ ਲੱਖ ਨਵੇਂ ਟਿਊਬਵੈੱਲ ਕੁਨੈਕਸ਼ਨ ਜਾਰੀ ਕਰਨ ਵਿੱਚ ਸਰਕਾਰ ਨੇ ਇੱਕ ਮਿੰਟ ਦੀ ਵੀ ਦੇਰੀ ਨਹੀਂ ਕੀਤੀ।ਸ. ਮਜੀਠੀਆ ਨੇ ਲੋਕਾਂ ਨੂੰ ਸਮੇਂ ਸਿਰ ਬਿਜਲੀ ਵਿਭਾਗ ਦੀਆਂ ਲੋੜਾਂ ਪੂਰੀਆਂ ਕਰਕੇ ਉਕਤ ਨਵੇਂ ਜਾਰੀ ਕੁਨੈਕਸ਼ਨ ਚਾਲੂ ਕਰਵਾ ਲੈਣ ਦੀ ਵੀ ਅਪੀਲ ਕੀਤੀ ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਸੰਨ 2007 ਤੋਂ ਕਿਸਾਨਾਂ ਦੀਆਂ ਮੋਟਰਾਂ ਦੇ ਬਿਜਲੀ ਬਿਲ ਸਰਕਾਰੀ ਖ਼ਜ਼ਾਨੇ ਵਿੱਚੋਂ ਭਰ ਰਹੀ ਹੈ, ਜਿਸ ‘ਤੇ 33 ਹਜ਼ਾਰ ਕਰੋੜ ਤੋਂ ਵੱਧ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਛੋਟੇ ਵਪਾਰੀਆਂ ਲਈ ਭਗਤ ਪੂਰਨ ਸਿੰਘ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਸਾਲਾਨਾ 50 ਹਜ਼ਾਰ ਰੁਪਏ ਤੱਕ ਦਾ ਮੁਫ਼ਤ ਇਲਾਜ ਕਿਸੇ ਵੀ ਨਿਰਧਾਰਿਤ ਹਸਪਤਾਲ ਕਰਵਾ ਸਕਦੇ ਹਨ ਅਤੇ ਕਿਸੇ ਹਾਦਸੇ ਦੀ ਸੂਰਤ ਵਿੱਚ ਪਰਿਵਾਰ ਨੂੰ 5 ਲੱਖ ਰੁਪਏ ਦੀ ਬੀਮਾ ਰਾਸ਼ੀ ਸਹਾਇਤਾ ਵਜੋਂ ਦਿੱਤੀ ਜਾ ਰਹੀ ਹੈ। ਸ. ਮਜੀਠੀਆ ਨੇ ਦੱਸਿਆ ਕਿ ਹੁਣ ਸਰਕਾਰ ਵੱਲੋਂ ਬੱਚਿਆਂ ਦੀ ਪੜਾਈ ਲਈ 5 ਲੱਖ ਅਤੇ ਫਸਲ ਦੀ ਬਿਜਾਈ ਲਈ ਇੱਕ ਲੱਖ ਰੁਪੈ ਵਿਆਜ ਮੁਕਤ ਫਸਲੀ ਕਰਜ਼ਾ ਦੇਣ ਦੀ ਸਕੀਮ ਸ਼ੁਰੂ ਕਰ ਦਿੱਤੀ ਗਈ ਹੈ।
ਸ. ਮਜੀਠੀਆ ਨੇ ਦੱਸਿਆ ਕਿ ਖੂਨ ਦੇ ਰਿਸ਼ਤਿਆਂ ਵਿੱਚ ਅਚੱਲ ਜਾਇਦਾਦ ਪਹਿਲੀ ਵਾਰ ਬਿਨਾਂ ਰਜਿਸਟਰੀ ਖਰਚੇ ਜਾਂ ਹੋਰ ਫੀਸਾਂ ਦੀ ਛੋਟ ਨਾਲ ਕਾਨੂੰਨੀ ਤਬਾਦਲਾ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਭਰ ਵਿੱਚ ਪਹਿਲੇ ਤਿੰਨ ਮਹੀਨਿਆਂ ਦੌਰਾਨ ਕਰੀਬ 200 ਕਰੋੜ ਰੁਪਏ ਦਾ ਲਾਭ ਲੋਕ ਇਸ ਸਕੀਮ ਰਾਹੀਂ ਲੈ ਚੁੱਕੇ ਹਨ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਦਾ ਲਾਭ ਲੈਂਦੇ ਹੋਏ ਆਪਣੀ ਜ਼ਮੀਨ-ਜਾਇਦਾਦ ਦੇ ਕਾਨੂੰਨੀ ਵਾਰਸ ਬਣਨ, ਤਾਂ ਕਿ ਭਵਿੱਖ ਵਿੱਚ ਕੋਈ ਝਗੜਾ ਇਸ ਬਾਬਤ ਨਾ ਰਹੇ।
ਇਸ ਮੌਕੇ ਸ. ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਬਾਡਰ ਜ਼ੋਨ ਦੇ ਚੀਫ਼ ਇੰਜੀਨੀਅਰ ਜਗਜੀਤ ਸਿੰਘ ਸੁੱਚੂ,ਪ੍ਰਦੀਪ ਸੈਣੀ, ਮਨਿੰਦਰਪਾਲ ਸਿੰਘ ਐਸ ਈ, ਬੱਬੀ ਭੰਗਵਾਂ,ਮੀਡੀਆ ਸਲਾਹਕਾਰ ਪ੍ਰੋ. ਸਰਚਾਂਦ ਸਿੰਘ, ਗਗਨਦੀਪ ਸਿੰਘ ਭਕਨਾ, ਐਡਵੋਕੇਟ ਰਾਜੇਸ਼ ਪਰਾਸ਼ਰ,ਐਮ ਡੀ ਸਹਿਕਾਰੀ ਬੈਂਕ ਸੁਖਵਿੰਦਰ ਸਿੰਘ ਗਿੱਲ, ਕੁਲਵਿੰਦਰ ਸਿੰਘ ਧਾਰੀਵਾਲ, ਕੈਪਟਨ ਰੰਧਾਵਾ, ਬਾਬਾ ਚਰਨ ਸਿੰਘ, ਐਡਵਿਨ ਪਾਲ, ਗੌਰਵ ਬੱਬਾ,ਰੇਸ਼ਮ ਸਿੰਘ ਭੁੱਲਰ, ਤਰੁਨ ਅਬਰੋਲ,ਮੁਕੇਸ਼ ਨੰਦਾ, ਗੁਰਜਿੰਦਰ ਟਪਈਆਂ ਸਮੇਤ ਹੋਰ ਸ਼ਖਸੀਅਤਾਂ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply