Monday, July 8, 2024

ਵਿਦੇਸ਼ਾਂ ‘ਚ ਸਿੱਖਾਂ ‘ਤੇ ਹੋ ਰਹੇ ਨਸਲੀ ਹਮਲਿਆਂ ਦੇ ਹੱਲ ਲਈ ਤਿੰਨ ਮੈਂਬਰੀ ਕਮੇਟੀ ਤਿਆਰ ਕਰੇਗੀ ਖਰੜਾ – ਜਥੇ. ਅਵਤਾਰ ਸਿੰਘ

PPN1105201617ਅੰਮ੍ਰਿਤਸਰ, 11 ਮਈ (ਗੁਰਪ੍ਰੀਤ ਸਿੰਘ)- ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਅਤੇ ਗੁਰੂ-ਘਰਾਂ ਤੇ ਹੋ ਰਹੇ ਨਸਲੀ ਹਮਲਿਆਂ ਦੇ ਹੱਲ ਲਈ ਬਣਾਈ ਗਈ ਸਬ ਕਮੇਟੀ ਦੀ ਵਿਸ਼ੇਸ਼ ਇੱਕਤਰਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਹੋਈ।ਇਸ ਇਕੱਤਰਤਾ ਵਿੱਚ ਸz: ਰਾਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਕਮੇਟੀ ਮੈਂਬਰ, ਬਾਬਾ ਬਲਬੀਰ ਸਿੰਘ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਪ੍ਰੋ: ਪ੍ਰਿਥੀਪਾਲ ਸਿੰਘ ਕਪੂਰ ਸਾਬਕਾ ਪ੍ਰੋਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ: ਬਲਕਾਰ ਸਿੰਘ ਸਾਬਕਾ ਪ੍ਰੋ: ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ: ਬਲਵੰਤ ਸਿੰਘ ਢਿਲੋਂ ਸਾਬਕਾ ਪ੍ਰੋ: ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ: ਇੰਦਰਜੀਤ ਸਿੰਘ ਗੋਗੋਆਣੀ ਮੁਖੀ ਸਿੱਖ ਇਤਿਹਾਸ ਵਿਭਾਗ ਖਾਲਸਾ ਕਾਲਜ, ਅੰਮ੍ਰਿਤਸਰ, ਡਾ: ਹਰਚੰਦ ਸਿੰਘ ਬੇਦੀ ਸਾਬਕਾ ਪ੍ਰੋ: ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ: ਜਸਬੀਰ ਸਿੰਘ ਸਾਬਰ ਸਾਬਕਾ ਪ੍ਰੋ: ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ: ਸਰਬਜਿੰਦਰ ਸਿੰਘ ਤੇ ਡਾ: ਪਰਮਵੀਰ ਸਿੰਘ ਪ੍ਰੋ: ਪੰਜਾਬੀ ਯੂਨੀਵਰਸਿਟੀ ਪਟਿਆਲਾ, ਬਾਬਾ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਵੱਲੋਂ ਬਾਬਾ ਬੋਹੜ ਸਿੰਘ, ਸੰਤ ਤੇਜਾ ਸਿੰਘ ਨਿਰਮਲੇ ਖੁੱਡਾ ਕੁਰਾਲਾ, ਸz: ਜਸਵਿੰਦਰ ਸਿੰਘ ਐਡਵੋਕੇਟ ਮੁਖੀ ਅਕਾਲ ਪੁਰਖ ਦੀ ਫੌਜ, ਸ. ਪ੍ਰਤਾਪ ਸਿੰਘ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ, ਬੀਬੀ ਪ੍ਰਭਜੋਤ ਕੌਰ ਐਡਵਾਂਸ ਸਿੱਖ ਸਟੱਡੀਜ਼ ਚੰਡੀਗੜ੍ਹ, ਡਾ: ਗੁਰਬਚਨ ਸਿੰਘ ਬਚਨ ਪ੍ਰੋ. ਮੁੰਬਈ ਯੂਨੀਵਰਸਿਟੀ ਤੇ ਸ. ਦਿਲਜੀਤ ਸਿੰਘ ਬੇਦੀ ਕੋਆਰਡੀਨੇਟਰ ਸ਼ਾਮਿਲ ਹੋਏ।
ਇਕੱਤਰਤਾ ਵਿੱਚ ਵਿਦੇਸ਼ੀ ਸਿੱਖਾਂ ਤੇ ਹੋ ਰਹੇ ਨਸਲੀ ਹਮਲਿਆਂ ਤੇ ਹੋਈ ਵਿਚਾਰ ਚਰਚਾ ਦੌਰਾਨ ਇਸ ਨੂੰ ਨਵੀਨ ਕਾਲ ਦੀ ਅਜਿਹੀ ਸਥਿਤੀ ਦੱਸਿਆ ਗਿਆ ਜਿਸ ਦਾ ਹੱਲ ਗੁਰਬਾਣੀ ਦੀ ਰੌਸ਼ਨੀ ਵਿੱਚ ਅਤੇ ਸਬੰਧਤ ਦੇਸ਼ਾਂ ਦੇ ਸੱਭਿਆਚਾਰ ਮੁਤਾਬਿਕ ਕੱਢਣ ਲਈ ਸੁਝਾਅ ਸਾਹਮਣੇ ਆਏ।ਇਹ ਮਹਿਸੂਸ ਕੀਤਾ ਗਿਆ ਕਿ ਇਸ ਮਸਲੇ ਨੂੰ ਪਹਿਲਾਂ ਸਮਝਣ ਅਤੇ ਫਿਰ ਉਸ ਨਾਲ ਨਿਪਟਣ ਦਾ ਪੰਥਕ ਵਤੀਰਾ ਤਿਆਰ ਕੀਤਾ ਜਾਵੇ।ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਤੇ ਪ੍ਰੋ. ਬਲਕਾਰ ਸਿੰਘ ਨੇ ਇਹ ਨੁਕਤਾ ਸਾਂਝਾ ਕੀਤਾ ਕਿ ਸਿੱਖ ਧਰਮ ਦੀ ਵਿੱਲਖਣਤਾ ਦਿਨੋਂ-ਦਿਨ ਚੁਣੌਤੀਆਂ ਦੇ ਰੂਬਰੂ ਹੈ ਅਤੇ ਸਿੱਖੀ ਦੀ ਪਹਿਚਾਣ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਇਹ ਨੁਕਤਾ ਵੀ ਸਾਹਮਣੇ ਆਇਆ ਕਿ ਸਿੱਖਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਕਾਰਨ ਸਿੱਖਾਂ ਦੀ ਚੜ੍ਹਦੀ ਕਲਾ, ਕਿਰਤ ਸੱਭਿਆਚਾਰ ਅਤੇ ਮਨੁੱਖਤਾ ਨੂੰ ਕਲਾਵੇ ਵਿੱਚ ਲੈ ਕੇ ਚੱਲਣ ਦੀ ਵਿਲੱਖਣਤਾ ਹੈ।ਸਿੱਖੀ ਨੂੰ ਰੀਸ ਕਰਨਯੋਗ ਸਮਝੇ ਜਾਣ ਦੀ ਥਾਂ ਸਿੱਖੀ ਨਾਲ ਸਾੜਾ, ਨਫਰਤ, ਈਰਖਾ ਅਤੇ ਹੋਰ ਵਧੀਕੀਆਂ ਕੀਤੀਆਂ ਜਾ ਰਹੀਆਂ ਹਨ।ਇਸ ਲਈ ਮਸਲੇ ਦੇ ਹੱਲ ਲਈ ਰਲ-ਮਿਲ ਕੇ ਸੰਯੁਕਤ ਰੂਪ ਵਿੱਚ ਹੰਭਲਾ ਮਾਰਨ ਦੀ ਵੱਡੀ ਲੋੜ ਹੈ।
ਡਾ. ਬਲਵੰਤ ਸਿੰਘ ਢਿਲੋਂ ਨੇ ਸੁਝਾਅ ਦਿੱਤਾ ਕਿ ਸਿੱਖਾਂ ਨੂੰ ਨਸਲੀ ਹਮਲਿਆਂ ਤੋਂ ਬਚਾਉਣ ਲਈ ਵੱਖ-ਵੱਖ ਭਾਸ਼ਾਵਾਂ ਵਿੱਚ ਸਿੱਖ ਪਹਿਚਾਣ ਅਤੇ ਸਿੱਖ ਸਿਧਾਂਤਾਂ ਨੂੰ ਪੇਸ਼ ਕਰਦੇ ਸਾਹਿਤ ਦਾ ਵੱਡੀ ਗਿਣਤੀ ਵਿੱਚ ਵਿਤਰਨ ਜ਼ਰੂਰੀ ਹੈ ਅਤੇ ਇਸ ਨੂੰ ਅੰਤਰਰਸ਼ਟਰੀ ਪੱਧਰ ਤੇ ਵੰਡਣ ਲਈ ਵੀ ਵਿਉਂਤਬੰਦੀ ਕੀਤੀ ਜਾਣੀ ਅਤਿ ਜ਼ਰੂਰੀ ਭਾਸਦੀ ਹੈ।ਇਸ ਤੋਂ ਇਲਾਵਾ ਇੰਟਰਨੈਟ ਦੇ ਮਾਧਿਅਮ ਦੁਆਰਾ ਵੀ ਵੱਖ-ਵੱਖ ਭਾਸ਼ਾਵਾਂ ਵਿੱਚ ਸਿੱਖਾਂ ਦੀ ਪਹਿਚਾਣ ਨੂੰ ਰੂਪਮਾਨ ਕਰਦੀਆਂ ਵੀਡੀਓਜ਼ ਦੁਨੀਆਂ ਭਰ ਵਿੱਚ ਭੇਜੀਆਂ ਜਾਣੀਆਂ ਚਾਹੀਦੀਆਂ ਹਨ।ਡਾ. ਹਰਚੰਦ ਸਿੰਘ ਬੇਦੀ ਅਤੇ ਸੰਤ ਤੇਜਾ ਸਿੰਘ ਵੱਲੋਂ ਇਹ ਨੁਕਤਾ ਵੀ ਸਾਹਮਣੇ ਲਿਆਂਦਾ ਗਿਆ ਕਿ ਸਿੱਖ ਨੌਜਵਾਨੀ ਨੂੰ ਆਪਣਾ ਸਾਬਤ ਸੂਰਤ ਸਿੱਖੀ ਸਰੂਪ ਸਾਂਭਣ ਲਈ ਪ੍ਰੇਰਿਤ ਕਰਨ ਦੀ ਵੱਡੀ ਲੋੜ ਹੈ।ਧਰਮ ਪ੍ਰਚਾਰ ਲਈ ਆਧੁਨਿਕ ਢੰਗ ਤਰੀਕਿਆਂ ਦੀ ਵਰਤੋਂ ਕਰਨ ਦੀ ਵੀ ਜ਼ਰੂਰਤ ਮਹਿਸੂਸ ਕੀਤੀ ਗਈ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੇ ਸੁਭਾਅ ਅਨੁਕੂਲ ਵਿਧੀ ਦੁਆਰਾ ਸਿੱਖੀ ਦੇ ਸਿਧਾਂਤ, ਇਤਿਹਾਸ ਅਤੇ ਮਰਿਯਾਦਾ ਦੀ ਜਾਣਕਾਰੀ ਪ੍ਰਾਪਤ ਹੋ ਸਕੇ।ਇਕੱਤਰਤਾ ਵਿੱਚ ਬਹੁ ਗਿਣਤੀ ਵਿਦਵਾਨਾਂ ਵੱਲੋਂ ਇਹ ਨੁਕਤਾ ਵੀ ਉਠਾਇਆ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜਿਹੀ ਇੱਕਲੀ ਸੰਸਥਾ ਹੈ ਜੋ ਸਮੁੱਚੀ ਕੌਮ ਨੂੰ ਨਾਲ ਲੈ ਕੇ ਲੋੜੀਂਦੇ ਨਤੀਜਿਆ ਤੇ ਪਹੁੰਚ ਸਕਦੀ ਹੈ।
ਵਿਦਵਾਨਾਂ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਸੁਣਨ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਇਹ ਮਸਲਾ ਬਹੁਤ ਸੰਜੀਦਾ ਹੈ ਅਤੇ ਇਸ ਦਾ ਹੱਲ ਵੀ ਸੁਹਿਰਦਤਾ ਨਾਲ ਹੀ ਕੱਢਿਆ ਜਾ ਸਕਦਾ ਹੈ।ਉਨ੍ਹਾਂ ਸਿੱਖ ਪਹਿਚਾਣ ਦੀ ਸਮੱਸਿਆ ਦੇ ਹੱਲ ਲਈ ਖਰੜਾ ਤਿਆਰ ਕਰਨ ਹਿਤ ਪ੍ਰੋ.ਪ੍ਰਿਥੀਪਾਲ ਸਿੰਘ ਕਪੂਰ, ਪ੍ਰੋ. ਬਲਕਾਰ ਸਿੰਘ ਅਤੇ ਡਾ. ਬਲਵੰਤ ਸਿੰਘ ਢਿਲੋਂ ਤੇ ਆਧਾਰਿਤ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰਦਿਆ ਕਿਹਾ ਕਿ ਇਹ ਕਮੇਟੀ ਸਿੱਖ ਪਹਿਚਾਣ, ਸਿੱਖ ਫਲਸਫੇ ਅਤੇ ਮਰਿਯਾਦਾ ਸਬੰਧੀ ਇਕ ਖਰੜਾ ਤਿਆਰ ਕਰੇਗੀ ਜਿਸ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਭਾਸ਼ਾਵਾਂ ਵਿੱਚ ਛਾਪਿਆ ਜਾਵੇਗਾ।ਉਨ੍ਹਾਂ ਕਿਹਾ ਕਿ ਦਿੱਲੀ ਸਥਿਤ ਵੱਖ-ਵੱਖ ਦੇਸ਼ਾਂ ਦੀਆਂ ਅੰਬੈਂਸੀਆਂ ਦੇ ਅੰਬਸੈਡਰਾਂ ਤੱਕ ਵਫ਼ਦ ਦੇ ਰੂਪ ਵਿੱਚ ਪਹੁੰਚ ਕੀਤੀ ਜਾਵੇਗੀ ਤਾਂ ਜੋ ਸਿੱਖ ਪਹਿਚਾਣ ਸਬੰਧੀ ਸਮੱਸਿਆਵਾਂ ਦਾ ਸਮਾਧਾਨ ਕੀਤਾ ਜਾ ਸਕੇ।ਜਥੇਦਾਰ ਅਵਤਾਰ ਸਿੰਘ ਨੇ ਯਕੀਨ ਦਵਾਉਂਦਿਆਂ ਕਿਹਾ ਕਿ ਵਿਦਵਾਨਾਂ ਦੇ ਸੁਝਾਵਾਂ ‘ਤੇ ਪੂਰਾ ਉਤਰਨ ਦਾ ਯਤਨ ਕੀਤਾ ਜਾਵੇਗਾ।ਜਥੇਦਾਰ ਅਵਤਾਰ ਸਿੰਘ ਨੇ ਆਧੁਨਿਕ ਤਰੀਕਿਆਂ ਨਾਲ ਧਰਮ ਪ੍ਰਚਾਰ ਕਰਨ ਦੀ ਲੋੜ ਅਤੇ ਨਿਪੁੰਨ ਪ੍ਰਚਾਰਕ ਤਿਆਰ ਕਰਨ ਦੇ ਸੁਝਾਅ ਦੀ ਰੌਸ਼ਨੀ ਵਿੱਚ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਹਾਦਰਗੜ੍ਹ ਵਿਖੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਖੋਲਿਆ ਗਿਆ ਹੈ ਜਿਥੇ ਵੱਖ-ਵੱਖ ਭਾਸ਼ਾਵਾਂ ਵਿੱਚ ਨਿਪੁੰਨ ਪ੍ਰਚਾਰਕ ਤਿਆਰ ਕਰਨ ਦੀ ਵਿਉਂਤਬੰਦੀ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਸਿਵਲ ਸੇਵਾਵਾਂ 2015 ਵਿਚੋਂ 30 ਸਿੱਖ ਵਿਦਿਆਰਥੀਆਂ ਦਾ ਮੈਰਿਟ ਲਿਸਟ ਵਿੱਚ ਆਉਣਾ ਸਿੱਖ ਧਰਮ ਦੀ ਬੌਧਿਕ ਪ੍ਰਾਪਤੀ ਦਾ ਹਾਸਲ ਹੈ।ਇਹ ਸਿੱਖਾਂ ਦੀ ਪਹਿਚਾਣ ਨੂੰ ਮਜ਼ਬੂਤੀ ਦਵਾਉਣ ਲਈ ਸਹਾਈ ਹੋਵੇਗਾ।ਉਨ੍ਹਾਂ ਕਿਹਾ ਕਿ ਸਿੱਖ ਬੱਚਿਆਂ ਨੂੰ ਅਜਿਹੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਸ਼੍ਰੋਮਣੀ ਕਮੇਟੀ ਵੱਲੋਂ ਕੋਚਿੰਗ ਦੇਣ ਦਾ ਉਪਰਾਲਾ ਵੀ ਕੀਤਾ ਗਿਆ ਹੈ।ਇਸ ਤਹਿਤ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਆਰਮੀ ਵਿੱਚ ਉਚ ਅਫਸਰ ਬਣਨ ਲਈ ਟ੍ਰੇਨਿੰਗ ਦੇਣ ਹਿਤ ਸੈਂਟਰ ਖੋਲ੍ਹਿਆ ਗਿਆ ਹੈ ਜਿਸ ਦਾ ਮਕਸਦ ਵੀ ਸਿੱਖ ਬੱਚਿਆਂ ਨੂੰ ਆਰਮੀ ਵਿਚ ਅਫਸਰ ਭਰਤੀ ਕਰਨਾ ਹੈ।ਇਸੇ ਤਰ੍ਹਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਆਈ ਐਸ, ਪੀ ਸੀ ਐਸ ਲਈ ਕੋਚਿੰਗ ਸੈਂਟਰ ਚਲਾਇਆ ਗਿਆ ਹੈ।
ਇਸ ਮੌਕੇ ਸ. ਨਿਰਮੈਲ ਸਿੰਘ ਜੌਲਾਂ ਤੇ ਸ. ਗੁਰਬਚਨ ਸਿੰਘ ਕਰਮੂੰਵਾਲ ਅੰਤ੍ਰਿੰਗ ਕਮੇਟੀ ਮੈਂਬਰ, ਭਾਈ ਰਾਮ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਸ. ਪ੍ਰਤਾਪ ਸਿੰਘ ਤੇ ਸ. ਬਿਜੈ ਸਿੰਘ ਵਧੀਕ ਸਕੱਤਰ, ਸ. ਪਰਮਜੀਤ ਸਿੰਘ ਮੁੰਡਾ ਪਿੰਡ ਨਿਜੀ ਸਹਾਇਕ, ਸ. ਸੁਲੱਖਣ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਹਰਜਿੰਦਰ ਸਿੰਘ ਸੁਪ੍ਰਿੰਟੈਂਡੈਂਟ ਤੇ ਸ. ਮਲਕੀਤ ਸਿੰਘ ਸ/ਸੁਪ੍ਰਿੰਟੈਂਡੈਂਟ ਆਦਿ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply